nabaz-e-punjab.com

ਰਿਸ਼ਵਤਖੋਰੀ ਦਾ ਮਾਮਲਾ: ਮੁਹਾਲੀ ਅਦਾਲਤ ਨੇ ਐਸਐਚਓ ਤੇ ਰੀਡਰ ਨੂੰ ਪਟਿਆਲਾ ਜੇਲ੍ਹ ਭੇਜਿਆ

ਵਿਜੀਲੈਂਸ ਦੀ ਜਾਂਚ ਟੀਮ ਨੇ ਥਾਣੇ ਦੇ ਸਟਾਫ਼ ਤੋਂ ਕੀਤੀ ਪੁੱਛਗਿੱਛ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਹਾਲੀ ਦੇ ਥਾਣਾ ਫੇਜ਼-1 ਦੇ ਐਸਐਚਓ ਜਸਵੀਰ ਸਿੰਘ ਅਤੇ ਉਨ੍ਹਾਂ ਦੇ ਰੀਡਰ ਹੌਲਦਾਰ ਰਾਜ ਕੁਮਾਰ ਨੂੰ ਪਹਿਲਾਂ ਦਿੱਤਾ ਚਾਰ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਡਿਊਟੀ ਮੈਜਿਸਟਰੇਟ ਹਰਪ੍ਰੀਤ ਸਿੰਘ ਗਿੱਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਥਾਣਾ ਮੁਖੀ ਤੇ ਉਸ ਦੇ ਰੀਡਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਦੋਵਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਵਿਜੀਲੈਂਸ ਦੇ ਸੀਨੀਅਰ ਇੰਸਪੈਕਟਰ ਇੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਬੀਤੀ 12 ਮਾਰਚ ਨੂੰ ਕਰੀਬ ਅੱਧੀ ਰਾਤ ਵੇਲੇ ਥਾਣਾ ਫੇਜ਼-1 ਵਿੱਚ ਛਾਪੇਮਾਰੀ ਕਰਕੇ ਐਸਐਚਓ ਅਤੇ ਰੀਡਰ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਇੰਦਰਪਾਲ ਸਿੰਘ ਨੇ ਮੁਲਜ਼ਮਾਂ ਦੇ ਪੰਜ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਥਾਣਾ ਮੁਖੀ ਅਤੇ ਰੀਡਰ ਤੋਂ ਹੋਰ ਪੁੱਛਗਿੱਛ ਕਰਨੀ ਬਾਕੀ ਹੈ ਅਤੇ ਵਿਜੀਲੈਂਸ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਮੁਲਜ਼ਮਾਂ ਨੇ ਇੱਕ ਹੋਰ ਵਿਅਕਤੀ ਤੋਂ ਵੀ ਪੈਸੇ ਲਏ ਹਨ। ਥਾਣਾ ਮੁਖੀ ਅਤੇ ਰੀਡਰ ਅਤੇ ਪੀੜਤ ਨੂੰ ਆਹਮੋ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕਰਨੀ ਹੈ। ਉਧਰ, ਬਚਾਅ ਪੱਖ ਦੇ ਵਕੀਲਾਂ ਸੁਭਦੀਪ ਸਿੰਘ ਅਤੇ ਸੰਜੀਵ ਸ਼ਰਮਾ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਥਾਣਾ ਮੁਖੀ ਅਤੇ ਰੀਡਰ ਪਿਛਲੇ 5 ਦਿਨ ਤੋਂ ਵਿਜੀਲੈਂਸ ਦੀ ਹਿਰਾਸਤ ਵਿੱਚ ਹਨ ਅਤੇ ਵਿਜੀਲੈਂਸ ਲੋੜੀਂਦੀ ਪੁੱਛਗਿੱਛ ਕਰ ਚੁੱਕੀ ਹੈ। ਮੁਲਜ਼ਮ ਰੀਡਰ ਦੇ ਵਕੀਲ ਸੰਜੀਵ ਸ਼ਰਮਾ ਨੇ ਅਦਾਲਤ ਨੂੰ ਦੱਸਿਆ ਕਿ ਰੀਡਰ ਨੇ ਆਪਣੀ ਬੇਟੀ ਦੀ ਫੀਸ ਭਰਨੀ ਸੀ ਅਤੇ ਬਜ਼ੁਰਗ ਮਾਂ ਦੀ ਪੈਨਸ਼ਨ ਬੈਂਕ ’ਚੋਂ ਕਢਵਾਈ ਗਈ। ਜਿਸ ਨੂੰ ਵਿਜੀਲੈਂਸ ਰਿਸ਼ਵਤ ਦੀ ਰਾਸ਼ੀ ਦੱਸ ਰਹੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਭੇਜ ਦਿੱਤਾ। ਮੁਲਜ਼ਮਾਂ ਨੂੰ 30 ਮਾਰਚ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਨੇ ਥਾਣੇ ਦੇ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੀ 11 ਮਾਰਚ ਨੂੰ ਪੁਲੀਸ ਪਾਰਟੀ ਨੇ ਪਿੰਡ ਬੜਮਾਜਰਾ ਤੋਂ ਇੱਕ ਨੌਜਵਾਨ ਗੌਰਵ ਕੁਮਾਰ ਨੂੰ ਸਨੈਚਿੰਗ ਦੇ ਕੇਸ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ ਲੇਕਿਨ ਪੁੱਛਗਿੱਛ ਅਤੇ ਤਲਾਸ਼ੀ ਦੌਰਾਨ ਗੌਰਵ ਕੋਲੋਂ ਕੁਝ ਬਰਾਮਦ ਨਹੀਂ ਹੋਇਆ। ਇਸ ਸਬੰਧੀ ਜਦੋਂ ਗੌਰਵ ਦੇ ਪਿਤਾ ਦੇਵਰਾਜ ਰਾਜ ਅਤੇ ਭਰਾ ਬੰਟੀ ਨੇ ਗੌਰਵ ਨੂੰ ਛੱਡਣ ਲਈ ਪੁਲੀਸ ਨੂੰ ਗੁਹਾਰ ਲਗਾਈ ਤਾਂ ਥਾਣਾ ਮੁਖੀ ਜਸਵੀਰ ਸਿੰਘ ਅਤੇ ਉਨ੍ਹਾਂ ਦੇ ਰੀਡਰ ਨੇ ਹਿਰਾਸਤ ਵਿੱਚ ਲਏ ਨੌਜਵਾਨ ਨੂੰ ਰਿਹਾਅ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਗਈ। ਇਸ ਸਬੰਧੀ ਗੌਰਵ ਦੇ ਪਿਤਾ ਨੇ ਵਿਜੀਲੈਂਸ ਬਿਊਰੋ ਦਾ ਬੂਹਾ ਖੜਕਾਇਆ ਅਤੇ ਵਿਜੀਲੈਂਸ ਦੇ ਸੀਨੀਅਰ ਇੰਸਪੈਕਟਰ ਇੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ 12 ਮਾਰਚ ਦੀ ਰਾਤ ਨੂੰ ਥਾਣਾ ਮੁਖੀ ਜਸਵੀਰ ਸਿੰਘ ਅਤੇ ਉਨ੍ਹਾਂ ਦੇ ਰੀਡਰ ਰਾਜ ਕੁਮਾਰ ਨੂੰ 30 ਹਜ਼ਾਰ ਰੁਪਏ ਲੈਂਦੇ ਹੋਏ ਰੰਗੇ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਅਨੁਸਾਰ ਰਿਸ਼ਵਤ ਦੀ ਰਾਸ਼ੀ ਐਸਐਚਓ ਦੇ ਟੇਬਲ ਦੇ ਦਰਾਜ ’ਚੋਂ ਬਰਾਮਦ ਕੀਤੀ ਗਈ ਹੈ। ਤਲਾਸ਼ੀ ਦੌਰਾਨ ਰੀਡਰ ਰਾਜ ਕੁਮਾਰ ਤੋਂ ਵੱਖਰੇ ਤੌਰ ’ਤੇ 25 ਹਜ਼ਾਰ ਰੁਪਏ ਹੋਰ ਮਿਲੇ ਸਨ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…