
ਰਿਸ਼ਵਤਖ਼ੋਰੀ ਮਾਮਲਾ: ਮੁਹਾਲੀ ਅਦਾਲਤ ਨੇ ਵਿਜੀਲੈਂਸ ਇੰਸਪੈਕਟਰ ਨੂੰ ਜੇਲ੍ਹ ਭੇਜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਿਸ਼ਵਤਖ਼ੋਰੀ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਅੰਮ੍ਰਿਤਸਰ ਰੇਂਜ ਵਿੱਚ ਤਾਇਨਾਤ ਇੰਸਪੈਕਟਰ ਅਮੋਲਕ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ਬੀਤੇ ਕੱਲ੍ਹ ਆਪਣੇ ਹੀ ਇੱਕ ਇੰਸਪੈਕਟਰ ਅਮੋਲਕ ਸਿੰਘ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਇੰਸਪੈਕਟਰ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਪ੍ਰਭਮੇਸ਼ ਮੋਹਨ ਵਾਸੀ ਨਿਊ ਮਹਿੰਦਰਾ ਕਲੋਨੀ, ਅੰਮ੍ਰਿਤਸਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਪੀੜਤ ਨੇ ਆਨਲਾਈਨ ਸ਼ਿਕਾਇਤ ਨੰਬਰ ’ਤੇ ਇੱਕ ਵੀਡੀਓ ਅਪਲੋਡ ਕਰਕੇ ਦੋਸ਼ ਲਗਾਇਆ ਸੀ ਕਿ ਉਸ ਨੂੰ ਅਤੇ ਉਸ ਦੀ ਪਤਨੀ, ਜੋ ਕਿ ਨਗਰ ਨਿਗਮ ਅੰਮ੍ਰਿਤਸਰ ਵਿੱਚ ਤਾਇਨਾਤ ਹੈ, ਨੂੰ ਵਿਜੀਲੈਂਸ ਬਿਊਰੋ ਵੱਲੋਂ ਸਾਲ 2021 ਵਿੱਚ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਜੀਲੈਂਸ ਇੰਸਪੈਕਟਰ ਅਮੋਲਕ ਸਿੰਘ ਇਸ ਮਾਮਲੇ ਦਾ ਤਫ਼ਤੀਸ਼ੀ ਅਫ਼ਸਰ ਹੋਣ ਦੇ ਨਾਤੇ ਉਸ ਤੋਂ 5000 ਰੁਪਏ ਬਤੌਰ ਰਿਸ਼ਵਤ ਵਜੋਂ ਮੰਗ ਰਿਹਾ ਹੈ ਅਤੇ ਬਹਾਨਾ ਉਨ੍ਹਾਂ ਦੇ ਕੇਸ ਵਿੱਚ ਨਮੂਨੇ ਵਜੋਂ ਉਸ ਦੀ ਆਵਾਜ਼ ਰਿਕਾਰਡ ਕਰਨ ਦਾ ਲਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਇਸ ਗੱਲਬਾਤ ਨੂੰ ਆਪਣੇ ਫੋਨ ਵਿੱਚ ਰਿਕਾਰਡ ਕਰਕੇ ਵਿਜੀਲੈਂਸ ਨੂੰ ਸੌਂਪ ਕੇ ਇੰਸਪੈਕਟਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਵਿਜੀਲੈਂਸ ਦੀ ਵਿਸ਼ੇਸ਼ ਟੀਮ ਨੇ ਸ਼ਿਕਾਇਤ ਵਿਚਲੇ ਤੱਥਾਂ ਅਤੇ ਸਬੂਤਾਂ ਦੀ ਮੁੱਢਲੀ ਪੜਤਾਲ ਉਪਰੰਤ ਇੰਸਪੈਕਟਰ ਅਮੋਲਕ ਸਿੰਘ ਨੂੰ ਪੀੜਤ ਵਿਅਕਤੀ ਕੋਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕਰ ਲਿਆ ਗਿਆ। ਅੱਜ ਮੁਲਜ਼ਮ ਇੰਸਪੈਕਟਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।