nabaz-e-punjab.com

ਰਿਸ਼ਵਤਖੋਰੀ ਮਾਮਲਾ: ਥਾਣੇਦਾਰ ਅਨੂਪ ਸਿੰਘ ਨੂੰ ਚਾਰ ਸਾਲ ਦੀ ਕੈਦ, 20 ਹਜ਼ਾਰ ਜੁਰਮਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਮੁਹਾਲੀ ਦੀ ਇੱਕ ਵਿਸ਼ੇਸ਼ ਜ਼ਿਲ੍ਹਾ ਅਦਾਲਤ ਨੇ ਰਿਸ਼ਵਤਖੋਰੀ ਮਾਮਲੇ ਦਾ ਨਿਬੇੜਾ ਕਰਦਿਆਂ ਮੁਲਜ਼ਮ ਥਾਣੇਦਾਰ ਅਨੂਪ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਚਾਰ ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜ਼ੀਰਕਪੁਰ ਥਾਣੇ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਅਨੂਪ ਸਿੰਘ ਨੂੰ ਦੋ ਸਾਲ ਪਹਿਲਾਂ 2016 ਵਿੱਚ 40 ਹਜ਼ਾਰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚਲ ਰਹੀ ਸੀ। ਸ਼ੁੱਕਰਵਾਰ ਨੂੰ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਜੱਜ ਵੱਲੋਂ ਦੋਸ਼ੀ ਥਾਣੇਦਾਰ ਨੂੰ ਸਜ਼ਾ ਸੁਣਾਈ ਗਈ।
ਜਾਣਕਾਰੀ ਅਨੁਸਾਰ ਏਐਸਆਈ ਅਨੂਪ ਸਿੰਘ 31 ਅਗਸਤ 2016 ਨੂੰ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਸੀ ਪ੍ਰੰਤੂ ਸਰਕਾਰ ਨੇ ਉਸ ਦੇ ਸੇਵਾਕਾਲ ਵਿੱਚ ਇੱਕ ਸਾਲ ਦਾ ਹੋਰ ਵਾਧਾ ਕਰ ਦਿੱਤਾ ਸੀ ਲੇਕਿਨ ਅਗਲੇ ਹੀ ਦਿਨ 1 ਸਤੰਬਰ 2016 ਨੂੰ ਵਿਜੀਲੈਂਸ ਨੇ ਉਕਤ ਥਾਣੇਦਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧੀ ਮੁਹਾਲੀ ਅਦਾਲਤ ਦੇ ਵਧੀਕ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਪਰਮਜੀਤ ਕੌਰ ਵਾਸੀ ਪੰਚਕੂਲਾ ਨੇ ਪੰਜਾਬ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ (ਪਰਮਜੀਤ ਕੌਰ) ਦੇ ਖ਼ਿਲਾਫ਼ ਕਰੀਬ 11 ਸਾਲ ਪਹਿਲਾਂ ਸਾਲ 2007 ਵਿੱਚ ਜ਼ੀਰਕਪੁਰ ਥਾਣੇ ਵਿੱਚ ਆਈਪੀਸੀ ਦੀ ਧਾਰਾ 382, 465 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਨੂੰ ਰਾਹ ਦਿੰਦਿਆਂ ਜ਼ਮਾਨਤ ਦੇ ਦਿੱਤੀ ਸੀ। ਇਸ ਮਗਰੋਂ ਥਾਣੇਦਾਰ ਅਨੂਪ ਸਿੰਘ ਉਸ ਦੇ ਘਰ ਆਇਆ ਅਤੇ ਕਹਿਣ ਲੱਗਾ ਕਿ ਜ਼ੀਰਕਪੁਰ ਥਾਣੇ ਵਿੱਚ ਉਸ ਦੇ ਖ਼ਿਲਾਫ਼ ਦਰਜ ਮਾਮਲੇ ਵਿੱਚੋਂ ਉਹ ਉਸ ਦਾ ਨਾਮ ਕਢਵਾ ਸਕਦਾ ਹੈ। ਇਸ ਕੰਮ ਲਈ ਥਾਣੇਦਾਰ ਨੇ ਸ਼ਿਕਾਇਤ ਕਰਤਾ ਪਰਮਜੀਤ ਕੌਰ ਤੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਮੁਤਾਬਕ ਉਹ ਉਸ ਦੇ ਖ਼ਿਲਾਫ਼ ਦਰਜ ਕੇਸ ਕਾਰਨ ਕਾਫੀ ਡਰ ਗਈ ਸੀ ਅਤੇ ਥਾਣੇਦਾਰ ਨੂੰ ਪੈਸੇ ਦੇਣ ਲਈ ਰਜ਼ਾਮੰਦ ਹੋ ਗਈ। ਇਸ ਸਬੰਧੀ ਉਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਕਹਿਣ ’ਤੇ ਉਸ ਨੇ ਥਾਣੇਦਾਰ ਅਨੂਪ ਸਿੰਘ ਦੇ ਖ਼ਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਟਰੈਪ ਲਗਾ ਕੇ ਥਾਣੇਦਾਰ ਅਨੂਪ ਸਿੰਘ ਨੂੰ 2 ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਜ਼ੀਰਕਪੁਰ ਸਥਿਤ ਕੋਹੇਨੂਰ ਢਾਬੇ ਨੇੜਿਓਂ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…