ਨੌਜਵਾਨ ਉੱਜਵਲ ਭਵਿੱਖ ਲਈ ਆਪ ਦੀ ਸਰਕਾਰ ਬਣਾਉਣ ਲਈ ਤਤਪਰ: ਡਾ. ਬਲਬੀਰ ਸਿੰਘ

ਨੌਕਰੀਆਂ ’ਤੇ ਪਾਬੰਦੀ ਤੇ ਖਾਲੀ ਅਸਾਮੀਆਂ ਨੂੰ ਖਤਮ ਕਰਨ ਦਾ ਐਲਾਨ ਕੈਪਟਨ ਸਰਕਾਰ ਨੇ ਹੀ ਕੀਤਾ ਸੀ

ਮਨਪ੍ਰੀਤ ਕੌਰ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 28 ਦਸੰਬਰ:
ਪੰਜਾਬ ਦਾ ਨੌਜਵਾਨ ਅਜੋਕੇ ਸਮੇਂ ਵਿੱਚ ਬੇਰੁਜ਼ਗਾਰੀ ਦੇ ਦੌਰ ’ਚੋਂ ਲੰਘ ਰਿਹਾ ਹੈ। ਮਾਪਿਆਂ ਦੇ ਚਾਵਾਂ ਨਾਲ ਪਾਲੇ ਪੁੱਤ ਧੁੰਦਲਾ ਭਵਿੱਖ ਹੋਣ ਕਾਰਨ ਨਸ਼ਿਆਂ ਦਾ ਸਹਾਰਾ ਲੈ ਕੇ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ, ਪ੍ਰੰਤੂ ਬੇਰੁਜ਼ਗਾਰੀ ਤੇ ਲਾਚਾਰੀ ਦੇ ਅੰਧਕਾਰ ’ਚੋਂ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ’ਚੋਂ ਇਕ ਆਸ ਦੀ ਕਿਰਨ ਦਿਸਣ ਲੱਗੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪਟਿਆਲਾ ਸ਼ਹਿਰੀ ਹਲਕੇ ਤੋਂ ਆਪ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਅੱਜ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਸਪੋਰਟਸ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਨੌਜਵਾਨਾਂ ਨਾਲ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਪ ਨੌਜਵਾਨਾਂ ਨੂੰ ਰੁਜ਼ਗਾਰ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਵਚਨਬੱਧ ਹੈ।
ਇਸ ਮੌਕੇ ਡਾ. ਬਲਬੀਰ ਸਿੰਘ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਲੱਖਾਂ ਰੁਪਏ ਖਰਚ ਕੇ ਹੱਥਾਂ ’ਚ ਡਿਗਰੀਆਂ ਚੁੱਕੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਪੰਜਾਬ ਦਾ ਨੌਜਵਾਨ ਨੌਕਰੀਆਂ ਦੀ ਅਣਹੋਂਦ ਅਤੇ ਸੂਬੇ ’ਚ ਇੰਡਸਟਰੀ ਨਾ ਹੋਣ ਕਾਰਨ ਮਾਪਿਆਂ ’ਤੇ ਬੋਝ ਬਣਿਆ ਬੈਠਾ ਹੈ। ਸੂਬੇ ਦੇ ਲੱਖਾਂ ਨੌਜਵਾਨ ਕਾਬਲੀਅਤ ਅਤੇ ਯੋਗਤਾ ਹੋਣ ਦੇ ਬਾਵਜੂਦ ਦਿਹਾੜੀ ਕਰਨ ਲਈ ਮਜਬੂਰ ਹਨ। ਆਪ ਆਗੂ ਨੇ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪ ਦੀ ਸਰਕਾਰ ਆਉਣ ’ਤੇ ਪਹਿਲ ਦੇ ਆਧਾਰ ’ਤੇ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਗੇ। ਖੇਡਾਂ ਅਤੇ ਅਕਾਦਮਿਕ ਖੇਤਰ ’ਚ ਮੱਲਾਂ ਮਾਰਨ ਵਾਲੇ ਨੌਜਵਾਨ ਬੱਚੇ ਬੱਚੀਆਂ ਨੂੰ ਤਰਜ਼ੀਹੀ ਤੌਰ ’ਤੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਛੋਟੀਆਂ ਉਦਯੋਗਿਕ ਇਕਾਈਆਂ ਨੂੰ ਪ੍ਰਫੁੱਲਤ ਕਰਨ ਹਿਤ ਨੌਜਵਾਨਾਂ ਨੂੰ ਸਸਤੇ ਤੇ ਸੌਖੇ ਕਰਜ਼ੇ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਦੇ ਹਰ ਘਰ ਵਿਚ ਨੌਕਰੀ ਦੀ ਸ਼ੋਸ਼ੇਬਾਜ਼ੀ ’ਤੇ ਟਿੱਪਣੀ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੁਣ ਕੈਪਟਨ ਕਿਸ ਮੂੰਹ ਨਾਲ ਨੌਕਰੀ ਦਾ ਵਾਅਦਾ ਕਰ ਰਹੇ ਹਨ। ਜਦੋਂ ਕਿ 24 ਅਪ੍ਰੈਲ 2002 ਨੂੰ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਮੀਟਿੰਗ ਦੌਰਾਨ ਸਰਕਾਰੀ ਨੌਕਰੀਆਂ ’ਤੇ ਰੋਕ ਲਾਉਣ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਤਰੁੰਤ ਖਤਮ ਕਰਨ ਦਾ ਫੈਸਲਾ ਲਿਆ ਸੀ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਵੀ ਵਾਜਪਾਈ ਸਰਕਾਰ ਸਮੇਂ ਡਾਊਨਸਾਈਜ਼ਿੰਗ ਦ ਗੌਰਮਿੰਟ ਦੇ ਨਾਅਰੇ ਤਹਿਤ ਨੌਕਰੀਆਂ ਖਤਮ ਕਰਨ ਦੀ ਮੁਹਿੰਮ ਵਿੱਢੀ ਸੀ। ਇਸ ਮੌਕੇ ਨੌਜਵਾਨਾਂ ਨੇ ਵਾਅਦਾ ਕੀਤਾ ਕਿ ਉਹ ਡਾ. ਬਲਬੀਰ ਸਿੰਘ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਇਸ ਮੌਕੇ ਡਾ. ਬਲਬੀਰ ਸਿੰਘ ਦੇ ਨਾਲ ਕੁਲਵੰਤ ਸਿੰਘ, ਰਾਜਵੰਤ ਸਿੰਘ, ਗੱਜਣ ਸਿੰਘ, ਲਾਲ ਸਿੰਘ, ਜੇ ਪੀ ਸਿੰਘ, ਲਾਭ ਸਿੰਘ, ਪ੍ਰਦੀਪ ਜੋਸਨ, ਗੁਰਿੰਦਰ ਸਿੰਘ, ਮਹਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…