
ਬਸਪਾ ਨੇ ਗੁਰਮੀਤ ਸਿੰਘ ਬਾਕਰਪੁਰ ਨੂੰ ਮੁਹਾਲੀ ਵਿਧਾਨ ਸਭਾ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ: ਬੈਨੀਵਾਲ
9 ਅਕਤੂਬਰ ਸਾਹਿਬ ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ ਜਲੰਧਰ ‘ਚ ਭੁੱਲ ਸੁਧਾਰ ਰੈਲੀ ਦੇ ਰੂਪ ‘ਚ ਹੋਵੇਗਾ: ਜਸਵੀਰ ਗੜ੍ਹੀ
ਨਬਜ਼-ਏ-ਪੰਜਾਬ ਬਿਊਰੋ, ਜਲੰਧਰ/ਚੰਡੀਗੜ੍ਹ, 2 ਅਕਤੂਬਰ:
ਬਹੁਜਨ ਸਮਾਜ ਪਾਰਟੀ ਵੱਲੋਂ ਮੁਹਾਲੀ ਵਿਧਾਨ ਸਭਾ ਦੀ ਬਸਪਾ ਤੇ ਬਾਮਸੇਫ ਲੀਡਰਸ਼ਿਪ ਨਾਲ ਲੰਬੀਆਂ ਵਿਚਾਰਾਂ ਤੋਂ ਬਾਅਦ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਵਿੱਚ ਮੁਹਾਲੀ ਤੋਂ ਗੁਰਮੀਤ ਸਿੰਘ ਬਾਕਰਪੁਰ ਨੂੰ ਹਲਕਾ ਇੰਚਾਰਜ ਐਲਾਨਿਆ ਗਿਆ। ਬਸਪਾ ਪੰਜਾਬ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਨੇ ਐਲਾਨ ਕਰਦਿਆਂ ਜਾਣਕਾਰੀ ਦਿੱਤੀ ਕਿ ਸਥਾਨਕ ਬਸਪਾ ਤੇ ਬਾਮਸੇਫ ਲੀਡਰਸ਼ਿਪ ਦੀ ਡੂੰਘੀ ਪੜਚੋਲ ਤੋਂ ਬਾਅਦ ਰਿਪੋਰਟਾਂ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨਿਰਦੇਸ਼ਾਂ ਵਿੱਚ ਜਿਥੇ ਅੱਜ ਗੁਰਮੀਤ ਸਿੰਘ ਬਾਕਰਪੁਰ ਨੂੰ ਸ਼ਾਮਿਲ ਕਰਵਾਇਆ ਗਿਆ ਉੇਥੇ ਹੀ ਮੁਹਾਲੀ ਦਾ ਇੰਚਾਰਜ ਨਿਯੁਕਤ ਕਰਕੇ 9 ਅਕਤੂਬਰ ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਮੌਕੇ ਭੁੱਲ ਸੁਧਾਰ ਰੈਲੀ ਲਈ 100 ਬੱਸਾਂ ਦੇ ਕਾਫਿਲੁ ਦਾ ਟੀਚਾ ਦਿੱਤਾ ਗਿਆ। ਸ੍ਰੀ ਬੈਨੀਵਾਲ ਨੇ ਕਿਹਾ ਕਿ ਗੁਰਮੀਤ ਸਿੰਘ ਬਾਕਰਪੁਰ ਬਸਪਾ ਦੇ ਸੰਭਾਵੀ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਬਸਪਾ ਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਲਗਾਇਆ ਮੌਜੂਦਾ ਹਲਕਾ ਇੰਚਾਰਜ ਜਦੋਂ ਦੀ ਮੁਹਾਲੀ ਵਿਧਾਨਸਭਾ ਹੋਂਦ ਵਿੱਚ ਆਈ ਹੈ, ਪਹਿਲੀ ਵਾਰ ਸਥਾਨਕ ਉਮੀਦਵਾਰ ਦਿੱਤਾ ਗਿਆ ਹੈ। ਸ੍ਰੀ ਬੈਨੀਵਾਲ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਦਾ ਸਖਤ ਨਿਰਦੇਸ਼ ਹੈ ਕਿ ਭਵਿੱਖ ਵਿੱਚ ਕੋਈ ਵੀ ਸੀਟ ਦੀ ਅਦਲਾ ਬਦਲੀ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ 9 ਅਕਤੂਬਰ ਤੋਂ ਪਹਿਲਾਂ ਪਹਿਲਾਂ ਬਸਪਾ ਆਪਣੇ ਹਿੱਸੇ ਦੀਆਂ 20 ਸੀਟਾਂ ਤੋਂ ਹਲਕਾ ਇੰਚਾਰਜਾਂ ਦਾ ਐਲਾਨ ਕਰ ਦੇਵੇਗੀ।
ਇਸ ਮੌਕੇ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਅਤੇ ਸ੍ਰੋਮਣੀ ਅਕਾਲੀ ਦਲ ਦੀ ਪਹਿਲੀ ਸਾਂਝੀ ਰੈਲੀ ਜਲੰਧਰ ਵਿਖੇ 9 ਅਕਤੂਬਰ ਨੂੰ ਹੋ ਰਹੀ ਹੈ ਜਿਸਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ। ਇਸ ਮੌਕੇ ਗੁਰਮੀਤ ਸਿੰਘ ਬਾਕਰਪੁਰ ਨੇ ਕਿਹਾ ਕਿ ਮੋਹਾਲੀ ਵਿਧਾਨਸਭਾ ਦੇ ਹਰ ਵੋਟਰ ਦੀ ਇੱਛਾ ਸੀ ਕਿ ਸਥਾਨਕ ਉਮੀਦਵਾਰ ਦਿੱਤਾ ਜਾਵੇ। ਮੁਹਾਲੀ ਵਾਸੀਆਂ ਦੀ ਇੱਛਾ ਦਾ ਸਨਮਾਨ ਬਸਪਾ ਨੇ ਕੀਤਾ ਹੈ ਜਿਸ ਲਈ ਉਹ ਸਾਰੇ ਹੀ ਮੁਹਾਲੀ ਵਾਸੀਆਂ ਵੱਲੋਂ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਉਪ ਪ੍ਰਧਾਨ ਹਰਜੀਤ ਸਿੰਘ, ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜਾ, ਸੂਬਾ ਸਕੱਤਰ ਜਗਜੀਤ ਸਿੰਘ ਛੜਬੜ, ਜ਼ੋਨ ਇੰਚਾਰਜ ਹਰਨੇਕ ਸਿੰਘ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ, ਸੁਖਦੇਵ ਸਿੰਘ ਚੱਪੜਚਿੜੀ, ਜ਼ਿਲ੍ਹਾ ਉਪ ਪ੍ਰਧਾਨ, ਹਲਕਾ ਪ੍ਰਧਾਨ ਬਖਸ਼ੀਸ਼ ਸਿੰਘ ਬੰਗੜ, ਦਰਬਾਰਾ ਸਿੰਘ, ਸਵਰਨ ਸਿੰਘ ਲਾਂਡਰਾ, ਦੀਪਕ ਕੁਮਾਰ, ਗੁਰਮੀਤ ਸਿੰਘ ਢਿੱਲੋਂ, ਸੁੱਖੀ ਚਾਚੋਮਾਜਰਾ, ਗੁਰਦਰਸ਼ਨ ਸਿੰਘ ਦਰਸ਼ੀ, ਅਵਤਾਰ ਸਿੰਘ ਕਨੌਲੀ, ਹਰਜੋਤ ਸਿੰਘ ਬਾਕਰਪੁਰ, ਦੀਦਾਰ ਸਿੰਘ ਆਦਿ ਸ਼ਾਮਲ ਸਨ।