
ਰਿਸ਼ਵਤ ਤੇ ਨਸ਼ਾ ਤਸਕਰੀ: ਐਸਟੀਐਫ਼ ਵੱਲੋਂ ਦੋ ਪੁਲੀਸ ਮੁਲਾਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ’ਤੇ ਰਿਸ਼ਵਤ ਲੈ ਕੇ ਨਸ਼ਾ ਤਸਕਰ ਨੂੰ ਛੱਡਣ ਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇਣ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਾ ਮੁਕਤ ਬਣਾਉਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਪੰਜਾਬ ਪੁਲੀਸ ਦੇ ਐਸਟੀਐਫ਼ ਵਿੰਗ ਵੱਲੋਂ ਦੋ ਪੁਲੀਸ ਮੁਲਾਜ਼ਮਾਂ ਨੂੰ ਰਿਸ਼ਵਤ ਦੀ ਰਾਸ਼ੀ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇੱਕ ਮੁਲਜ਼ਮ ਗੁਰਇਕਬਾਲ ਸਿੰਘ ਮਟੌਰ ਥਾਣੇ ਵਿੱਚ ਤਾਇਨਾਤ ਸੀ ਜਦੋਂਕਿ ਸਾਥੀ ਮੁਲਜ਼ਮ ਦਲਬੀਰ ਸਿੰਘ ਇੱਕ ਮਸ਼ਹੂਰ ਪੰਜਾਬੀ ਗਾਇਕ ਨਾਲ ਗੰਨਮੈਨ ਤਾਇਨਾਤ ਸੀ। ਇਨ੍ਹਾਂ ’ਤੇ ਰਿਸ਼ਵਤ ਲੈ ਕੇ ਨਸ਼ਾ ਤਸਕਰ ਨੂੰ ਛੱਡਣ ਅਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇਣ ਦਾ ਦੋਸ਼ ਹੈ। ਇਹ ਦੋਵੇਂ ਜਾਣੇ ਕਾਫ਼ੀ ਸਮੇਂ ਤੋਂ ਪੀਜੀ ਵਿੱਚ ਇਕੱਠੇ ਰਹਿੰਦੇ ਆ ਰਹੇ ਸੀ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਰੂਪਨਗਰ ਰੇਂਜ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹੌਲਦਾਰ ਗੁਰਇਕਬਾਲ ਸਿੰਘ ਅਤੇ ਹੌਲਦਾਰ ਦਲਬੀਰ ਸਿੰਘ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪੁਲੀਸ ਮੁਲਾਜ਼ਮਾਂ ਤੋਂ ਹੈਰੋਇਨ ਅਤੇ 19 ਹਜ਼ਾਰ ਰੁਪਏ ਰਿਸ਼ਵਤ ਦੀ ਨਗਦ ਰਾਸ਼ੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏਆਈਜੀ ਹਰਪ੍ਰੀਤ ਸਿੰਘ ਦੱਸਿਆ ਕਿ ਉਕਤ ਹੌਲਦਾਰਾਂ ਨੇ ਇੱਕ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਸੀ ਅਤੇ ਐਸਟੀਐਫ਼ ਦੇ ਪੁਲੀਸ ਮੁਲਾਜ਼ਮਾਂ ਦਾ ਨਾਮ ਵਰਤ ਕੇ ਉਸ ਤੋਂ ਰਿਸ਼ਵਤ ਲੈ ਕੇ ਉਨ੍ਹਾਂ (ਨਸ਼ਾ ਤਸਕਰਾਂ) ਨੂੰ ਬਿਨਾਂ ਕੋਈ ਕਾਨੂੰਨੀ ਕਾਰਵਾਈ ਕੀਤੇ ਛੱਡ ਦਿੱਤਾ ਗਿਆ। ਇਨ੍ਹਾਂ ਪੁਲੀਸ ਕਰਮਚਾਰੀਆਂ ਨੇ ਨਸ਼ਾ ਤਸਕਰਾਂ ਤੋਂ ਐਸਟੀਐਫ਼ ਦੇ ਨਾਂ ’ਤੇ ਰਿਸ਼ਵਤ ਵਜੋਂ ਪੈਸੇ ਇਕੱਠੇ ਕੀਤੇ ਗਏ ਹਨ ਅਤੇ ਕਈ ਵਾਰ ਉਨ੍ਹਾਂ ਵਿਰੁੱਧ ਝੂਠਾ ਕੇਸ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਖ਼ੁਦ ਵੀ ਨਸ਼ੇ ਦੇ ਆਦੀ ਸੀ। ਜਿਸ ਕਾਰਨ ਉਨ੍ਹਾਂ ਦਾ ਡੋਪ ਟੈੱਸਟ ਵੀ ਕਰਵਾਇਆ ਗਿਆ ਹੈ। ਜਿਸ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਹੋਰ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਏਆਈਜੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਮੁਲਜ਼ਮਾਂ ਨੇ ਕਿੰਨੇ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਿਆ ਗਿਆ ਹੈ ਅਤੇ ਕਿੱਥੇ ਕਿੱਥੇ ਐਸਟੀਐਫ਼ ਦਾ ਨਾਮ ਵਰਤਿਆ ਗਿਆ ਹੈ।