nabaz-e-punjab.com

ਰਿਸ਼ਵਤਖੋਰੀ ਦਾ ਮਾਮਲਾ: ਗਮਾਡਾ ਦੇ ਕਈ ਸੀਨੀਅਰ ਅਧਿਕਾਰੀ ਵਿਜੀਲੈਂਸ ਦੇ ਸ਼ੱਕ ਦੇ ਘੇਰੇ ਵਿੱਚ

ਪਬਲਿਕ ਡੀਲਿੰਗ ਵਾਲੀਆਂ ਸੀਟਾਂ ’ਤੇ ਤਾਇਨਾਤ ਅਮਲੇ ਨੂੰ ਬਦਲਿਆਂ,ਵਿਜੀਲੈਂਸ ਸ਼ੱਕੀ ਅਫ਼ਸਰਾਂ ਨੂੰ ਕਰੇਗੀ ਜਾਂਚ ਵਿੱਚ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦਾ ਦਫ਼ਤਰ ਕਥਿਤ ਤੌਰ ’ਤੇ ਭਿਸ਼ਟਾਚਾਰ ਦਾ ਅੱਡਾ ਬਣਦਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਗਮਾਡਾ ਵਿੱਚ ਛੋਟੇ ਤੋਂ ਛੋਟਾ ਕੰਮ ਪੈਸੇ ਦਿੱਤੇ ਬਿਨਾਂ ਨਹੀਂ ਹੁੰਦਾ ਹੈ। ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਵਾਗਡੋਰ ਸੰਭਾਲਦਿਆਂ ਹੀ ਭ੍ਰਿਸ਼ਟਾਚਾਰ ’ਤੇ ਨਕੇਲ ਪਾਉਣੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਮਾਡਾ ਦੇ ਮੁੱਖ ਇੰਜਨੀਅਰ ਸੁਰਿੰਦਰਪਾਲ ਸਿੰਘ ਤੋਂ ਬਾਅਦ ਹੁਣ ਤੱਕ ਗਮਾਡਾ ਦੇ ਚਾਰ ਮੁਲਜ਼ਮਾਂ ਜਿਨ੍ਹਾਂ ਵਿੱਚ ਸੁਪਰਡੈਂਟ ਨਰਿੰਦਰਪਾਲ ਸਿੰਘ, ਸੀਨੀਅਰ ਅਸਿਸਟੈਂਟ ਕਿਰਨਪਾਲ ਕਟਾਰੀਆਂ ਅਤੇ ਇੱਕ ਸੇਵਾਦਾਰ ਕਰਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਗਮਾਡਾ\ਪੁੱਡਾ ਦੇ ਕਈ ਹੋਰ ਉੱਚ ਅਧਿਕਾਰੀ ਵਿਜੀਲੈਂਸ ਦੇ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਦਫ਼ਤਰੀ ਕਰਮਚਾਰੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗਮਾਡਾ ਭਵਨ ਵਿੱਚ ਇੱਕ ਅਜੀਬ ਜਿਹੀ ਕਿਸਮ ਦੀ ਬੇਚੈਨੀ ਫੈਲ ਗਈ ਹੈ ਅਤੇ ਉੱਚ ਅਧਿਕਾਰੀਆਂ ਦੀ ਨੀਂਦ ਉੱਡੀ ਪਈ ਹੈ। ਭ੍ਰਿਸ਼ਟ ਵਿੱਚ ਲਿਪਟ ਅਧਿਕਾਰੀਆਂ ਨੂੰ ਹੁਣ ਦਿਨ ਵਿੱਚ ਵੀ ਵਿਜੀਲੈਂਸ ਦੀ ਰੇਡ ਦੇ ਸੁਪਨੇ ਆਉਣੇ ਸ਼ੁਰੂ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਗਮਾਡਾ ਵਿੱਚ ਰਿਸ਼ਵਤ ਦੀ ਰਾਸ਼ੀ 50 ਹਜ਼ਾਰ ਰੁਪਏ ਫਿਕਸ਼ ਕੀਤੀ ਗਈ ਜਾਪਦੀ ਹੈ। ਕਿਉਂਕਿ ਤਿੰਨ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਦੌਰਾਨ ਵਿਜੀਲੈਂਸ ਨੇ 50 ਹਜ਼ਾਰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਹੀ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ।
ਵਿਜੀਲੈਂਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਗਮਾਡਾ ਦੇ ਕਈ ਸੀਨੀਅਰ ਅਧਿਕਾਰੀ ਵੀ ਸ਼ੱਕ ਦੇ ਘੇਰੇ ਵਿੱਚ ਹਨ। ਪਤਾ ਲੱਗਾ ਹੈ ਕਿ ਪਬਲਿਕ ਡੀਲਿੰਗ ਵਾਲੀਆਂ ਲਗਭਗ ਸਾਰੀਆਂ ਹੀ ਸੀਟਾਂ ’ਤੇ ਤਾਇਨਾਤ ਅਧਿਕਾਰੀ ਵਿਜੀਲੈਂਸ ਦੇ ਨਿਸ਼ਾਨੇ ’ਤੇ ਹਨ। ਇਨ੍ਹਾਂ ਸਾਰਿਆਂ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਖਾਸ ਕਰਕੇ ਐਨਓਸੀ ਜਾਰੀ ਕਰਨ, ਲੈਂਡ ਪੁਲਿੰਗ ਸਕੀਮ ਤਹਿਤ ਕੰਮ ਦੇਖਣ ਵਾਲੀ ਬ੍ਰਾਂਚ ’ਤੇ ਵਿਜੀਲੈਂਸ ਦੀ ਬਾਜ਼ ਅੱਖ ਹੈ। ਮੁਲਜ਼ਮ ਕਿਰਨਪਾਲ ਕਟਾਰੀਆ ਮਾਮਲੇ ਵਿੱਚ ਵੀ ਵਿਜੀਲੈਂਸ ਪੀੜਤ ਵਿਅਕਤੀ ਦੀ ਫਾਈਲ ਨੂੰ ਡੀਲ ਕਰਨ ਵਾਲੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜਾਂਚ ਵਿੱਚ ਸ਼ਾਮਲ ਕਰੇਗੀ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਇੱਕ ਕਲਰਕ ਰੈਂਕ ਦਾ ਵਿਅਕਤੀ 50 ਹਜ਼ਾਰ ਰਿਸ਼ਵਤ ਨਹੀਂ ਮੰਗ ਸਕਦਾ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਇਹ ਪੈਸਾ ਸਬੰਧਤ ਉੱਚ ਅਧਿਕਾਰੀਆਂ ਨੂੰ ਜਾਣਾ ਸੀ?
ਉਧਰ, ਇਹ ਵੀ ਪਤਾ ਲੱਗਾ ਹੈ ਕਿ ਪਹਿਲਵਾਨ ਦੀ ਗ੍ਰਿਫ਼ਤਾਰ ਮਗਰੋਂ ਤਿੰਨ ਹੋਰ ਮੁਲਾਜ਼ਮਾਂ ਦੀ ਗ੍ਰਿਫ਼ਤਾਰ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਪਬਲਿਕ ਡੀਲਿੰਗ ਵਾਲੀਆਂ ਅਹਿਮ ਸੀਟਾਂ ’ਤੇ ਚਿਚੜੀ ਵਾਂਗ ਚਿੰਬੜ ਕੇ ਬੈਠੇ ਸਾਰੇ ਪੁਰਾਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੌਜੂਦਾ ਸੀਟਾ ਤੋਂ ਹਟਾ ਦਿੱਤਾ ਗਿਆ ਹੈ। ਗਮਾਡਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਰਿਸ਼ਵਤਖੋਰੀ ਮਾਮਲੇ ਵਿੱਚ ਵਿਜੀਲੈਂਸ ਦੀ ਕਾਰਵਾਈ ਕਾਰਨ ਅਦਾਰੇ ਦੀ ਕਾਫੀ ਬਦਨਾਮੀ ਹੋਈ ਹੈ। ਜਿਸ ਕਾਰਨ ਪਬਲਿੰਗ ਡੀਲਿੰਗ ਵਾਲੀਆਂ ਲਗਭਗ ਸਾਰੀਆਂ ਸੀਟਾਂ ’ਤੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੋਰਨਾਂ ਬ੍ਰਾਂਚਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਕੈਪਟਨ ਸਰਕਾਰ ਨੇ ਗਮਾਡਾ ਵਿੱਚ ਹੇਠਲੇ ਪੱਧਰ ’ਤੇ ਫੈਲੇ ਕਥਿਤ ਭ੍ਰਿਸ਼ਟਾਚਾਰ ਦਾ ਗੰਭੀਰ ਨੋਟਿਸ ਲਿਆ ਹੈ। ਇਹ ਪਤਾ ਲੱਗਾ ਹੈ ਕਿ ਬੀਤੇ ਦਿਨ ਪਹਿਲਾਂ ਵਿਜੀਲੈਂਸ ਵੱਲੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਸੀਨੀਅਰ ਅਸਿਸਟੈਂਟ ਕਿਰਨਪਾਲ ਕਟਾਰੀਆਂ ਦੀ ਹੋਰ ਬਰਾਂਚ ਵਿੱਚ ਬਦਲੀ ਹੋ ਗਈ ਸੀ ਲੇਕਿਨ ਉਹ ਪੁਰਾਣੀ ਸੀਟ ਤੋਂ ਰਿਲੀਵ ਨਹੀਂ ਹੋ ਰਿਹਾ ਸੀ। ਜਿਸ ਦਿਨ ਵਿਜੀਲੈਂਸ ਦੀ ਰੇਡ ਹੋਈ। ਉਸ ਦਿਨ ਸਵੇਰੇ ਹੀ ਉੱਚ ਅਧਿਕਾਰੀਆਂ ਨੇ ਉਸ ਨੂੰ ਰਿਲੀਵ ਹੋਣ ਲਈ ਆਖਿਆ ਗਿਆ ਸੀ ਲੇਕਿਨ ਉਸ ਨੇ ਆਪਣੇ ਸੀਨੀਅਰ ਦੀ ਇਕ ਨਹੀਂ ਸੁਣੀ ਅਤੇ ਬਾਅਦ ਦੁਪਹਿਰ ਵਿਜੀਲੈਂਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …