Nabaz-e-punjab.com

ਰਿਸ਼ਵਤਖੋਰੀ: ਵਿਜੀਲੈਂਸ ਬਿਊਰੋ ਵੱਲੋਂ ਥਾਣਾ ਫੇਜ਼-1 ਵਿੱਚ ਛਾਪੇਮਾਰੀ ਕਰਕੇ ਐਸਐਸਓ ਤੇ ਰੀਡਰ ਨੂੰ ਰੰਗੇ ਹੱਥੀਂ ਫੜਿਆ

ਜਾਂਚ ਅਧਿਕਾਰੀ ਅਨੁਸਾਰ ਐਸਐਚਓ ਦੇ ਦਫ਼ਤਰ ’ਚੋਂ ਟੇਬਲ ਦੇ ਦਰਾਜ ’ਚੋਂ ਬਰਾਮਦ ਕੀਤੀ ਰਿਸ਼ਵਤ ਦੀ ਰਾਸ਼ੀ

ਮੁਹਾਲੀ ਅਦਾਲਤ ਵੱਲੋਂ ਮੁਲਜ਼ਮਾਂ ਦਾ 3 ਰੋਜ਼ਾ ਪੁਲੀਸ ਰਿਮਾਂਡ, ਰੀਡਰ ਕੋਲੋਂ 25 ਹਜ਼ਾਰ ਵੱਖਰੇ ਤੌਰ ’ਤੇ ਮਿਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੰਗਲਵਾਰ ਕਰੀਬ ਅੱਧੀ ਰਾਤ ਨੂੰ ਥਾਣੇ ਵਿੱਚ ਛਾਪੇਮਾਰੀ ਕਰਕੇ ਐਸਐਚਓ ਅਤੇ ਰੀਡਰ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਥਾਣਾ ਮੁਖੀ ਜਸਵੀਰ ਸਿੰਘ ਅਤੇ ਰੀਡਰ ਨੂੰ ਬੁੱਧਵਾਰ ਨੂੰ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਮੋਹਿੰਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਵਿਜੀਲੈਂਸ ਬਿਊਰੋ ਦੇ ਐਸਐਸਪੀ ਗੌਤਮ ਸਿੰਗਲ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਫੇਜ਼-1 ਦੀ ਪੁਲੀਸ ਨੇ ਪਿੰਡ ਬੜਮਾਜਰਾ ਤੋਂ ਇੱਕ ਨੌਜਵਾਨ ਗੌਰਵ ਕੁਮਾਰ ਨੂੰ ਸਨੈਚਿੰਗ ਦੇ ਕੇਸ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ ਲੇਕਿਨ ਪੁੱਛਗਿੱਛ ਅਤੇ ਤਲਾਸ਼ੀ ਦੌਰਾਨ ਪੁਲੀਸ ਨੂੰ ਗੌਰਵ ਕੋਲੋਂ ਕੁਝ ਬਰਾਮਦ ਨਹੀਂ ਹੋਇਆ। ਇਸ ਸਬੰਧੀ ਜਦੋਂ ਗੌਰਵ ਦੇ ਪਿਤਾ ਦੇਵਰਾਜ ਰਾਜ ਮਿਸਤਰੀ ਅਤੇ ਭਰਾ ਬੰਟੀ ਨੇ ਗੌਰਵ ਨੂੰ ਛੱਡਣ ਲਈ ਪੁਲੀਸ ਨੂੰ ਗੁਨਾਹ ਲਗਾਈ ਤਾਂ ਥਾਣਾ ਮੁਖੀ ਜਸਵੀਰ ਸਿੰਘ ਅਤੇ ਉਨ੍ਹਾਂ ਦੇ ਰੀਡਰ ਨੇ ਹਿਰਾਸਤ ਵਿੱਚ ਲਏ ਨੌਜਵਾਨ ਨੂੰ ਰਿਹਾਅ ਕਰਨ ਲਈ 70 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਬਾਅਦ ਵਿੱਚ 30 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਸ਼ਿਕਾਇਤ ਕਰਤਾ ਨੇ ਜਾਂਚ ਅਧਿਕਾਰੀ ਦੇ ਤਰਲੇ ਕੱਢਦਿਆਂ ਕਿਹਾ ਕਿ ਜਦੋਂ ਉਸ ਦਾ ਬੇਟਾ ਬੇਕਸੂਰ ਹੈ ਤਾਂ ਪੈਸੇ ਕਿਸ ਕੰਮ ਦੇ ਮੰਗੇ ਜਾ ਰਹੇ ਹਨ।
ਇਸ ਸਬੰਧੀ ਉਸ ਨੇ ਵਿਜੀਲੈਂਸ ਬਿਊਰੋ ਦਾ ਬੂਹਾ ਖੜਕਾਇਆ ਅਤੇ ਵਿਜੀਲੈਂਸ ਦੇ ਸੀਨੀਅਰ ਇੰਸਪੈਕਟਰ ਇੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਲੰਘੀ ਰਾਤ ਕਰੀਬ ਅੱਧੀ ਰਾਤ ਥਾਣਾ ਮੁਖੀ ਜਸਵੀਰ ਸਿੰਘ ਅਤੇ ਉਨ੍ਹਾਂ ਦੇ ਰੀਡਰ ਰਾਜ ਕੁਮਾਰ ਨੂੰ 30 ਹਜ਼ਾਰ ਰੁਪਏ ਲੈਂਦੇ ਹੋਏ ਰੰਗੇ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਅਨੁਸਾਰ ਰਿਸ਼ਵਤ ਦੀ ਰਾਸ਼ੀ ਐਸਐਚਓ ਦੇ ਟੇਬਲ ਦੇ ਦਰਾਜ ’ਚੋਂ ਬਰਾਮਦ ਕੀਤੀ ਗਈ ਹੈ। ਜਾਂਚ ਅਧਿਕਾਰੀ ਇੰਦਰਪਾਲ ਸਿੰਘ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਥਾਣਾ ਮੁਖੀ ਅਤੇ ਰੀਡਰ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਐਸਐਚਓ ਦੀ ਨਾਮੀ ਅਤੇ ਬੇਨਾਮੀ ਜਾਇਦਾਦ ਦਾ ਪਤਾ ਲਗਾਉਣ ਲਈ ਪੁੱਛਗਿੱਛ ਕਰਨੀ ਹੈ। ਇਹ ਵੀ ਪਤਾ ਕਰਨਾ ਹੈ ਕਿ ਇਸ ਮਾਮਲੇ ਵਿੱਚ ਹੋਰ ਕੌਣ ਕੌਣ ਅਧਿਕਾਰੀ ਸ਼ਾਮਲ ਹਨ ਅਤੇ ਇਸ ਤੋਂ ਪਹਿਲਾਂ ਹੋਰ ਕਿੰਨੇ ਵਿਅਕਤੀਆਂ ਤੋਂ ਰਿਸ਼ਵਤ ਲਈ ਹੈ। ਤਲਾਸ਼ੀ ਦੌਰਾਨ ਰੀਡਰ ਰਾਜ ਕੁਮਾਰ ਤੋਂ ਵੱਖਰੇ ਤੌਰ ’ਤੇ 25 ਹਜ਼ਾਰ ਰੁਪਏ ਹੋਰ ਮਿਲੇ ਹਨ। ਇਨ੍ਹਾਂ ਪੈਸਿਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…