ਦੂਸ਼ਿਤ ਪਾਣੀ: ਬਸਪਾ ਪ੍ਰਧਾਨ ਜਸਵੀਰ ਗੜ੍ਹੀ ਨੇ ਫਗਵਾੜਾ ਵਿੱਚ ਮੌਤਾਂ ਬਾਰੇ ਕੀਤਾ ਖੁਲਾਸਾ

ਲਖੀਮਪੁਰ ਜਾ ਕੇ 50 ਲੱਖ ਦੇਣ ਵਾਲੇ ਮੁੱਖ ਮੰਤਰੀ ਫਗਵਾੜੇ ਦੇ ਦਲਿਤ-ਪੱਛੜੇ ਲੋਕਾਂ ਦੀ ਵੀ ਉਸੇ ਤਰਜ ਤੇ ਮਦਦ ਕਰਨ: ਗੜ੍ਹੀ

ਇੰਨਾਂ ਕੁੱਝ ਹੋਣ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਬਣਿਆ ਮੂਕ ਦਰਸ਼ਕ ? ਬਸਪਾ-ਅਕਾਲੀ ਦਲ ਵੱਲੋਂ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਅਲਟੀਮੇਟਮ

ਨਬਜ਼-ਏ-ਪੰਜਾਬ ਬਿਊਰੋ, ਫਗਵਾੜਾ, 24 ਅਕਤੂਬਰ:
ਫਗਵਾੜਾ ਦੇ ਮੁਹੱਲਾ ਪੀਪਾਰੰਗੀ, ਸ਼ਿਵਪੁਰੀ ਤੇ ਸ਼ਾਮਨਗਰ ਸਮੇਤ ਹੋਰ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਤੇ ਕਹਿਰ ਬਣ ਕੇ ਆਈ ਗੈਸਟ੍ਰੋਇੰਟਰਾਈਟਸ ਬੀਮਾਰੀ ਦੇ ਫੈਲਣ, ਬੀਮਾਰ ਹੋਏ ਲੋਕਾਂ ਅਤੇ ਇੱਕ ਮਹਿਲਾ ਦੀ ਮੌਤ ਤੋਂ ਬਾਅਦ ਐਤਵਾਰ ਨੂੰ ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਸਰਵਣ ਸਿੰਘ ਕੁਲਾਰ ਵੱਲੋਂ ਸਾਂਝੇ ਤੌਰ ਤੇ ਕੀਤੇ ਗਏ ਇਨ੍ਹਾਂ ਇਲਾਕਿਆਂ ਦੇ ਦੌਰੇ ਨੇ ਵੱਡੇ ਖੁਲਾਸੇ ਕਰ ਦਿੱਤੇ ਹਨ ਜਿਸਦੇ ਚਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਤੇ ਕਈ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਫਗਵਾੜਾ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਰਕੇ ਬਣੀ ਭਿਆਨਕ ਸਥਿਤੀ ਦੇ ਚਲਦਿਆਂ ਬੀਮਾਰ ਹੋਏ ਲੋਕਾਂ ਦੀਆਂ ਮੌਤਾਂ ਦੇ ਅੰਕੜੇ ਨੂੰ ਲੈ ਕੇ ਸ. ਗੜ੍ਹੀ ਨੇ ਵੱਡਾ ਖੁਲਾਸਾ ਕਰਦਿਆਂ ਦਸਿਆ ਕਿ ਜ਼ਮੀਨੀ ਹਕੀਕਤ ਦੀ ਪੜਚੋਲ ਕਰਨ ਮਗਰੋਂ ਪਤਾ ਲੱਗਿਆ ਹੈ ਕਿ ਮੌਤਾਂ ਦੀ ਗਿਣਤੀ 2 ਨਹੀਂ 9 ਹੈ ਪਰ ਪ੍ਰਸ਼ਾਸਨ ਇਸ ਗਿਣਤੀ ਨੂੰ ਲੁਕੋ ਕੇ ਇਸ ਪੂਰੇ ਮਾਮਲੇ ਵਿੱਚ ਹੋਈ ਲਾਪਰਵਾਹੀ ਤੇ ਪਰਦਾ ਪਾ ਰਿਹਾ ਹੈ। ਬਹੁਤ ਹੀ ਭਰੇ ਮਨ ਦੇ ਨਾਲ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਗਰੀਬਾਂ ਦੀ ਜ਼ਿੰਦਗੀ ਦੀ ਕੀਮਤ ਸਰਕਾਰ ਅਤੇ ਪ੍ਰਸ਼ਾਸਨ ਕਿੰਨੀਂ ਕੁ ਸਮਝਦਾ ਹੈ, ਫਗਵਾੜਾ ਵਿੱਚ ਫੈਲੀ ਇਸ ਭਿਆਨਕ ਬੀਮਾਰੀ ਨੇ ਉਹ ਸਪੱਸ਼ਟ ਕਰ ਦਿੱਤਾ ਹੈ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਇੰਨੇਂ ਦਿਨਾਂ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਨਾਂ ਤਾਂ ਲੋਕਾਂ ਲਈ ਸਾਫ ਪਾਣੀ ਦਾ ਕੋਈ ਢੁੱਕਵਾਂ ਪ੍ਰਬੰਧ ਕੀਤਾ ਅਤੇ ਨਾਂ ਹੀ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਅਜੇ ਤੱਕ ਰੋਕਿਆ ਹੀ ਗਿਆ ਹੈ। ਉਨਾਂ੍ਹ ਫਗਵਾੜਾ ਵਿੱਚ ਬੀਮਾਰ ਹੋਏ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਫਗਵਾੜਾ ਦਾ ਸਿਵਲ ਹਸਪਤਾਲ ਸਿਰਫ ਰੈਫਰ ਕਰਨ ਵਾਲਾ ਹਸਪਤਾਲ ਬਣ ਕੇ ਰਹਿ ਗਿਆ ਹੈ ਕਿਉਂਕਿ ਜਿਹੜੇ ਹਸਪਤਾਲ ਦੇ ਵਿੱਚ ਉਲਟੀਆਂ ਤੇ ਦਸਤ ਦੇ ਮਰੀਜ਼ਾਂ ਨੂੰ ਵੀ ਇਲਾਜ ਦੇਣ ਦੀ ਸਮਰੱਥਾ ਨਹੀਂ ਉਹ ਹੋਰ ਵੱਡੀਆਂ ਸਿਹਤ ਸਹੂਲਤਾਂ ਕੀ ਦੇ ਸਕਦਾ ਹੋਵੇਗਾ ? ਉਨ੍ਹਾਂ ਕਿਹਾ ਕਿ ਉਲਟੀਆਂ ਤੇ ਦਸਤ ਦੇ ਮਰੀਜ਼ਾਂ ਨੂੰ ਵੀ ਫਗਵਾੜਾ ਸਿਵਲ ਹਸਪਤਾਲ ਦੇ ਡਾਕਟਰ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟ ਹੋਣ ਲਈ ਰੈਫਰ ਕਰ ਰਹੇ ਹਨ ਜਿਸ ਤੋਂ ਕਾਂਗਰਸ ਅਤੇ ਭਾਜਪਾ ਦੇ ਵਿਕਾਸ ਅਤੇ ਸਿਹਤ ਸਹੂਲਤਾਂ ਦੇ ਦਾਅਵਿਆਂ ਦੀ ਪੋਲ ਪੱਟੀ ਖੁੱਲ ਰਹੀ ਹੈ। ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਨੇ ਸਾਂਝੇ ਤੌਰ ਦੇ ਕਿਹਾ ਕਿ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਸ਼ਾਸਨ ਮੰਨ ਰਿਹੈ ਕਿ 70 ਫੀਸਦੀ ਸੈਂਪਲ ਫੇਲ ਹੋਏ ਹਨ ਪਰ ਬਸਪਾ ਦਾ ਮੰਨਣਾ ਹੈ ਕਿ 100 ਫੀਸਦੀ ਸੈਂਪਲਿੰਗ ਫੇਲ੍ਹ ਹੋਈ ਹੈ। ਸ. ਗੜ੍ਹੀ ਨੇ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚੋਂ ਜਨਪ੍ਰਤੀਨਿਧੀਆਂ ਦੀ ਹਾਜ਼ਰੀ ਵਿੱਚ ਮੁੜ ਤੋਂ ਸੈਂਪਲਿੰਗ ਕਰਵਾ ਕੇ ਸੀਲ ਬੰਦ ਕਰਕੇ ਲੈਬੋਰੇਟ੍ਰੀ ਵਿੱਚ ਜਾਂਚ ਲਈ ਭੇਜੀ ਜਾਣੀ ਚਾਹੀਦੀ ਹੈ।
ਇਸ ਦੌਰਾਨ ਬਸਪਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮੌਕੇ ਤੋਂ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉਪਨ ਨਾਲ ਇਸ ਮਸਲੇ ਤੇ ਗੱਲਬਾਤ ਕੀਤੀ ਜਿਸਦੀ ਜਾਣਕਾਰੀ ਦਿੰਦਿਆਂ ਸ. ਗੜ੍ਹੀ ਨੇ ਦਸਿਆ ਕਿ ਡੀ.ਸੀ ਨੇ ਕਿਹਾ ਕਿ ਉਹ ਸਿਵਲ ਸਰਜਨ ਤੋਂ ਇਸ ਸਾਰੇ ਮਾਮਲੇ ਦੀ ਰਿਪੋਰਟ ਲੈਂਦੇ ਹਨ। ਸ. ਗੜ੍ਹੀ ਨੇ ਕਿਹਾ ਕਿ ਇਸਦਾ ਮਤਲਬ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇੰਨਾਂ ਕੁੱਝ ਹੋਣ ਤੋਂ ਬਾਅਦ ਵੀ ਸੁੱਤਾ ਹੀ ਪਿਆ ਹੈ ਜਿਸਨੂੰ ਇਹ ਵੀ ਨਹੀਂ ਪਤਾ ਕਿ ਉਥੇ ਚੱਲ ਕੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਉਹ ਬੈਲਟ ਜਾਂ ਇਲਾਕਾ ਹੈ ਜਿੱਥੇ 90 ਫੀਸਦੀ ਦੇ ਕਰੀਬ ਐਸ.ਸੀ ਅਤੇ ਪੱਛੜੇ ਵਰਗਾਂ ਦੀ ਆਬਾਦੀ ਰਹਿੰਦੀ ਹੈ ਅਤੇ ਕਾਂਗਰਸ ਸਰਕਾਰ ਦਲਿਤਾਂ ਤੇ ਪੱਛੜੇ ਵਰਗਾਂ ਦੀ ਹਿਤੈਸ਼ੀ ਹੋਣ ਦਾ ਤਾਂ ਰੌਲਾ ਪਾ ਰਹੀ ਹੈ ਪਰ ਅਮਲ ਵਿੱਚ ਕੁੱਝ ਨਹੀਂ ਲਿਆ ਰਹੀ ਜਿਸਦਾ ਤਾਜ਼ਾ ਜਾਗਦਾ ਸਬੂਤ ਫਗਵਾੜਾ ਦੇ ਇਹ ਇਲਾਕੇ ਹਨ ਜਿੱਥੇ ਲੋਕ ਦੂਸ਼ਿਤ ਪਾਣੀ ਪੀਣ ਕਰਕੇ ਆਪਣੀਆਂ ਜਾਨਾਂ ਗਵਾ ਰਹੇ ਹਨ। ਸ. ਗੜ੍ਹੀ ਅਤੇ ਸ. ਕੁਲਾਰ ਨੇ ਸਾਂਝੇ ਤੌਰ ਤੇ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਬਾਹਰਲੇ ਸੂਬੇ ਵਿੱਚ ਜਾ ਕੇ ਲਖੀਮਪੁਰ ਵਿਖੇ 50-50 ਲੱਖ ਰੁਪਏ ਤੇ ਨੌਕਰੀ ਦੇ ਸਕਦੇ ਹਨ ਤਾਂ ਪੰਜਾਬ ਦੇ ਇਨ੍ਹਾਂ ਦਲਿਤ ਮਜ਼ਦੂਰ ਗਰੀਬ ਪਰਿਵਾਰਾਂ ਨੂੰ ਇਹ 50 ਲੱਖ ਤੇ ਨੌਕਰੀ ਕਿਉਂ ਨਹੀਂ ਦਿੱਤੀ ਜਾ ਸਕਦੀ ? ਉਨ੍ਹਾਂ ਸਾਂਝੇ ਤੌਰ ਤੇ ਮੰਗ ਕਰਦਿਆਂ ਕਿਹਾ ਕਿ ਜਾਨਾਂ ਗਵਾਉਣ ਵਾਲੇ ਪਰਿਵਾਰਾਂ ਨੂੰ 50-50 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਜਦਕਿ ਜਿਨ੍ਹਾਂ ਦਾ ਇਲਾਜ ਨਿੱਜੀ ਹਸਪਤਾਲਾਂ ਵਿੱਚ ਚੱਲ ਰਿਹਾ ਹੈ ਉਨ੍ਹਾਂ ਨੂੰ ਇਲਾਜ ਲਈ 50-50 ਹਜ਼ਾਰ ਰੁਪਏ ਦੀ ਇਮਦਾਦ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇ ਕਿਉਂਕਿ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲਿਆਂ ਦਾ ਘੱਟੋ ਘੱਟ ਖਰਚਾ 40-50 ਹਜ਼ਾਰ ਰੁਪਏ ਹੋ ਰਿਹਾ ਹੈ। ਇਸ ਮੌਕੇ ਸ. ਗੜ੍ਹੀ ਵੱਲੋਂ ਪ੍ਰਸ਼ਾਸਨ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮਸਲੇ ਲਈ ਗੰਭੀਰਤਾ ਨਾ ਦਿਖਾਈ ਤਾਂ ਬਸਪਾ ਅਤੇ ਅਕਾਲੀ ਦਲ ਅਗਲੇ ਸੰਘਰਸ਼ ਦਾ ਐਲਾਨ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਰਜਿੰਦਰ ਸਿੰਘ ਚੰਦੀ, ਪ੍ਰਧਾਨ ਸ਼ਿੰਗਾਰਾ ਸਿੰਘ, ਨਗਰ ਨਿਗਮ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਝਿਲਮਣ ਸਿੰਘ, ਇੰਦਰਜੀਤ ਬਸਰਾ, ਮਾਸਟਰ ਹਰਭਜਨ ਸਿੰਘ ਬਲਾਲੋਂ, ਚਿਰੰਜੀ ਲਾਲ ਪ੍ਰਧਾਨ, ਲੇਖਰਾਜ ਜਮਾਲਪੁਰੀ, ਮੁਖਤਿਆਰ ਮਹਿਮੀ, ਪ੍ਰਦੀਸ਼ ਬੰਗਾ, ਨਰੇਸ਼ ਕੈਲੇ ਆਦਿ ਨਾਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…