nabaz-e-punjab.com

ਰਿਸ਼ਵਤਖ਼ੋਰੀ ਮਾਮਲਾ: ਪੁੱਡਾ ਦੇ ਸੈਕਸ਼ਨ ਅਫ਼ਸਰ ਦਾ 4 ਰੋਜ਼ਾ ਪੁਲੀਸ ਰਿਮਾਂਡ

ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਘਰ ਦੀ ਤਲਾਸ਼ੀ ਦੌਰਾਨ 9 ਲੱਖ ਰੁਪਏ ਹੋਰ ਕੀਤੇ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬੀਤੇ ਦਿਨੀਂ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਦੇ ਸੈਕਸ਼ਨ ਅਫ਼ਸਰ ਦਵਿੰਦਰ ਕੁਮਾਰ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁੱਡਾ ਮੁਲਾਜ਼ਮ ਨੂੰ ਨਿਰਮਲ ਸਿੰਘ ਵਾਸੀ ਫੇਜ਼-11 ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਦੀ ਪੜਤਾਲੀਆਂ ਟੀਮ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੁਲਜ਼ਮ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਪੁੱਡਾ ਮੁਲਾਜ਼ਮ ਦੇ ਮੁਹਾਲੀ ਸਥਿਤ ਘਰ ਦੀ ਤਲਾਸ਼ੀ ਦੌਰਾਨ 9 ਲੱਖ ਰੁਪਏ ਹੋਰ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿੱਚ ਪਹੁੰਚ ਕੇ ਦੋਸ਼ ਲਾਇਆ ਸੀ ਕਿ ਸੈਕਸ਼ਨ ਅਫ਼ਸਰ ਉਸ ਨੂੰ ਫੇਜ਼-11 ਵਿੱਚ ਅਲਾਟ ਕੀਤਾ ਗਿਆ ਬੂਥ ਰੱਦ ਨਾ ਕਰਨ ਬਦਲੇ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਪੀੜਤ ਨੇ ਦੱਸਿਆ ਕਿ ਉਹ ਪਹਿਲਾਂ ਵੀ ਪੁੱਡਾ ਮੁਲਾਜ਼ਮ ਨੂੰ ਰਿਸ਼ਵਤ ਵਜੋਂ 50 ਹਜ਼ਾਰ ਰੁਪਏ ਦੇ ਚੁੱਕਾ ਹੈ ਪਰ ਉਹ ਉਸ ਨੂੰ ਡਰਾ ਧਮਕਾ ਕੇ ਇੱਕ ਲੱਖ ਰੁਪਏ ਦੀ ਹੋਰ ਰਿਸ਼ਵਤ ਮੰਗ ਕਰ ਰਿਹਾ ਸੀ। ਜਿਸ ਕਾਰਨ ਪੀੜਤ ਵੱਲੋਂ ਦੁਖੀ ਹੋ ਕੇ ਵਿਜੀਲੈਂਸ ਦਫ਼ਤਰ ਦਾ ਬੂਹਾ ਖੜਕਾਇਆ ਗਿਆ।
ਵਿਜੀਲੈਂਸ ਅਨੁਸਾਰ ਪ੍ਰਾਪਤ ਹੋਈ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਉਡਣ ਦਸਤੇ ਦੀ ਟੀਮ ਨੇ ਡੀਐਸਪੀ ਅਜੈ ਕੁਮਾਰ ਦੀ ਅਗਵਾਈ ਹੇਠ ਪੁੱਡਾ ਭਵਨ ਵਿਖੇ ਪਹੁੰਚ ਕੇ ਸ਼ਿਕਾਇਤਕਰਤਾ ਤੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਦਵਿੰਦਰ ਕੁਮਾਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪੁੱਡਾ ਮੁਲਾਜ਼ਮ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਭ੍ਰਿਸ਼ਟਾਚਾਰ ਦੇ ਇਸ ਗੋਰਖਧੰਦੇ ਵਿੱਚ ਹੋਰ ਕੌਣ ਕੌਣ ਅਧਿਕਾਰੀ ਸ਼ਾਮਲ ਹਨ ਅਤੇ ਪੀੜਤ ਕੋਲੋਂ ਲਈ ਜਾਣ ਵਾਲੀ ਰਿਸ਼ਵਤ ਦੀ ਰਾਸ਼ੀ ’ਚੋਂ ਕਿਹੜੇ ਕਿਹੜੇ ਅਧਿਕਾਰੀ ਨੂੰ ਹਿੱਸਾ ਜਾਣਾ ਸੀ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …