
ਬਸਪਾ ਅਤੇ ਅਕਾਲੀ ਦਲ ਗਠਜੋੜ ਪੰਜਾਬ ਵਿਚ ਦੋ ਤਿਹਾਈ ਬਹੁਮਤ ਤੋਂ ਵੱਧ ਸੀਟਾਂ ਜਿੱਤ ਕੇ ਬਣਾਏਗਾ ਸਰਕਾਰ: ਗੜ੍ਹੀ
ਪੰਜਾਬ ਦੇ ਲੋਕਾਂ ਨੂੰ ਐਲਾਨਨਜੀਤ ਅਤੇ ਵਿਸ਼ਵਾਸਘਾਤਜੀਤ ਮੁੱਖ ਮੰਤਰੀ ਤੋਂ ਮਿਲੇਗਾ ਛੁਟਕਾਰਾ
ਤਿੰਨ ਮਹੀਨਿਆਂ ਚ ਤੀਜਾ ਡੀਜੀਪੀ ਕਾਂਗਰਸ ਦੀ ਨਲਾਇਕੀ
ਨਬਜ਼-ਏ-ਪੰਜਾਬ ਬਿਊਰੋ, ਜਲੰਧਰ/ਚੰਡੀਗੜ/ਫਗਵਾੜਾ, 8 ਜਨਵਰੀ:
ਚੋਣ ਕਮਿਸ਼ਨ ਵੱਲੋਂ ਅੱਜ 5 ਰਾਜਾਂ ਵਿਚ ਚੋਣਾ ਦੀ ਤਰੀਕ ਦਾ ਐਲਾਨ ਕੀਤਾ ਹੈ। ਇਸ ਬਾਰੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਭਾਵੇਂ ਭਾਰਤ ਸਰਕਾਰ ਵੱਲੋਂ ਚੋਣ ਬਿਗੁਲ ਵਜਾਉਣ ਵਿਚ ਦੇਰੀ ਕੀਤੀ ਗਈ ਹੈ ਪਰ ਬਹੁਜਨ ਸਮਾਜ ਪਾਰਟੀ ਨੇ ਤਾਂ ਚੋਣ ਬਿਗੁਲ 11 ਜੂਨ 2021 ਨੂੰ ਹੀ ਵਜਾ ਦਿੱਤਾ ਸੀ ਜਦੋਂ ਪੰਜਾਬ ਵਿਚ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਇਤਿਹਾਸਕ ਗਠਜੋੜ ਹੋਇਆ ਸੀ। ਉਨ੍ਹਾਂ ਕਿਹਾ ਕਿ ਸਾਡੇ ਲਈ ਤਾਂ ਚੋਣਾਂ ਦਾ ਐਲਾਨ 6 ਮਹੀਨੇ ਲੇਟ ਹੈ ਪਰ ਦੇਰ ਆਏ ਦਰੁੱਸਤ ਆਏ। ਸ. ਗੜ੍ਹੀ ਨੇ ਭਾਜਪਾ ਅਤੇ ਕਾਂਗਰਸ ਪਾਰਟੀ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਪਾਰਟੀਆਂ ਰੈਲੀਆਂ ਅਤੇ ਐਲਾਨਾਂ ਦੇ ਬਹਾਨੇ ਵੱਡੀਆਂ ਸਹੂਲਤਾਂ ਦਾ ਐਲਾਨ ਕਰਕੇ ਪੰਜਾਬ ਦੇ ਮਾਹੌਲ ਨੂੰ ਆਪਣੇ ਪੱਖ ਵਿਚ ਕਰਨ ਦੀ ਅਸਫਲ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਕੁਦਰਤ ਨੇ ਹਾਲਾਤਾਂ ਦਾ ਅਜਿਹਾ ਮਾਹੌਲ ਸਿਰਜਿਆ ਕਿ ਦੋਹਾਂ ਪਾਰਟੀਆਂ ਵੱਲੋਂ ਪੰਜਾਬ ਨੂੰ ਲੁੱਟਣ ਦੇ ਮਨਸੂਬਿਆਂ ’ਤੇ ਪਾਣੀ ਫਿਰ ਗਿਆ।
ਸ. ਗੜ੍ਹੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਬਸਪਾ ਅਤੇ ਸ਼੍ਰੋਅਦ ਗਠਜੋੜ ਦੋ ਤਿਹਾਈ ਬਹੁਮਤ ਤੋਂ ਵੱਧ ਸੀਟਾਂ ਜਿੱਤਕੇ ਪੰਜਾਬ ਵਿਚ ਆਪਣੀ ਸਰਕਾਰ ਬਣਾਏਗਾ ਅਤੇ ਪੰਜਾਬੀਆਂ ਨੂੰ ਕਾਂਗਰਸ ਦੇ ਐਲਾਨਜੀਤ ਤੇ ਵਿਸ਼ਵਾਸਘਾਤਜੀਤ ਵਰਗੇ ਹੈਸ਼ਟੈਗ ਮੁੱਖ ਮੰਤਰੀ ਜੋ ਆਜ਼ਾਦੀ ਦੇ 74 ਸਾਲਾਂ ਵਿਚ ਪੰਜਾਬ ਨੂੰ ਕਦੇ ਨਹੀਂ ਮਿਲਿਆ ਦੀ ਉਸ ਤੋਂ ਆਜ਼ਾਦੀ ਦਿਵਾਏਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਅਤੇ ਭਾਜਪਾ ਦੀਆਂ ਕੁਚਾਲਾਂ, ਕੂਨੀਤੀਆਂ ਅਤੇ ਸਾਜ਼ਿਸ਼ਾਂ ਜੋ ਪੰਜਾਬ ਨੂੰ ਬਦਨਾਮ ਕਰਨ ਲਈ ਘੜੀਆਂ ਜਾ ਰਹੀਆਂ ਹਨ ਉਸ ਤੋਂ ਵੀ ਆਜ਼ਾਦੀ ਦਿਵਾਵਾਂਗੇ। ਨਵੇਂ ਡੀਜੀਪੀ ਦੀ ਨਿਯੁਕਤੀ ਕਾਂਗਰਸ ਦੀ ਨਲਾਇਕੀ ਹੈ ਕਿ ਅੱਜ ਤਿੰਨ ਮਹੀਨਿਆਂ ਵਿਚ ਤਿੰਨ ਡੀਜੀਪੀ ਬਦਲੇ ਗਏ ਹਨ।
ਸ. ਗੜ੍ਹੀ ਨੇ ਕਿਹਾ ਕਿ ਪਿਛਲੇ ਚੋਣ ਵਰ੍ਹਾ 2017 ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਉੱਡਦਾ ਪੰਜਾਬ, ਪੰਜਾਬੀਆਂ ਨੂੰ ਚਿੱਟੇ ਵਿਚ ਗਲਤਾਨ ਨਸ਼ੇੜੀ ਕਹਿਕੇ ਪ੍ਰਚਾਰ ਕੀਤਾ ਗਿਆ ਸੀ ਪਰ ਪੰਜਾਬ ਦੀ ਮਿੱਟੀ ਤੇ ਧੀਆਂ ਪੁੱਤਾਂ ਨੇ ਦਿੱਲੀ ਵਿਚ ਲੰਬਾ ਸੰਘਰਸ਼ ਲੜਕੇ ਤਿੰਨੇ ਖੇਤੀ ਕਾਨੂੰਨ ਵਾਪਸ ਕਰਵਾਕੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਦੇ ਲੋਕ ਸੂਰਮੇ ਅਤੇ ਬਹਾਦਰ ਹਨ। ਸ. ਗੜ੍ਹੀ ਨੇ ਕਿਹਾ ਕਿ ਅੱਜ ਦੂਜੀ ਵਾਰ ਕਾਂਗਰਸ ਅਤੇ ਭਾਜਪਾ ਨੇ ਮਿਲ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਕਿ ਫਿਰੋਜ਼ਪੁਰ ਰੈਲੀ ਤੋਂ ਬੈਰੰਗ ਪਰਤਣ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਬਿਆਨ ਦੇ ਦਿੱਤਾ ਕਿ ਮੈਂ ਪੰਜਾਬ ਤੋਂ ਜ਼ਿੰਦਾ ਬੱਚਕੇ ਵਾਪਸ ਜਾ ਰਿਹਾ ਹਾਂ ਜਦੋਂਕਿ ਇਹ ਸਿਰਫ ਪੰਜਾਬ ਕਾਂਗਰਸ ਦੀ ਪ੍ਰਸ਼ਾਸਨਿਕ ਅਸਫ਼ਲਤਾ ਸੀ।
ਸ. ਗੜ੍ਹੀ ਨੇ ਕਿਹਾ ਕਿ ਪ੍ਰੋਟੋਕੋਲ ਦੇ ਅਨੁਸਾਰ ਜਦੋਂ ਕਿਸੇ ਸੂਬੇ ਵਿਚ ਪ੍ਰਧਾਨਮੰਤਰੀ ਆਉਂਦਾ ਹੈ ਤਾਂ ਸੂਬਾ ਸਰਕਾਰ ਨੂੰ ਸਾਰਾ ਪ੍ਰਬੰਧ ਕਰਨਾ ਪੈਂਦਾ ਹੈ ਪਰ ਮਾਣਯੋਗ ਚੰਨੀ ਸਾਬ੍ਹ ਇਕ ਦਿਨ ਪਹਿਲਾਂ ਤਾਂ ਲਵਲੀ ਯੂਨੀਵਰਸਿਟੀ ਵਿਚ ਭੰਗੜਾ ਪਾਉਂਦੇ ਹਨ ਪਰ ਪ੍ਰਧਾਨਮੰਤਰੀ ਦਾ ਸਵਾਗਤ ਕਰਨ ਲਈ ਕਿਉਂ ਨਹੀਂ ਪਹੁੰਚਦੇ। ਕਿਉਂ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਪਿੱਛੇ ਆਪਣੀ ਗੱਡੀ ਨਹੀਂ ਲਗਾਈ ਗਈ। ਜੇਕਰ ਮੁੱਖ ਮੰਤਰੀ ਚੰਨੀ ਜੀ ਆਪ ਨਹੀਂ ਪਹੁੰਚ ਸਕਦੇ ਸੀ ਤਾਂ ਪੰਜਾਬ ਵਿਚ ਦੋ ਡਿਪਟੀ ਮੁੱਖ ਮੰਤਰੀ ਲਗਾਏ ਗਏ ਹਨ। ਪ੍ਰਧਾਨ ਮੰਤਰੀ ਨਾਲ ਜਾਣ ਦੀ ਉਨ੍ਹਾਂ ਦੀ ਡਿਊਟੀ ਕਿਉਂ ਨਹੀਂ ਲਗਾਈ। ਇਹ ਕਾਂਗਰਸ ਪਾਰਟੀ ਦੀ ਭਾਜਪਾ ਦੇ ਨਾਲ ਸਿਆਸੀ ਰੰਜਿਸ਼ਬਾਜ਼ੀ ਅਤੇ ਸੌਕਣਬਾਜ਼ੀ ਦਾ ਹੀ ਨਤੀਜਾ ਹੈ ਜਿਸ ਨਾਲ ਪੂਰੇ ਸੰਸਾਰ ਵਿਚ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਜਿਸ ਦੀ ਬਹੁਜਨ ਸਮਾਜ ਪਾਰਟੀ ਘੋਰ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਪੰਜਾਬ ਨੂੰ 42 ਹਜ਼ਾਰ ਕਰੋੜ ਰੁਪਏ ਦੀ ਸੌਗਤ ਦੇਣ ਆਏ ਸੀ ਜਿਸ ਨਾਲ ਪੰਜਾਬ ਦਾ ਭਲਾ ਹੀ ਹੋਣਾ ਸੀ ਪਰ ਇਹ ਚੰਨੀ ਸਾਬ੍ਹ ਦੀ ਨਲਾਇਕੀ ਹੈ ਕਿ ਪੰਜਾਬ ਤੋਂ ਇੰਨਾ ਵੱਡਾ ਪੈਕੇਜ ਖੁੱਸ ਗਿਆ।