
ਬੀਐਸਐਫ਼ ਦੀਆਂ ਮਹਿਲਾ ਜਵਾਨਾਂ ਨੇ ਮੋਟਰ ਸਾਈਕਲ ਰੈਲੀ ਕੱਢੀ
ਮੋਟਰ ਸਾਈਕਲ ਰੈਲੀ ‘ਮਹਿਲਾ ਸ਼ਸ਼ਕਤੀਕਰਨ’ ਲਈ ਨਵੀਂ ਸਵੇਰ ਲੈ ਕੇ ਆਵੇਗੀ: ਸੰਦੀਪ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਸੀਮਾ ਸੁਰੱਖਿਆ ਬਲ (ਬੀਐਸਐਫ਼) ਲਖਨੌਰ ਕੈਂਪਸ (ਮੁਹਾਲੀ) ਦੇ ਮਹਿਲਾ ਜਵਾਨਾਂ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ‘ਮਹਿਲਾ ਸ਼ਸ਼ਕਤੀਕਰਨ’ ਵਿਸ਼ੇ ’ਤੇ ਮੋਟਰ ਸਾਈਕਲ ਰੈਲੀ ਕੱਢੀ ਗਈ। ਜਿਸ ਨੂੰ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਸਬੰਧੀ ਫਲੈਗ ਆਫ਼ ਸਮਾਰੋਹ ਆਯੋਜਿਤ ਕੀਤਾ ਗਿਆ। ਇਸੇ ਦੌਰਾਨ ‘ਸੀਮਾ ਭਿਵਾਨੀ’ ਨਾਮ ਦੀ ਜਾਣੀ ਜਾਂਦੀ ਚਾਲੀ ਮੋਟਰ ਸਾਈਕਲ ਸਵਾਰਾਂ ਦੀ ਇੱਕ ਰੈਲੀ ਨਵੀਂ ਦਿੱਲੀ ਤੋਂ ਇੱਥੇ ਪਹੁੰਚੀ। ਜਿਸ ਦਾ ਮੁੱਖ ਉਦੇਸ਼ ‘ਮਹਿਲਾ ਸ਼ਸ਼ਕਤੀਕਰਨ’ ਦੇ ਗੌਰਵ ਨੂੰ ਪ੍ਰਫੁੱਲਤ ਕਰਨਾ ਹੈ। ਸਮਾਰੋਹ ਤੋਂ ਬਾਅਦ ਇਹ ਮੋਟਰ ਸਾਈਕਲ ਰੈਲੀ ਅਗਲੇ ਪੜਾਅ ਲਈ ਅੰਮ੍ਰਿਤਸਰ ਲਈ ਰਵਾਨਾ ਹੋਈ।
ਬੀਐਸਐਫ਼ ਦੇ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਇਹ ਰੈਲੀ ਅਬੋਹਰ, ਬੀਕਾਨੇਰ, ਜੈਪੁਰ, ਗਾਂਧੀ ਨਗਰ ਅਤੇ ਬੰਗਲੌਰ ਤੋਂ ਹੁੰਦੀ ਹੋਈ ਕਰੀਬ 5,280 ਕਿੱਲੋਮੀਟਰ ਦਾ ਲੰਮਾ ਪੈਂਡਾ ਤੈਅ ਕਰਕੇ 20 ਦਿਨਾਂ ਵਿੱਚ ਕੰਨਿਆ ਕੁਮਾਰੀ ਪਹੁੰਚੇਗੀ। ਸੀਮਾ ਸੁਰੱਖਿਆ ਬਲ ਦੇ ਮਹਾ ਪ੍ਰਬੰਧਕ (ਐਚਆਰ) ਹਰਦੀਪ ਸਿੰਘ ਨੇ ਖੇਡ ਮੰਤਰੀ ਸੰਦੀਪ ਸਿੰਘ ਦਾ ਸਵਾਗਤ ਕੀਤਾ ਅਤੇ ਮੋਟਰ ਸਾਈਕਲ ਰੈਲੀ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਖੇਡ ਮੰਤਰੀ ਸੰਦੀਪ ਸਿੰਘ ਦੇ ਜੀਵਨ ਅਤੇ ਭਾਰਤੀ ਹਾਕੀ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਖੇਡ ਮੰਤਰੀ ਸੰਦੀਪ ਸਿੰਘ ਨੇ ਬੀਐਸਐਫ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੋਟਰ ਸਾਈਕਲ ਰੈਲੀ ‘ਮਹਿਲਾ ਸ਼ਸ਼ਕਤੀਕਰਨ’ ਲਈ ਨਵੀਂ ਸਵੇਰ ਲੈ ਕੇ ਆਵੇਗੀ ਅਤੇ ਅੌਰਤਾਂ ਵਿੱਚ ਆਪਣੇ ਹੱਕਾਂ ਅਤੇ ਅੱਤਿਆਚਾਰ ਖ਼ਿਲਾਫ਼ ਲੜਨ ਦੀ ਸ਼ਕਤੀ ਪੈਦਾ ਹੋਵੇਗੀ। ਅਖੀਰ ਵਿੱਚ ਬੀਐਸਐਫ਼ ਦੇ ਅਧਿਕਾਰੀਆਂ ਨੇ ਸੰਦੀਪ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।