ਪੰਜਾਬ ਦੀ ਰਾਜਨੀਤੀ ਵਿੱਚ ਬਸਪਾ ਅਹਿਮ ਰੋਲ ਅਦਾ ਕਰੇਗੀ: ਰਣਧੀਰ ਬੈਨੀਵਾਲ

ਪੰਜਾਬ ਨੂੰ ਝੂਠੇ ਚਾਲਬਾਜ਼ ਹਾਕਮਾਂ ਦੇ ਚੁੰਗਲ ਚੋਂ ਆਜ਼ਾਦ ਕਰਾ ਸਕਦੀ ਬਸਪਾ: ਜਸਵੀਰ ਸਿੰਘ ਗੜ੍ਹੀ

ਪਿਛਲੇ 30 ਸਾਲਾਂ ਤੋਂ ਮੰਡਲ ਕਮਿਸ਼ਨ ਰਿਪੋਰਟ ਲਾਗੂ ਨਾ ਕਰਨਾ ਪੰਜਾਬ ਦੀਆਂ ਬੈਕਵਰਡ ਕਲਾਸਾਂ ਨਾਲ: ਵਿਪੁਲ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਰੂਪਨਗਰ, 2 ਅਪਰੈਲ:
ਬਹੁਜਨ ਸਮਾਜ ਪਾਰਟੀ ਵਲੋਂ ਸੂਬਾ ਪੱਧਰੀ ਰੈਲੀ ਬੇਗਮਪੁਰਾ ਪਾਤਸ਼ਾਹੀ ਬਣਾਓ ਦੇ ਬੈਨਰ ਹੇਠ ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਦੇ ਜੱਦੀ ਪਿੰਡ ਖੁਆਸਪੁਰਾ ਵਿਖੇ ਉਹਨਾਂ ਦੇ 87ਵੇ ਜਨਮ ਦਿਨ ਮੌਕੇ ਕੀਤੀ, ਜਿੱਥੇ ਹਜ਼ਾਰਾਂ ਵਰਕਰਾਂ ਤੇ ਸਮਰਥਕਾ ਦਾ ਠਾਠਾਂ ਮਾਰਦਾ ਇਕੱਠ ਮਹਾਂਰੈਲੇ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ। ਸਾਰਾ ਰੋਪੜ ਸ਼ਹਿਰ ਨੀਲੇ ਝੰਡਿਆਂ ਨਾਲ ਰੰਗਿਆ ਗਿਆ ਅਤੇ ਰੈਲੀ ਦਾ ਵਿਸ਼ਾਲ ਪੰਡਾਲ ਸੀ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਵਿਪੁਲ ਕੁਮਾਰ ਸਨ। ਰੈਲੀ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ, ਰੈਲੀ ਦਾ ਮੰਚ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਸੀ। ਮੁੱਖ ਮੰਚ ਉੱਪਰ ਸੂਬਾ ਕਮੇਟੀ, ਦੂਜੇ ਮੰਚ ਉੱਪਰ ਜ਼ਿਲਾ ਪ੍ਰਧਾਨ ਤੇ ਹੋਰ ਆਗੂ ਅਤੇ ਤੀਜਾ ਮੰਚ ਪਾਰਟੀ ਦੇ ਮਿਸ਼ਨਰੀ ਗਾਇਕਾ ਲਈ ਸੀ।
ਆਪਣੇ ਭਾਸ਼ਣ ਵਿੱਚ ਬੋਲਦਿਆਂ ਬੈਨੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਜੋ ਸਲੂਕ ਕੀਤਾ ਹੈ ਉਹ ਬਹੁਤ ਨਿੰਦਣਯੋਗ ਹੈ। ਬਸਪਾ ਕਿਸਾਨਾਂ ਦੇ ਨਾਲ ਖੜੀ ਹੈ। ਗੱਠਜੋੜ ਉਪਰ ਕਿਹਾ ਕਿ ਆਖਰੀ ਫੈਸਲਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਕਰਨਾ ਹੈ। ਬਾਕੀ ਜੋ ਵੀ ਗਠਜੋੜ ਬਾਰੇ ਚੱਲ ਰਿਹਾ ਹੈ ਉਹ ਸਿਰਫ਼ ਅਫਵਾਹਾਂ ਹਨ। ਅਸੀਂ ਪੰਜਾਬ ਵਿੱਚ ਜਿਥੇ ਪੰਜਾਬੀਆਂ ਦੇ ਹਿਤ ਲਈ ਸੋਚਕੇ ਅੱਗੇ ਵਧਣਾ ਹੈ ਓਥੇ ਹੀ ਗਰੀਬ ਮਜ਼ਦੂਰ ਦਲਿਤ ਤੇ ਪਿੱਛੜੇ ਵਰਗਾ ਦੇ ਹਿਤਾਂ ਦੀ ਅਣਦੇਖੀ ਨਹੀਂ ਕਰ ਸਕਦੇ।
ਆਤਮ ਵਿਸ਼ਵਾਸ ਨਾਲ ਲਬਾਲਬ ਪੰਜਾਬ ਬਸਪਾ ਦੇ ਨੌਜਵਾਨ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜੋਸ਼ੀਲੀ ਗੱਲਬਾਤ ਰੱਖਦਿਆ ਕਿਹਾ ਕਿ ਆਜ਼ਾਦੀ ਦੇ 73 ਸਾਲਾਂ ਵਿੱਚ ਪੰਜਾਬ ਨੂੰ ਮਿਲੇ ਹਾਕਮਾਂ ਨੇ ਪੰਜਾਬ ਨੂੰ ਸੂਬੇ ਤੋਂ ਸੂਬੀ ਬਣਾ ਦਿੱਤਾ, ਜਿਸ ਵਿੱਚ ਕਿਸਾਨ ਮਜ਼ਦੂਰ, ਮੁਲਾਜ਼ਮਾਂ, ਵਿਦਿਆਰਥੀ ਵਪਾਰੀ ਦੇ ਨਾਲ-ਨਾਲ ਦਲਿਤ ਪੱਛੜੇ ਵਰਗਾ ਨੂੰ ਹੀ ਨਹੀਂ ਕੁਚਲਿਆ ਗਿਆ ਸਗੋਂ ਦੇਸ਼ ਦੀ ਘੱਟ ਗਿਣਤੀ ਕੌਮ ਸਿੱਖਾਂ ਉੱਪਰ ਟੈਂਕਾਂ ਤੋਪਾਂ ਨਾਲ ਹਮਲਾ ਵੀ ਹੋਇਆ। ਇਸ ਲਈ ਦੋਸ਼ੀ ਕਾਂਗਰਸ ਤੇ ਭਾਜਪਾ ਸਰਕਾਰਾਂ ਦਾ ਰਾਜ ਰਿਹਾ ਜਿਸ ਦੇ ਕੁਪ੍ਰਬੰਧ ਵਿੱਚ ਵਿੱਚ ਪੰਜਾਬ ਸਿਰ ਪੌਣੇ ਤਿੰਨ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਸਿਰ ਚੜ੍ਹ ਗਿਆ।
ਸ੍ਰੀ ਗੜ੍ਹੀ ਨੇ ਕਿਹਾ ਕਿ ਬਸਪਾ ਦਾ ਰਾਜ ਆਉਣ ਤੇ ਕਿਸਾਨਾਂ ਨੂੰ ਹਰ ਫਸਲ ਉਪਰ ਐੱਮਐਸਪੀ ਦਿੱਤੀ ਜਾਏਗੀ। ਉੱਥੇ ਹੀ ਮਜ਼ਦੂਰਾਂ ਦੇ ਕੰਮ ਦੇ ਅੱਠ ਘੰਟੇ ਅਤੇ ਸਮਾਜਿਕ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਮੁਲਾਜ਼ਮਾਂ ਨੂੰ ਪੱਕੀਆਂ ਨੌਕਰੀਆਂ ਦੀ ਭਰਤੀ ਕੀਤੀ ਜਾਏਗੀ ਅਤੇ ਠੇਕਾ ਪ੍ਰਣਾਲੀ, ਆਉਟਸੋਰਸ ਆਦਿ ਪ੍ਰਬੰਧ ਖਤਮ ਕੀਤੇ ਜਾਣਗੇ। ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਰੋਜ਼ੀ-ਰੋਟੀ, ਆਟਾ-ਦਾਲ ਸ਼ਗਨ ਸਕੀਮਾਂ ਵਿੱਚ ਪਾਰਦਰਸ਼ਿਤਾ ਲਿਆਕੇ ਹਰ ਪੰਜਾਬੀ ਨੂੰ ਰੁਜ਼ਗਾਰ ਦੇਕੇ ਸਮਰਥਾਵਾਨ ਬਣਾਇਆ ਜਾਵੇਗਾ। ਬੇਰੁਜ਼ਗਾਰਾਂ ਨੂੰ ਰੁਜ਼ਗਾਰਦਾਤਾ ਬਣਾਕੇ ਪੰਜਾਬ ਨੂੰ ਉਤਪਾਦਕਤਾ ਵਾਲਾ ਸੂਬਾ ਬਣਾਇਆ ਜਾਵੇਗਾ ਤੇ ਫੂਡ ਪ੍ਰੋਸੈਸਿੰਗ ਤੇ ਹੋਰ ਉਦਯੋਗਿਕ ਖੇਤਰਾਂ ਨੂੰ ਉਨਤ ਕਰਕੇ ਪੰਜਾਬ ਨੂੰ ਦੇਸ਼ ਦਾ ਮੁੜ ਤੋਂ ਸਿਰਮੌਰ ਸੂਬਾ ਬਣਾਇਆ ਜਾਏਗਾ। ਗਰੀਬਾਂ ਘਰ ਤੇ ਬੇਜ਼ਮੀਨਿਆ ਲਈ ਜ਼ਮੀਨਾਂ ਦਾ ਪ੍ਰਬੰਧ ਬਸਪਾ ਸਰਕਾਰ ਕਰੇਗੀ।
85ਵੀ ਸੋਧ ਦਲਿਤਾਂ ਮੁਲਾਜ਼ਮਾਂ ਲਈ, ਬੈਕਲਾਗ ਭਾਰਤੀ ਤੇ ਰਿਜ਼ਰਵੇਸ਼ਨ ਲਾਗੂ ਕਰਨ ਵਿੱਚ ਕਮੀਆਂ ਨੂੰ ਦੂਰ ਕੀਤਾ ਜਾਏਗਾ। ਪਛੜਾ ਵਰਗ ਲਈ ਨੌਕਰੀਆਂ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ ਜਾਵੇਗੀ। ਈਸਾਈ ਭਾਈਚਾਰੇ ਲਈ ਸਿਹਤ ਸਿਖਿਆ ਰੁਜ਼ਗਾਰ ਰਾਖਵਾਂਕਰਨ ਦੇ ਨਾਲ ਨਾਲ ਕਬਰਸਤਾਨਾਂ ਦਾ ਪ੍ਰਬੰਧ ਵੀ ਕੀਤਾ ਜਾਏਗਾ। ਗੁਰੂਆਂ ਦੀ ਧਰਤੀ ਤੇ ਹਾਕਮਾਂ ਵੱਲੋਂ ਵਰਤਾਇਆ ਜਾ ਰਿਹਾ ਨਸ਼ਾ ਚਿੱਟਾ, ਜ਼ਹਿਰੀਲੀ ਸ਼ਰਾਬ ਦਾ ਹੜ੍ਹ ਗੁਜਰਾਤ ਬਿਹਾਰ ਨਾਗਾਲੈਂਡ ਮਿਜ਼ੋਰਮ ਕੇਰਲ ਆਦਿ ਸੂਬਿਆਂ ਦੀ ਤਰਜ਼ ’ਤੇ ਠਲਿਆ ਜਾਏਗਾ। ਰੇਤਾ ਬਜਰੀ ਦੀ ਨਾਜਾਇਜ ਮਾਈਨਿੰਗ ਤੇ ਭ੍ਰਿਸ਼ਟਾਚਾਰ ਰੋਕਣ ਵਿੱਚ ਪਿਛਲੇ 73 ਸਾਲਾਂ ਵਿੱਚ ਕਾਂਗਰਸ ਭਾਜਪਾ ਸਰਕਾਰਾਂ ਫੇਲ ਹੋਈਆਂ ਹਨ, ਭ੍ਰਿਸ਼ਟਾਚਾਰ ਨੂੰ ਨੱਥ ਬਸਪਾ ਸਰਕਾਰ ਪਾਏਗੀ।
ਸ੍ਰੀ ਵਿਪੁਲ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਓਬੀਸੀ ਜਮਾਤਾਂ ਨਾਲ ਧੋਖਾ ਹੁੰਦਾ ਆਇਆ ਹੈ ਅਤੇ ਹਾਲੇ ਤੱਕ ਓਬੀਸੀ ਜਮਾਤਾਂ ਲਈ ਮੰਡਲ ਕਮਿਸ਼ਨ ਰਿਪੋਰਟ ਸਰਕਾਰਾਂ ਨੇ ਲਾਗੂ ਨਹੀਂ ਕੀਤੀ ਹੈ। ਬਸਪਾ ਸੱਤਾ ਵਿੱਚ ਆਕੇ 24 ਘੰਟਿਆਂ ਵਿੱਚ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰੇਗੀ। ਸੂਬਾ ਜਨਰਲ ਸਕੱਤਰ ਡਾ. ਨਛੱਤਰ ਪਾਲ ਨੇ ਬਾਖੂਬੀ ਮੰਚ ਦਾ ਸੰਚਾਲਨ ਕਰਦਿਆਂ ਕੀਤਾ ਸੂਬਾ ਪ੍ਰਧਾਨ ਸ੍ਰੀ ਗੜ੍ਹੀ ਜੀ ਦੀ ਅਗਵਾਈ ਪੰਜਾਬ ਵਿੱਚ ਬਸਪਾ ਦਾ ਸੰਗਠਨ ਦਾ ਕੰਮ ਕਾਜ ਤੇਜ਼ੀ ਨਾਲ ਚਲ ਰਿਹਾ ਹੈ ਉੱਥੇ ਬਸਪਾ ਮਜ਼ਬੂਤ ਧਿਰ ਦੇ ਰੂਪ ਵਿਚ ਸਾਹਮਣੇ ਆਈ ਹੈ।
ਬਸਪਾ ਦੀ ਮਹਾਰੈਲੀ ਵਿਚ ਪ੍ਰਬੰਧਾਂ ਦਾ ਕੰਮ ਬਸਪਾ ਦੇ ਮਿਸ਼ਨਰੀ ਸਾਥੀਆਂ ਨੇ ਸੁਚੱਜੇ ਰੂਪ ਵਿੱਚ ਸਾਂਭਿਆ ਹੋਇਆ ਸੀ। ਬਹੁਜਨ ਵਾਲੰਟੀਅਰ ਫੋਰਸ ਦੇ ਨੌਜਵਾਨ ਨੀਲੀ ਪੈਂਟ ਚਿੱਟੀ ਕਮੀਜ਼ ਵਿਚ ਜਗ੍ਹਾ ਜਗ੍ਹਾ ਤਾਇਨਾਤ ਸਨ। ਪੁਲਿਸ ਪ੍ਰਬੰਧ ਦੀ ਸਖ਼ਤੀ ਅਣਹੋਣੀ ਨੂੰ ਰੋਕਣ ਲਈ ਦਸ ਤੋਂ ਜਿਆਦਾ ਮੈਟਲ ਡਿਟੈਕਟਰ ਮਸ਼ੀਨਾਂ ਨਾਲ ਤਾਇਨਾਤ ਸੀ। ਪਾਰਟੀ ਵਲੋਂ ਪੀਣ ਵਾਲੇ ਪਾਣੀ , ਸੈਨੀਟਾਈਜਰ ਤੇ ਮਾਸਕਾਂ ਦਾ ਖੁੱਲ੍ਹਾ ਪਰਬੰਧ ਸੀ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ, ਸੂਬਾ ਜਨਰਲ ਸਕੱਤਰ ਡਾ. ਨਛੱਤਰ ਪਾਲ, ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਗੁਰਲਾਲ ਸੈਲਾ, ਰਸ਼ਪਾਲ ਰਾਜੂ, ਭਗਵਾਨ ਸਿੰਘ ਚੌਹਾਨ, ਬਲਵਿੰਦਰ ਕੁਮਾਰ, ਬਲਦੇਵ ਮਹਿਰਾ, ਮਨਜੀਤ ਸਿੰਘ ਅਟਵਾਲ, ਸਵਿੰਦਰ ਸਿੰਘ ਛੱਜਲਵੰਡੀ, ਲਾਲ ਸਿੰਘ ਸੁਲਹਾਨੀ, ਰੋਹਿਤ ਖੋਖਰ, ਅਜੀਤ ਸਿੰਘ ਭੈਣੀ, ਗੁਰਮੇਲ ਸਿੰਘ ਜੀਕੇ, ਡਾ. ਜਸਪ੍ਰੀਤ ਸਿੰਘ, ਰਾਮ ਸਿੰਘ ਗੋਗੀ, ਰਮੇਸ਼ ਕੌਲ, ਕੁਲਦੀਪ ਸਿੰਘ ਸਰਦੂਲਗੜ੍ਹ, ਸੁਖਦੇਵ ਸਿੰਘ ਸ਼ੀਰਾ, ਸੰਤ ਰਾਮ ਮੱਲੀਆਂ, ਚਮਕੌਰ ਸਿੰਘ ਵੀਰ, ਦਰਸ਼ਨ ਸਿੰਘ ਝਲੂਰ, ਹਰਭਜਨ ਸਿੰਘ ਬਜਹੇੜੀ, ਐਡਵੋਕੇਟ ਵਿਜੈ ਬੱਧਣ, ਐਡਵੋਕੇਟ ਰਣਜੀਤ ਕੁਮਾਰ, ਗੁਰਮੇਲ ਚੁੰਬਰ, ਰਜਿੰਦਰ ਸਿੰਘ ਰੀਹਲ, ਡਾ. ਸੁਖਬੀਰ ਸਿੰਘ ਸਲਾਰਪੁਰ, ਜੋਗਾ ਸਿੰਘ ਪਨੋਦੀਆਂ, ਦਲਜੀਤ ਰਾਏ, ਬਲਜੀਤ ਸਿੰਘ ਭਾਰਾਪੁਰ, ਪਰਮਜੀਤ ਮੱਲ, ਰਾਜੇਸ਼ ਕੁਮਾਰ, ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …