
ਬਸਪਾ ਆਗੂ ਪਾਲ ਸਿੰਘ ਰੱਤੂ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਿਰਪਾਓ ਦੇ ਕੇ ਕੀਤਾ ਸ਼ਾਨਦਾਰ ਸਵਾਗਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਸ੍ਰੀ ਆਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਹਲਕਾ ਇੰਚਾਰਜ਼ ਅਤੇ ਸੀਨੀਅਰ ਆਗੂ ਪਾਲ ਸਿੰਘ ਰੱਤੂ ਅੱਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ ਪਾਲ ਸਿੰਘ ਰੱਤੂ ਨੂੰ ਸਿਰਪਾਓ ਦੇ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਉਹ ਬੀਬੀ ਮਨਹੇੜਾ ਦੇ ਸਹਿਯੋਗ ਸਦਕਾ ਪਾਰਟੀ ਵਿੱਚ ਸ਼ਾਮਲ ਹੋਏ। ਸ੍ਰੀ ਰੱਤੂ ਦੇ ਇਸ ਫੈਸਲੇ ਨਾਲ ਬਸਪਾ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਾਲ ਸਿੰਘ ਰੱਤੂ ਇੱਕ ਬਹੁਤ ਹੀ ਸੂਝਵਾਨ ਅਤੇ ਜੁਝਾਰੂ ਵਰਕਰ ਆਗੂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ, ਜਿਸ ਵਿੱਚ ਹਰ ਛੋਟੇ ਵਰਕਰ ਤੋਂ ਲੈ ਕੇ ਆਗੂ ਤੱਕ ਪਾਰਟੀ ਦੁਆਰਾ ਗੱਲ ਸੁਣੀ ਜਾਂਦੀ ਹੈ। ਇਸ ਮੌਕੇ ਹਲਕਾ ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਜਥੇਦਾਰ ਦਿਲਬਾਗ ਸਿੰਘ ਮੀਆਪੁਰ, ਅੰਮ੍ਰਿਤ ਲਾਲ, ਅਵਤਾਰ ਸਿੰਘ ਮੌਲੀ, ਬਲਦੇਵ ਸਿੰਘ, ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਸਰਗਰਮ ਵਰਕਰ ਮੌਜੂਦ ਸਨ।