
ਰਿਸ਼ਵਤਖ਼ੋਰੀ ਮਾਮਲਾ: ਮਾਈਨਿੰਗ ਅਫ਼ਸਰ, ਕਲਰਕ ਤੇ ਗਾਰਡ ਦਾ 3 ਰੋਜ਼ਾ ਪੁਲੀਸ ਰਿਮਾਂਡ
ਮਹਿਲਾ ਅਧਿਕਾਰੀ ਦੀਆਂ ਬੈਂਕ ਪਾਸ ਬੁੱਕਾਂ ਤੇ ਹੋਰ ਅਹਿਮ ਦਸਤਾਵੇਜ਼ ਕਬਜ਼ੇ ’ਚ ਲਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਮੁਹਾਲੀ ਦੀ ਮਾਈਨਿੰਗ ਅਫ਼ਸਰ ਸਿਮਰਪ੍ਰੀਤ ਕੌਰ ਢਿੱਲੋਂ ਅਤੇ ਦਫ਼ਤਰੀ ਕਲਰਕ ਅਮਨ ਸਿੰਘ ਅਤੇ ਮਾਈਨਿੰਗ ਗਾਰਡ ਪਾਲ ਸਿੰਘ ਉਰਫ਼ ਪਾਲਾ ਨੂੰ ਮੰਗਲਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਹਿਲਾ ਅਧਿਕਾਰੀ ਸਮੇਤ ਤਿੰਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਵਿਜੀਲੈਂਸ ਦੇ ਡੀਐਸਪੀ ਅਜੇ ਕੁਮਾਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸੋਮਵਾਰ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੀੜਤ ਬਲਜਿੰਦਰ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਅਧਿਕਾਰੀ ਦੀਆਂ ਬੈਂਕ ਪਾਸ-ਬੱੁਕਾਂ ਸਮੇਤ ਹੋਰ ਅਹਿਮ ਦਸਤਾਵੇਜ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਰਿਸ਼ਵਤਖ਼ੋਰੀ ਦੇ ਇਸ ਗੋਰਖਧੰਦੇ ਵਿੱਚ ਹੋਰ ਕੌਣ ਕੌਣ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹਨ। ਹੁਣ ਤੱਕ ਕਿੰਨੇ ਵਿਅਕਤੀਆਂ ਨੂੰ ਰਿਸ਼ਵਤ ਲੈ ਕੇ ਵਿੱਤੀ ਲਾਭ ਅਤੇ ਕਥਿਤ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਵਿੱਚ ਲਾਭ ਪੁੱਜਦਾ ਕੀਤਾ ਗਿਆ ਹੈ।
ਡੀਐਸਪੀ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੂੰ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਮਾਈਨਿੰਗ ਵਿਭਾਗ ਦੇ ਅਫ਼ਸਰ ਕਥਿਤ ਤੌਰ ’ਤੇ ਰਿਸ਼ਵਤਾਂ ਲੈ ਕੇ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ ਅਤੇ ਕਈ ਮਾਈਨਿੰਗ ਅਫ਼ਸਰਾਂ ਨੇ ਪੱਕੇ ਮਹੀਨੇ ਬੰਨ੍ਹੇ ਹੋਏ ਹਨ। ਸ਼ਿਕਾਇਤ ਕਰਤਾ ਦਾ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਵਿੱਚ ਕਰੈਸ਼ਰ ਹੈ। ਮਾਈਨਿੰਗ ਅਫ਼ਸਰ ਵੱਲੋਂ ਉਸ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮੁਲਜ਼ਮਾਂ ਨੇ ਪੀੜਤ ਨਾਲ 40 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ। ਜਿਸ ਤੋਂ ਉਹ 15 ਹਜ਼ਾਰ ਰੁਪਏ ਪਹਿਲਾਂ ਹੀ ਵਸੂਲ ਚੁੱਕੇ ਹਨ ਅਤੇ ਅੱਜ 25 ਹਜ਼ਾਰ ਦੂਜੀ ਕਿਸ਼ਤ ਵਜੋਂ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤੇ ਗਏ।
ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਾਈਨਿੰਗ ਗਾਰਡ ਅਤੇ ਕਲਰਕ ਆਪਣੇ ਅਧਿਕਾਰੀ ਲਈ ਮਹੀਨਾ ਵਸੂਲਦੇ ਸੀ। ਉਂਜ ਮਾਈਨਿੰਗ ਅਫ਼ਸਰ ਵੱਲੋਂ ਖ਼ੁਦ ਵੀ ਸਿੱਧੇ ਤੌਰ ’ਤੇ ਪੈਸੇ ਲੈ ਲਏ ਜਾਂਦੇ ਸਨ। ਉਹ 20 ਤੋਂ 50 ਹਜ਼ਾਰ ਰੁਪਏ ਰਿਸ਼ਵਤ ਵਸੂਲੀ ਕਰਦੇ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ਕਰਨ ’ਤੇ ਰਿਸ਼ਵਤਖ਼ੋਰੀ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।