ਵਾਅਦਾਖ਼ਿਲਾਫ਼ੀ: ਮਜ਼ਦੂਰ ਦਿਵਸ ਮੌਕੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਮਾਰੀਆਂ ਧਾਹਾਂ

ਕਿਹਾ, ਸਾਡੀ ਹਾਲਤ ਬੰਧੂਆਂ ਮਜ਼ਦੂਰਾਂ ਤੋਂ ਵੀ ਬਦਤਰ, ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ

ਜੇਕਰ ਪੰਜਾਬ ਸਰਕਾਰ ਨੇੇ ਜਲਦੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਵਿੱਢਾਂਗੇ: ਸਿੱਖਿਆ ਪ੍ਰੋਵਾਈਡਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ:
ਅੱਜ ਜਿੱਥੇ ਪੂਰੇ ਵਿਸ਼ਵ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਪੰਜਾਬ ਦੇ ਕਰੀਬ 13000 ਕੱਚੇ ਅਧਿਆਪਕ ਬੰਧੂਆਂ ਮਜ਼ਦੂਰਾਂ ਨਾਲੋਂ ਵੀ ਬਦਤਰ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਮਰਵਾਹਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਪੱਡਾ ਨੇ ਕਿਹਾ ਪੰਜਾਬ ਦੀ ਆਪ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਕੈਬਨਿਟ ਮੀਟਿੰਗ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਬੜੀ ਹੈਰਾਨੀ ਦੀ ਗੱਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਤਾਂ ਕੀ ਕਰਨਾ ਸੀ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਲਈ ਵੀ ਸਮਾਂ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਅੰਦਰ ਬੈਠੇ ਕਲਾਕਾਰ ਨੇ ਸਿਰਫ਼ ਕੱਚੇ ਮੁਲਾਜ਼ਮਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਵੱਲੋਂ ਪਹਿਲੀ ਵਾਰ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਸੰਗਰੂਰ ਵਿੱਚ ਸਵਾਗਤੀ ਮਾਰਚ ਕੀਤਾ ਸੀ, ਕਿਉਂਕਿ ਉਨ੍ਹਾਂ ਨੇ ਸਾਡੀਆਂ ਨਿਗੂਣੀਆਂ ਤਨਖ਼ਾਹਾਂ ਦਿੱਲੀ ਦੇ ਪੈਟਰਨ ’ਤੇ 6000 ਤੋਂ ਵਧਾ ਕੇ 36000 ਰੁਪਏ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਨਵੀਂ ਸਰਕਾਰ ਨੇ ਇਸ ਦਿਸ਼ਾ ਵਿੱਚ ਡੱਕਾ ਵੀ ਨਹੀਂ ਤੋੜਿਆ। ਸਿੱਖਿਆ ਪ੍ਰੋਵਾਈਡਰਾਂ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਦੌਰਾਨ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਉਹ ਲੜੀਵਾਰ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।
ਉਹਨਾਂ ਅੱਗੇ ਕਿਹਾ ਕਿ ਮਾਨ ਸਰਕਾਰ ਵੀ ਬਾਕੀ ਸਰਕਾਰਾਂ ਵਾਂਗ ਲਾਰੇ ਲਾਉਣ ਦੀ ਨੀਤੀ ‘ਤੇ ਹੀ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ। ਉਹਨਾਂ ਕਿਹਾ ਕਿ ਸਾਡੇ ਸਾਥੀ ਸਵੇਰੇ ਸਕੂਲ ਜਾਂਦੇ ਹਨ ਅਤੇ ਸ਼ਾਮ ਨੂੰ ਲੱਕੜਾਂ ਇਕੱਠੀਆਂ ਕਰਕੇ ਅਤੇ ਘਰਾਂ ਵਿਚ ਹੋਰ ਮਜ਼ਦੂਰੀ ਕਰਕੇ ਆਪਣੀ ਜ਼ਿੰਦਗੀ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨ। ਜ਼ਿੰਦਗੀ ਤੋਂ ਤੰਗ ਆ ਕੇ ਸਾਡੇ 8-9 ਅਧਿਆਪਕ ਆਤਮ ਹੱਤਿਆ ਕਰ ਚੁੱਕੇ ਹਨ, 250 ਦੇ ਕਰੀਬ ਸੇਵਾਮੁਕਤ ਹੋ ਚੁੱਕੇ ਹਨ, ਘਰ ਦਾ ਗੁਜ਼ਾਰਾ ਨਾ ਹੋਣ ਦੀ ਸੂਰਤ ਵਿਚ 150 ਦੇ ਕਰੀਬ ਅਸਤੀਫ਼ਾ ਦੇ ਚੁੱਕੇ ਹਨ, ਜਦੋਂਕਿ 50 ਫੀਸਦੀ ਦੇ ਕਰੀਬ 2 ਸਾਲ ਤੱਕ ਸੇਵਾਮੁਕਤੀ ਦੀ ਉਮਰ ਤੱਕ ਪਹੁੰਚ ਜਾਣਗੇ।
ਇਸ ਦੌਰਾਨ ਸੀ. ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਨੇ ਕਿਹਾ ਕਿ ਭਗਵੰਤ ਮਾਨ ਸਕੂਲਾਂ ਵਿਚ ਗਰੀਬਾਂ ਤੇ ਅਮੀਰਾਂ ਨੂੰ ਬਰਾਬਰ ਕਰਨ ਦੀ ਤਾਂ ਗੱਲ ਕਰਦੇ ਹਨ ਪਰ ਅਧਿਆਪਕਾਂ ਦੀਆਂ ਤਨਖਾਹਾਂ ਵਿਚ 6000 ਤੋਂ 72000 ਰੁ: ਤੱਕ ਦੇ ਪਾੜੇ ਨੂੰ ਪੂਰਨ ਲਈ ਤਿਆਰ ਨਹੀਂ। ਉਹਨਾਂ ਕਿਹਾ ਕਿ ਪਹਿਲਾਂ ਅਧਿਆਪਕਾਂ ਵਿਚ ਬਰਾਬਰੀ ਕਰਨ, ਫਿਰ ਹੀ ਬੱਚਿਆਂ ਵਿਚ ਬਰਾਬਰੀ ਦੀ ਗੱਲ ਚੰਗੀ ਲੱਗੇਗੀ। ਵਿਦੇਸ਼ੀਆਂ ਨੂੰ ਨੌਕਰੀ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਪਹਿਲਾਂ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਸ਼ੋਸ਼ਣ ਦੇ ਸ਼ਿਕਾਰ ਕੱਚੇ ਅਧਿਆਪਕਾਂ ਦੀ ਸਾਰ ਲਵੇ।
ਇਸ ਮੌਕੇ ਗੁਰਮੀਤ ਕੌਰ ਪਟਿਆਲਾ ਤੇ ਹਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਸਾਡੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ। ਉਹਨਾਂ ਕਿਹਾ ਕਿ ਕੀ ਸਰਕਾਰ ਹੁਣ ਸਾਨੂੰ ਮੁੜ ਟੈਂਕੀਆਂ ‘ਤੇ ਚੜਨ ਲਈ ਜਾਂ ਨਹਿਰਾਂ ਵਿਚ ਛਾਲਾਂ ਮਾਰਨ ਜਾਂ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸੁਹਿਰਦ ਹੈ ਤਾਂ ਕੱਲ ਨੂੰ ਕੈਬਨਿਟ ਦੀ ਹੋਣ ਵਾਲ ਮੀਟਿੰਗ ਵਿੱਚ 35000 ਮੁਲਾਜ਼ਮਾਂ ਨੂੰ ਪੱਕੇ ਕਰਨ ਵਿਚ ਸਾਡਾ ਮਸਲਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ ਜਾਂ ਫਿਰ ਕੱਚੇ ਅਧਿਆਪਕਾਂ ਦੀ ਤਨਖ਼ਾਹ 36000 ਰੁ: ਕਰਨ ਦਾ ਐਲਾਨ ਕਰੇ ਅਤੇ ਪੱਕੇ ਕਰਨ ਦੀ ਕਾਰਵਾਈ ਲਈ ਭਾਵੇਂ 6 ਮਹੀਨੇ ਦਾ ਸਮਾਂ ਲੈ ਲਵੇ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ, ਜਗਮੋਹਨ ਸਿੰਘ ਮੁਹਾਲੀ, ਪਵਨਦੀਪ ਸਿੰਘ ਬਰਾੜ, ਨਵਤੇਜ ਸਿੰਘ ਮੋਗਾ, ਕਰਮਵੀਰ ਸਿੰਘ, ਜਗਸੀਰ ਸਿੰਘ ਸੰਧੂ, ਰਿੰਪਲਜੀਤ ਸਿੰਘ, ਇੰਦਰਜੀਤ ਸਿੰਘ ਮਾਨਸਾ, ਜਗਸੀਰ ਸਿੰਘ ਘਾਰੂ ਅਤੇ ਜਗਦੀਪ ਸਿੰਘ ਮੁਹਾਲੀ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …