
ਬਸਪਾ ਆਗੂਆਂ ਨੇ ਸੰਭਾਲੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਦੀ ਚੋਣ ਮੁਹਿੰਮ ਦੀ ਕਮਾਂਡ
ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਨੇ ਕਲੋਨੀਆਂ ਵਿੱਚ ਜਾ ਕੇ ਲੋਕਾਂ ਨਾਲ ਕੀਤਾ ਰਾਬਤਾ ਕਾਇਮ
ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਗਰੀਬ ਬੱਚਿਆਂ ਦੀ ਸਾਰੀ ਪੜਾਈ ਮੁਫ਼ਤ: ਪਰਵਿੰਦਰ ਬੈਦਵਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਲੀਡਰਸ਼ਿਪ ਨੇ ਮੁਹਾਲੀ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਦੀ ਚੋਣ ਮੁਹਿੰਮ ਦੀ ਕਮਾਂਡ ਆਪਣੇ ਹੱਥਾਂ ਵਿੱਚ ਲੈ ਕੇ ਅੱਜ ਵੱਖ-ਵੱਖ ਕਲੋਨੀਆਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਬਸਪਾ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਚੱਪੜਚਿੜੀ ਨੇ ਕਲੋਨੀਆਂ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਅਤੇ ਲੋਕਾਂ ਨੂੰ ਕਾਂਗਰਸ ਅਤੇ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਸੁਚੇਤ ਕਰਦਿਆਂ ਇਨ੍ਹਾਂ ਦੇ ਝੂਠੇ ਅਤੇ ਗੁਮਰਾਹਕੁਨ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਬੋਲਦਿਆਂ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ ਅਤੇ ਅੌਰਤਾਂ ਨੂੰ ਮਾਤਾ ਖੀਵੀ ਯੋਜਨਾ ਤਹਿਤ 2 ਹਜ਼ਾਰ ਰੁਪਏ ਮਹੀਨਾ, ਨੀਲਾ ਕਾਰਡ ਧਾਰਕ ਘਰ ਦੀ ਹਰ ਅੌਰਤ ਮੁਖੀ ਨੂੰ ਸਨਮਾਨ ਭੱਤਾ ਅਤੇ 800 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਇਹੀ ਨਹੀਂ ਕਾਂਗਰਸੀ ਆਗੂਆਂ ਦੀ ਸਹਿ ’ਤੇ ਜਿਨ੍ਹਾਂ ਲੋਕਾਂ ਦੇ ਵੱਡੇ ਪੱਧਰ ’ਤੇ ਨੀਲੇ ਕਾਰਡ ਨਿੱਜੀ ਰੰਜਸ਼ ਕਾਰਨ ਕੱਟੇ ਗਏ ਹਨ, ਉਨ੍ਹਾਂ ਪਰਿਵਾਰਾਂ ਦੇ ਦੁਬਾਰਾ ਕਾਰਡ ਬਣਾਏ ਜਾਣਗੇ। ਬੈਦਵਾਨ ਨੇ ਸ਼ਹੀਦ ਊਧਮ ਸਿੰਘ ਕਲੋਨੀ, ਗੁਰੂ ਨਾਨਕ ਕਲੋਨੀ, ਅਮਰ ਕਲੋਨੀ ਸਮੇਤ ਹੋਰਨਾਂ ਝੁੱਗੀਆਂ ਝੌਪੜੀਆਂ ਦਾ ਦਾ ਦੌਰਾ ਕਰ ਕੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਉਨ੍ਹਾਂ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਯੂਥ ਵਿੰਗ ਮੁਹਾਲੀ ਦੇ ਪ੍ਰਧਾਨ ਕੈਪਟਨ ਰਮਨਦੀਪ ਸਿੰਘ ਬਾਵਾ, ਸੋਨੀ ਬੜੀ, ਕੁਲਦੀਪ ਸਿੰਘ ਬੈਂਰੋਪੁਰ, ਸ਼ਹੀਦ ਊਧਮ ਸਿੰਘ ਕਲੋਨੀ ਦੇ ਪ੍ਰਧਾਨ ਬੇਕ ਸਿੰਘ, ਗੁਰੂ ਨਾਨਕ ਤੇ ਅਮਰ ਕਲੋਨੀ ਦੇ ਪ੍ਰਧਾਨ ਗਿਆਨ ਪ੍ਰਕਾਸ਼, ਮੋਹਨ ਲਾਲ, ਰਾਮ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਤੇ ਬਸਪਾ ਵਰਕਰ ਮੌਜੂਦ ਸਨ।