ਬੱਬੀ ਬਾਦਲ ਵੱਲੋਂ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਨੌਜਵਾਨਾਂ ਨੂੰ ਸਹਿਯੋਗ ਦੇਣ ਦੀ ਅਪੀਲ

ਹੁਕਮਰਾਨਾਂ ਦੀਆਂ ਗਲਤ ਨੀਤੀਆਂ ਕਾਰਨ ਪੜ੍ਹੇ ਲਿਖੇ ਨੌਜਵਾਨਾਂ ਦਾ ਭਵਿੱਖ ਧੁੰਦਲਾ: ਬੱਬੀ ਬਾਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਸਮੇਤ ਹੋਰਨਾਂ ਰਵਾਇਤੀ ਪਾਰਟੀਆਂ ਦੀ ਸੌੜੀ ਸੋਚ ਕਾਰਨ ਪੰਜਾਬ ਰਾਜਨੀਤਿਕ ਅਸਥਿਰਤਾ ਅਤੇ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਝੰਬਿਆ ਗਿਆ ਹੈ। ਇਸ ਲਈ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਨੌਜਵਾਨਾਂ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਹ ਇੱਥੇ ਨੌਜਵਾਨਾਂ ਵੱਲੋਂ ਕਰਵਾਏ ‘ਗੁਰਬਾਣੀ ਕੰਠ ਮੁਕਾਬਲੇ’ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ।
ਪੰਜਾਬ ਨੂੰ ਤਰੱਕੀ ਦੇ ਰਾਹ ਪਾਉਣ ਲਈ ਸਾਂਝੇ ਯਤਨਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਬੱਬੀ ਬਾਦਲ ਨੇ ਕਿਹਾ ਕਿ ਸੂਬੇ ਦੀ ਬਰਬਾਦੀ ਲਈ ਮੌਜੂਦਾ ਤੇ ਸਾਬਕਾ ਹੁਕਮਰਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ, ਜੋ ਵਾਰੀ ਬੰਨ ਕੇ ਪੰਜਾਬ ਅਤੇ ਸੂਬੇ ਦੇ ਲੋਕਾਂ ਨੂੰ ਲੁੱਟਣ ’ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਪਿਛਲੀ ਵਿਧਾਨ ਸਭਾ ਚੋਣਾਂ ਦੌਰਾਨ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਪ੍ਰੰਤੂ ਕਾਂਗਰਸ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ ਨਿੱਜੀ ਮੁਫ਼ਾਦਾ ਲਈ ਸੂਬੇ ਦੇ ਵਿਕਾਸ ਅਤੇ ਹਿੱਤਾਂ ਨੂੰ ਵਿਸਾਰ ਕੇ ਰੱਖ ਦਿੱਤਾ। ਜਿਸ ਕਾਰਨ ਬੇਰੁਜ਼ਗਾਰ ਨੌਜਵਾਨਾਂ ਅਤੇ ਧਰਨਿਆਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ।
ਸ੍ਰੀ ਬੱਬੀ ਬਾਦਲ ਨੇ ਦੱਸਿਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਇਸ ਸਬੰਧੀ ਠੋਸ ਐਗਰੀਕਲਚਰ ਰਣਨੀਤੀ ਨਹੀਂ ਬਣਾਈ, ਜਿਸ ਦੇ ਸਿੱਟੇ ਵਜੋਂ ਕਿਸਾਨ ਕਰਜਾਈ ਹੈ, ਖ਼ੁਦਕੁਸ਼ੀਆਂ ਦਾ ਦੌਰ ਰੁਕ ਨਹੀਂ ਰਿਹਾ ਹੈ, ਕੀਟਨਾਸ਼ਕ ਦਵਾਈਆਂ, ਖਾਦ, ਸਪਰੇਅ ਆਦਿ ਕਾਫ਼ੀ ਮਹਿੰਗੇ ਹਨ ਪਰ ਕਿਸਾਨ ਦੀ ਆਮਦਨ ਉੱਥੇ ਹੀ ਰੁਕੀ ਹੋਈ ਹੈ। ਬੱਬੀ ਬਾਦਲ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਜੇਕਰ ਦੇਸ਼ ਦਾ ਨੌਜਵਾਨ, ਕਿਸਾਨ ਖੁਸ਼ਹਾਲ ਹੈ ਤਾਂ ਮਿਹਨਤਕਸ਼ ਲੋਕ ਵੀ ਵਿਕਸਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਸਨਅਤੀ ਜ਼ੋਨ ਸਥਾਪਿਤ ਨਹੀਂ ਹੋਏ, ਜਿਸਾ ਤਰ੍ਹਾਂ ਅਮਰੀਕਾ, ਕੈਨੇਡਾ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ ਮੌਜੂਦ ਹਨ, ਉਨ੍ਹਾਂ ਕਿਹਾ ਕਿ ਠੋਸ ਖੇਤੀ ਨੀਤੀ ਦੀ ਅਣਹੋਂਦ ਨਾ ਹੋਣ ਕਾਰਨ ਕਿਸਾਨ ਦੀ ਮੰਡੀ ਵਿੱਚ ਲੁੱਟ ਹੁੰਦੀ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜੇਕਰ ਸੰਯੁਕਤ ਦਲ ਸੱਤਾ ਵਿੱਚ ਆਇਆ ਤਾਂ ਪੰਜਾਬ ਵਿੱਚ ਖੇਤੀ ਆਧਾਰਿਤ ਸਨਅਤਾਂ ਲਗਾਈਆਂ ਜਾਣਗੀਆਂ।
ਸ੍ਰੀ ਬੱਬੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਬਚਾਉਣ ਖਾਤਰ ਅਗਾਂਹਵਧੂ ਸੋਚ ਵਾਲੇ ਵਿਅਕਤੀਆਂ ਦੇ ਹੱਕ ਵਿੱਚ ਡੱਟਣ ਅਤੇ ਨੌਜਵਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਵਿਦੇਸ਼ਾਂ ਵੱਲ ਕੂਚ ਕਰਨ ਦੀ ਲੱਗੀ ਦੌੜ ਨੂੰ ਖ਼ਤਮ ਕਰਕੇ ਲੁੱਟੇਰੀ ਹਾਕਮ ਜਮਾਤ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਆਪਣਾ ਸਹਿਯੋਗ ਦੇਣ।
ਇਸ ਮੌਕੇ ਸੰਜੀਵ ਕੁਮਾਰ, ਮਨਜੀਤ ਸਿੰਘ, ਜਵਾਲਾ ਸਿੰਘ, ਹਰਜੀਤ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਕਮਲਦੀਪ ਸਿੰਘ, ਹਰਵਿੰਦਰ ਸਿੰਘ, ਸੁਰਜੀਤ ਸਿੰਘ, ਇਕਬਾਲ ਸਿੰਘ, ਕੰਵਲਜੀਤ ਸਿੰਘ ਪੱਤੋਂ, ਤਰਸੇਮ ਸਿੰਘ, ਬੀਬੀ ਮਾਨ ਕੌਰ, ਮਨਜੀਤ ਕੌਰ, ਹਰਜੀਤ ਕੌਰ, ਦਰਸਨੀ ਦੇਵੀ, ਪਰਮਜੀਤ ਕੌਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…