
ਬਸਪਾ ਵੱਲੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਜ਼ਿਲ੍ਹਾ ਇਕਾਈ ਮੁਹਾਲੀ ਵੱਲੋਂ ਨਗਰ ਨਿਗਮ ਮੁਹਾਲੀ, ਨਗਰ ਕੌਂਸਲ ਖਰੜ, ਕੁਰਾਲੀ, ਲਾਲੜੂ ਅਤੇ ਡੇਰਬੱਸੀ ਤੋਂ ਚੋਣ ਲੜਣ ਵਾਲੇ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਚਪੜਚਿੜੀ ਦੀ ਅਗਵਾਈ ਵਿੱਚ ਅੱਜ ਇੱਥੇ ਪਾਰਟੀ ਦੇ ਇਕੱਠ ਦੌਰਾਨ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਗਈ। ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਬੰਧੀ ਸੁਖਦੇਵ ਸਿੰਘ ਚੱਪੜਚਿੜੀ ਨੂੰ ਇੰਚਾਰਜ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਹਾਲੀ ਨਗਰ ਨਿਗਮ ਲਈ ਵਾਰਡ ਨੰਬਰ-22 ਤੋਂ ਗਿਰੀਨਾਥ ਝਾਅ, ਵਾਰਡ ਨੰਬਰ-28 ਤੋਂ ਹਰਬੰਸ ਸਿੰਘ ਕੁੰਭੜਾ, ਵਾਰਡ ਨੰਬਰ-32 ਤੋਂ ਬਖਸ਼ੀਸ਼ ਸਿੰਘ ਬਰਾੜ, ਵਾਰਡ ਨੰਬਰ-41 ਤੋਂ ਦੀਕਸ਼ਾ ਅਤੇ ਵਾਰਡ ਨੰਬਰ-49 ਤੋਂ ਦਿਆਲ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਮਿਉੱਸਪਲ ਕੌਂਸਲ ਖਰੜ ਦੀ ਚੋਣ ਲਈ ਡਾ. ਦੀਪਕ ਨੂੰ ਵਾਰਡ ਨੰਬਰ-6 ਅਤੇ ਹਰਨੇਕ ਸਿੰਘ ਮੁੰਡੀ ਖਰੜ ਨੂੰ ਵਾਰਡ ਨੰਬਰ-7 ਤੋਂ ਉਮੀਦਵਾਰ ਬਣਾਇਆ ਗਿਆ ਹੈ।
ਡੇਰਾਬੱਸੀ ਲਈ ਵਾਰਡ ਨੰਬਰ-9 ਤੋਂ ਸਵਰਨ ਸਿੰਘ, ਵਾਰਡ ਨੰਬਰ-12 ਤੋਂ ਮਾਸਟਰ ਜਗਦੀਸ਼ ਸਿੰਘ ਅਤੇ ਵਾਰਡ ਨੰਬਰ-17 ਤੋਂ ਰਾਜੇਸ਼ ਕੁਮਾਰ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦੋਂਕਿ ਲਾਲੜੂ ਤੋਂ ਵਾਰਡ ਨੰਬਰ-11 ਤੋਂ ਰਾਮਕਲੀ ਅਤੇ ਵਾਰਡ ਨੰਬਰ-14 ਤੋਂ ਗੁਰਜੀਤ ਸਿੰਘ ਬਾਲੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਹ ਸਾਰੇ ਉਮੀਦਵਾਰ ਹਾਥੀ ਚੋਣ ਨਿਸ਼ਾਨ ਤੇ ਚੋਣ ਲੜਨਗੇ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਜ਼ਿਲ੍ਹੇ ਵਿੱਚ ਚੋਣ ਜਾਬਤੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ ਹੈ। ਖਾਸ ਤੌਰ ਤੇ ਗਰੀਬਾਂ ਦੀਆਂ ਕਲੋਨੀਆਂ ਵਿੱਚ ਨਾ ਤਾਂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਅਤੇ ਹੀ ਸੀਵਰੇਜ ਦੀ ਸਹੂਲੀਅਤ ਹੈ।
ਇਸ ਮੌਕੇ ਮਾਸਟਰ ਨੱਛਤਰ ਸਿੰਘ ਇੰਚਾਰਜ ਮੁਹਾਲੀ, ਹਰਨੇਕ ਸਿੰਘ ਦੇਵਪੁਰੀ ਇੰਚਾਰਜ ਖਰੜ, ਸੋਹਣ ਸਿੰਘ ਬਾਵਾ ਸਾਬਕਾ ਪ੍ਰਧਾਨ, ਉਜਾਗਰ ਸਿੰਘ ਦੁਭਾਈ, ਰਾਜੀਵ ਕੁਮਾਰ ਪ੍ਰਧਾਨ ਉਧਮ ਸਿੰਘ ਕਲੋਨੀ, ਮੋਹਨ ਲਾਲ ਪ੍ਰਧਾਨ ਪ੍ਰਭਾਵੀ ਭਾਈਚਾਰਾ ਜ਼ਿਲ੍ਹਾ ਮੁਹਾਲੀ, ਸੰਜੀਵ ਕੁਮਾਰ ਖਰੜ, ਦਇਆ ਨੰਦ, ਸਰਵਨ ਕੁਮਾਰ, ਸ਼ਿਆਮ ਕੌਰ ਬਨਵਾਰੀ, ਰਾਮੇਸ਼, ਸੋਨੂੰ, ਪੂਨਮ ਕੁਮਾਰੀ, ਧਰਮ ਸਿੰਘ, ਵਿਸ਼ਾਲ, ਭੀਖ ਸਿੰਘ, ਹਰਬੰਸ ਸਿੰਘ ਵੀ ਹਾਜ਼ਰ ਸਨ।