
ਬਸਪਾ ਸੱਤਾ ਵਿੱਚ ਆ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੇਗੀ: ਕਰੀਮਪੁਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਮੁਹਾਲੀ ਵੱਲੋਂ ਸਾਲ 1992 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਿੰਡ ਦੁਬਾਲੀ ਦੇ ਪੰਜ ਨੌਜਵਾਨਾਂ ਭਾਈ ਚੰਬਾ ਸਿੰਘ, ਭਾਈ ਮਾਨ ਸਿੰਘ, ਭਾਈ ਜਸਬੀਰ ਸਿੰਘ, ਭਾਈ ਜਸਮੇਰ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਨੂੰ ਖਾੜਕੂਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਯਾਦ ਵਿੱਚ ਪਿੰਡ ਦਾਊਂ ਵਿਖੇ ਸ਼ਹੀਦੀ ਸਮਾਗਮ ਦੌਰਾਨ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸਿਆਸੀ ਕਾਨਫਰੰਸ ਕੀਤੀ ਗਈ।
ਇਸ ਮੌਕੇ ਬੋਲਦਿਆਂ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਇੰਚਾਰਜ ਪੰਜਾਬ ਤੇ ਚੰਡੀਗੜ੍ਹ ਨੇ ਕਿਹਾ ਕਿ ਸਾਲ 2024 ਵਿੱਚ ਸ਼ਹੀਦਾਂ ਦੀ ਯਾਦ ਵਿੱਚ ਵੱਡਾ ਸਮਾਗਮ ਕੀਤਾ ਜਾਵੇਗਾ। ਸ਼ਹੀਦੀ ਸਮਾਰਕ ਦਾਊਂ ਵਿਖੇ ਸ਼ਹੀਦਾਂ ਦੇ ਬੁੱਤ ਸਥਾਪਤ ਕੀਤੇ ਜਾਣਗੇ।
ਸ੍ਰੀ ਕਰੀਮਪੁਰੀ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਸੋਚ ਗਰੀਬ ਮਜ਼ਦੂਰ ਤੇ ਦਲਿਤ ਵਿਰੋਧੀ ਹੈ। ਇਨ੍ਹਾਂ ਤਿੰਨਾਂ ਪਾਰਟੀਆਂ ਨੇ ਅਦਾਲਤ ਵਿੱਚ ਹਲਫੀਆ ਬਿਆਨ ਦੇ ਕੇ ਕਿਹਾ ਕਿ ਦਲਿਤਾਂ ਵਿੱਚ ਜੁਡੀਸ਼ਲ ਅਹੁਦਿਆਂ ਲਈ ਕਾਬਲੀਅਤ ਨਹੀਂ ਹੈ। ਇਨ੍ਹਾਂ ਤਿੰਨਾਂ ਪਾਰਟੀਆਂ ਦੀ ਮਨੂਵਾਦੀ ਸੋਚ ਜੱਗ ਜ਼ਾਹਰ ਹੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਦਲਿਤਾਂ ਅਤੇ ਪੱਛੜੇ ਵਰਗਾਂ ’ਤੇ ਸ਼ਰ੍ਹੇਆਮ ਤਸ਼ੱਦਦ ਹੋ ਰਿਹਾ ਹੈ। ਡਾ. ਨਛੱਤਰ ਪਾਲ ਵਿਧਾਇਕ ਨਵਾਂ ਸ਼ਹਿਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਗਰੀਬਾਂ ਦਲਿਤਾਂ ਦੀ ਇੱਕੋ ਇੱਕ ਪਾਰਟੀ ਬਹੁਜਨ ਸਮਾਜ ਪਾਰਟੀ ਹੈ, ਜੋ ਇਨ੍ਹਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪਾਰਟੀ ਪੂਰੀ ਮਿਹਨਤ ਤੇ ਤਨਦੇਹੀ ਨਾਲ ਕੰਮ ਕਰ ਰਹੀ ਹੈ। ਜਲਦੀ ਹੀ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ। ਸਮਾਗਮ ਨੂੰ ਬਸਪਾ ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਨਨਹੇੜੀਆਂ ਅਤੇ ਸਕੱਤਰ ਹਰਭਜਨ ਸਿੰਘ ਨੇ ਵੀ ਸੰਬੋਧਨ ਕੀਤਾ। ਹਰਨੇਕ ਸਿੰਘ ਸਾਬਕਾ ਐੱਸਡੀਓ ਇੰਚਾਰਜ ਮੁਹਾਲੀ, ਸੁਖਦੇਵ ਸਿੰਘ ਚੱਪੜਚਿੜੀ ਪ੍ਰਧਾਨ ਬਸਪਾ ਜ਼ਿਲ੍ਹਾ ਮੁਹਾਲੀ, ਹਰਦੀਪ ਸਿੰਘ ਨੱਗਲਗੜੀਆ ਹਲਕਾ ਪ੍ਰਧਾਨ ਖਰੜ, ਰਾਜ ਸਿੰਘ ਹਲਕਾ ਪ੍ਰਧਾਨ ਮੁਹਾਲੀ, ਉਜਾਗਰ ਸਿੰਘ ਦੁਬਾਲੀ ਸ਼ਹੀਦ ਪਰਿਵਾਰ ਸੀਨੀਅਰ ਆਗੂ ਬਸਪਾ ਨਛੱਤਰ ਸਿੰਘ ਕਾਜਲ, ਸੁਰਿੰਦਰ ਪਾਲ ਸਿੰਘ ਸਹੋੜਾ ਜ਼ਿਲ੍ਹਾ ਇੰਚਾਰਜ, ਬਲਜਿੰਦਰ ਸਿੰਘ ਮਾਮੂਪੁਰ ਜ਼ਿਲ੍ਹਾ ਸਕੱਤਰ ਮੁਹਾਲੀ ਨਰਿੰਦਰ ਸਿੰਘ ਬਡਵਾਲੀ, ਮੋਹਨ ਲਾਲ ਗੁਰੂ ਨਾਨਕ ਕਲੋਨੀ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।