Nabaz-e-punjab.com

ਲਾੜੀ ਜਸਲੀਨ ਕੌਰ ਮੁਹਾਲੀ ਨੇ ਲਾਵਾਂ ਲੈਣ ਤੋਂ ਬਾਅਦ ਸਟੇਜ ’ਤੇ ਬੈਠ ਸ਼ਬਦ ਕੀਰਤਨ ਦਾ ਸੁਣਾਇਆ

ਐਮਬੀਏ ਲਾੜੀ ਨੇ ਲੀਕ ਤੋਂ ਹਟਕੇ ਆਪਣੇ ਹੁਨਰ ਨੂੰ ਸਭ ਦੇ ਸਾਹਮਣੇ ਰੱਖਿਆ, ਬਰਾਤੀ ਤੇ ਹੋਰ ਮਹਿਮਾਨ ਹੈਰਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਇੱਥੋਂ ਦੇ ਫੇਜ਼-11 ਦੀ ਵਸਨੀਕ ਐਮਬੀਏ ਪਾਸ ਜਸਲੀਨ ਕੌਰ ਨੇ ਆਪਣੇ ਵਿਆਹ ਸਬੰਧੀ ਪਹਿਲਾਂ ਅਨੰਦ-ਕਾਰਜਾਂ ਦੀ ਰਸਮ ਪੂਰੀ ਕੀਤੀ ਅਤੇ ਲਾਵਾਂ ਲੈਣ ਉਪਰੰਤ ਸਟੇਜ ’ਤੇ ਸ਼ਬਦ ਕੀਰਤਨ ਦਾ ਗਾਇਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਲਾੜੀ ਨੇ ਖ਼ੁਦ ਹਰਮੋਨੀਅਮ ਬਜਾ ਕੇ ਗੁਰਬਾਣੀ ਕੀਰਤਨ ਨਾਲ ਬਰਾਤੀਆਂ ਅਤੇ ਮਹਿਮਾਨਾਂ ਨੂੰ ਨਿਹਾਲ ਕੀਤਾ। ਇਸ ਤੋਂ ਪਹਿਲਾਂ ਭਾਈ ਗੁਰਦੇਵ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੇ ਅਨੰਦ-ਕਾਰਜ ਅਤੇ ਨਾਵਾਂ ਫੇਰੇ ਕਰਵਾਏ।
ਗੋਲਡਨ ਜੋੜੇ ਵਿੱਚ ਸਜੀ ਲਾੜੀ ਲਾਵਾਂ ਤੋਂ ਬਾਅਦ ਕੀਰਤਨ ਕਰ ਰਹੇ ਜਥੇ ਦੇ ਸਟੇਜ ਵੱਲ ਵਧੀ ਅਤੇ ਖ਼ੁਦ ਹਰਮੋਨੀਅਮ ਲੈ ਕੇ ਸ਼ਬਦ ਗਾਇਨ ਕਰਨ ਲੱਗ ਪਈ। ਜਸਲੀਨ ਦੇ ਨਾਲ ਉਸ ਦੀ ਭੈਣ ਗੁਰਲੀਨ ਕੌਰ ਵੀ ਬੈਠ ਗਈ ਜਦੋਂਕਿ ਲਾੜਾ ਵੀ ਨਾਲ ਹੀ ਬੈਠਾ ਸੀ। ਜਸਲੀਨ ਕੌਰ ਦਾ ਇਹ ਰੂਪ ਦੇਖ ਕੇ ਵਿਆਹ ਵਿੱਚ ਮੌਜੂਦ ਸਾਰੇ ਰਿਸ਼ਤੇਦਾਰ ਅਤੇ ਹੋਰ ਮਹਿਮਾਨ ਹੈਰਾਨ ਸਨ ਪਰ ਸ਼ਬਦ ਕੀਰਤਨ ਸੁਣ ਕੇ ਸਾਰਿਆਂ ਨੇ ਖੁਸ਼ੀ ਪ੍ਰਗਟ ਕੀਤੀ। ਲਾੜੀ ਪਹਿਲਾਂ ਵੀ ਸ਼ਬਦ ਗਾਇਨ ਕਰਦੀ ਰਹੀ ਹੈ। ਰਾਗੀ ਜਥੇ ਨੇ ਹੀ ਉਨ੍ਹਾਂ ਨੂੰ ਸ਼ਬਦ ਕੀਰਤਨ ਦਾ ਗਾਇਨ ਕਰਨ ਦੀ ਅਪੀਲ ਕੀਤੀ ਸੀ।
ਜਾਣਕਾਰੀ ਅਨੁਸਾਰ ਸਥਾਨਕ ਫੇਜ਼-11 ਦੇ ਵਸਨੀਕ ਗੁਰਦੀਪ ਸਿੰਘ ਦੀ ਧੀ ਜਸਲੀਨ ਕੌਰ ਦਾ ਵਿਆਹ ਚੰਡੀਗੜ੍ਹ ਦੇ ਬਾਸ਼ਿੰਦੇ ਅਤੇ ਪ੍ਰਸਿੱਧ ਰਾਗੀ ਬਲਵਿੰਦਰ ਸਿੰਘ ਰੰਗੀਲਾ ਦੇ ਭਤੀਜੇ ਅਤੇ ਉਨ੍ਹਾਂ ਦੇ ਛੋਟੇ ਭਰਾ ਸੁਰਿੰਦਰ ਸਿੰਘ ਰੰਗੀਲਾ ਦੇ ਸਪੁੱਤਰ ਰਵਿੰਦਰ ਸਿੰਘ ਦੇ ਨਾਲ ਹੋਇਆ। ਇਸ ਦੌਰਾਨ ਲਾਵਾਂ ਤੋਂ ਬਾਅਦ ਲਾੜਾ-ਲਾੜੀ ਜਿਵੇਂ ਹੀ ਪੰਡਾਲ ਵਿੱਚ ਬੈਠੇ ਤਾਂ ਕੀਰਤਨ ਕਰ ਰਹੇ ਜਥੇ ਨੇ ਲਾੜੀ ਜਸਲੀਨ ਨੂੰ ਸ਼ਬਦ ਕੀਰਤਨ ਸੁਣਾਉਣ ਲਈ ਆਵਾਜ਼ ਮਾਰੀ। ਜਸਲੀਨ ਅਤੇ ਉਸ ਦੀ ਛੋਟੀ ਭੈਣ ਗੁਰਲੀਨ ਕੌਰ ਹਰਮੋਨੀਅਮ ਉੱਤੇ ਬੈਠ ਗਈਆਂ ਅਤੇ ਆਪਣੀ ਬਹੁਤ ਹੀ ਸੁਰੀਲੀ ਤੇ ਮਿੱਠੀ ਆਵਾਜ਼ ਵਿੱਚ ਸਤਿਗੁਰ ਤੁਮਰੇ ਕਾਜ ਸਵਾਰੇ ਸ਼ਬਦ ਦਾ ਗਾਇਨ ਕੀਤਾ। ਜਸਲੀਨ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਦੇ ਸ਼ਬਦ ਗਾਇਨ ਵਿੱਚ ਭਾਈ ਗੁਰਦੇਵ ਸਿੰਘ ਕੋਹਾੜਕਾ ਦਾ ਬਹੁਤ ਵੱਡਾ ਯੋਗਦਾਨ ਹੈ।
ਨਵੀਂ ਵਿਆਹੀ ਜੋੜੀ ਨੂੰ ਪੰਜਾਬ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਅਸ਼ੀਰਵਾਦ ਦਿੱਤਾ ਅਤੇ ਜਸਲੀਨ ਕੌਰ ਅਤੇ ਉਸ ਦੀ ਭੈਣ ਦੀ ਸਾਦਗੀ ਅਤੇ ਹੁਨਰ ਦੀ ਸ਼ਲਾਘਾ ਕੀਤੀ। ਪੂਰਨ ਚੰਦ ਬਡਾਲੀ ਨੇ ਵੀ ਸ਼ਬਦ ਗਾਇਨ ਕੀਤਾ। ਉਨ੍ਹਾਂ ਨੇ ਆਪਣੇ ਸ਼ਬਦਾਂ ਰਾਹੀਂ ਅਰਦਾਸ ਬਾਰੇ ਦੱਸਿਆ। ਪੂਰਨ ਬਡਾਲੀ ਨੇ ਜਸਲੀਨ ਦੇ ਸ਼ਬਦ ਗਾਇਨ ਦੀ ਸਹਾਰਨਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…