
ਵਿਜੀਲੈਂਸ ਵੱਲੋਂ ਐਨਓਸੀ ਜਾਰੀ ਕਰਨ ਬਦਲੇ ਰਿਸ਼ਵਤ ਲੈਂਦਾ ਕਾਨੂੰਗੋ ਰੰਗੇ ਹੱਥੀਂ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਮੁਹਾਲੀ ਦੇ ਸੈਕਟਰ-65ਏ ਸਥਿਤ ਪੰਜਾਬ ਮੰਡੀ ਬੋਰਡ ਕੰਪਲੈਕਸ ਵਿਖੇ ਡਾਇਰੈਕਟਰ ਆਬਾਦਕਾਰੀ (ਮੁੜ ਵਸੇਬਾ) ਦੇ ਦਫ਼ਤਰ ਵਿੱਚ ਤਾਇਨਾਤ ਕਾਨੂੰਗੋ ਅਮਰੀਕ ਸਿੰਘ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਅਨੁਸਾਰ ਇਹ ਕਾਰਵਾਈ ਕੁਲਦੀਪ ਸਿੰਘ ਵਾਸੀ ਪਿੰਡ ਭੁੱਖੜੀ ਕਲਾਂ, ਜ਼ਿਲਾ ਲੁਧਿਆਣਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਪੀੜਤ ਕੁਲਦੀਪ ਸਿੰਘ ਨੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸ ਨੇ ਨਵੀਂ ਅਨਾਜ ਮੰਡੀ ਲੁਧਿਆਣਾ ਵਿੱਚ ਆਪਣਾ ਬੂਥ ਵੇਚਣ ਲਈ ਇਤਰਾਜ਼ਹੀਣਤਾ ਸਰਟੀਫਿਕੇਟ (ਐਨਓਸੀ) ਲੈਣ ਲਈ ਅਰਜ਼ੀ ਦਿੱਤੀ ਸੀ ਪ੍ਰੰਤੂ ਉਕਤ ਕਾਨੂੰਗੋ ਉਸ ਤੋਂ 8000 ਰੁਪਏ ਰਿਸ਼ਵਤ ਦੇਣ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਅਮਰੀਕ ਸਿੰਘ ਪਹਿਲਾਂ ਹੀ ਉਸ ਕੋਲੋਂ 5 ਹਜ਼ਾਰ ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਉਸ ਨੂੰ ਐਨਓਸੀ ਜਾਰੀ ਕਰਨ ਬਦਲੇ 3000 ਰੁਪਏ ਦੂਜੀ ਕਿਸ਼ਤ ਵਜੋਂ ਮੰਗ ਰਿਹਾ ਸੀ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਵਿਚਲੇ ਤੱਥਾਂ ਅਤੇ ਅਸਲ ਸਬੂਤਾਂ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਇੱਕ ਵਿਸ਼ੇਸ਼ ਟੀਮ ਨੇ ਕਾਨੂੰਗੋ ਅਮਰੀਕ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਪੀੜਤ ਸ਼ਿਕਾਇਤਕਰਤਾ ਕੋਲੋਂ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਮੁਲਜ਼ਮ ਕਾਨੂੰਗੋ ਅਮਰੀਕ ਸਿੰਘ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਭਲਕੇ ਵੀਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।