Nabaz-e-punjab.com

ਬੱਬੀ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੀ 16 ਮੈਂਬਰੀ ਕੋਰ ਕਮੇਟੀ ਦਾ ਐਲਾਨ

ਪੰਜਾਬ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਤੀਜੇ ਫਰੰਟ ਦੀ ਸਖ਼ਤ ਲੋੜ: ਬੱਬੀ ਬਾਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਅੱਜ ਇੱਥੇ ਯੂਥ ਵਿੰਗ ਦੀ 16 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਥ ਵਿੰਗ ਵਿੱਚ ਚਾਪਲੂਸਾ ਅਤੇ ਸਰਮਾਏਦਾਰਾਂ ਦੀ ਥਾਂ ਸਿਰਫ਼ ਪੰਥ ਅਤੇ ਪੰਜਾਬ ਪ੍ਰਤੀ ਸਮਰਪਿਤ ਭਾਵਨਾ ਰੱਖਣ ਵਾਲੇ ਹਰ ਵਰਗ ਦੇ ਨੌਜਵਾਨ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ। ਉਂਜ ਅੱਜ ਬੱਬੀ ਬਾਦਲ ਵੱਲੋਂ ਐਲਾਨੀ ਯੂਥ ਵਿੰਗ ਦੀ ਪਲੇਠੀ ਕੋਰ ਕਮੇਟੀ ਵਿੱਚ ਜਥੇਦਾਰ ਰਤਨ ਸਿੰਘ ਅਜਨਾਲਾ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ (ਸਾਬਕਾ ਅਕਾਲੀ ਵਿਧਾਇਕ), ਖਰੜ ਦੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ ਦੇ ਜਵਾਈ ਸਾਹਿਬ ਸਿੰਘ ਬਡਾਲੀ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਬੇਟੇ ਜਗਰੂਪ ਸਿੰਘ ਸੇਖਵਾ, ਪਾਰਟੀ ਉਮੀਦਵਾਰ ਬੀਰਦਵਿੰਦਰ ਸਿੰਘ ਦੇ ਪੁੱਤਰ ਵਕੀਲ ਆਨੰਤਵੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਇੰਝ ਹੀ ਯੂਥ ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਜਗਤਾਰ ਸਿੰਘ ਘੜੂੰਆਂ ਨੂੰ ਬੱਬੀ ਬਾਦਲ ਦਾ ਸਿਆਸੀ ਸਕੱਤਰ-ਕਮ-ਯੂਥ ਵਿੰਗ ਟਕਸਾਲੀ ਦਾ ਦਫ਼ਤਰ ਇੰਚਾਰਜ ਥਾਪਿਆ ਗਿਆ ਹੈ। ਜਦੋਂਕਿ ਮੁਹਾਲੀ ਤੋਂ ਐਡਵੋਕੇਟ ਕੰਵਰਪ੍ਰੀਤ ਸਿੰਘ ਹਨੀ ਗਿੱਲ, ਪਟਿਆਲਾ ਤੋਂ ਬੀਰਦਵਿੰਦਰ ਸਿੰਘ ਸਰਪੰਚ ਅਤੇ ਇਕਬਾਲ ਸਿੰਘ, ਲੁਧਿਆਣਾ ਤੋਂ ਜਸਪ੍ਰੀਤ ਸਿੰਘ ਹੋਬੀ, ਚੰਡੀਗੜ੍ਹ ਤੋਂ ਕਰਮਜੀਤ ਸਿੰਘ ਸੰਧੂ, ਮਲੇਰਕੋਟਲਾ ਤੋਂ ਗੁਰਜੀਵਨ ਸਿੰਘ ਸਰੌਂਦ, ਫਿਰੋਜ਼ਪੁਰ ਤੋਂ ਰਣਜੀਤ ਸਿੰਘ ਬਰਾੜ ਮਿਰਜੇਕੇ ਅਤੇ ਗੁਰਮੁੱਖ ਸਿੰਘ, ਫਰੀਦਕੋਟ ਤੋਂ ਗੁਰਪ੍ਰੀਤ ਸਿੰਘ, ਮੋਗਾ ਤੋਂ ਇੰਦਰਜੀਤ ਸਿੰਘ ਖੋਸਾ, ਫਾਜ਼ਿਲਕਾ ਤੋਂ ਮਨਜੀਤ ਸਿੰਘ ਸੰਧੂ, ਤਰਨ ਤਾਰਨ ਤੋਂ ਜਗਜੀਤ ਸਿੰਘ ਆਦਿ ਸਾਰੇ ਸਾਧਾਰਨ ਪਰਿਵਾਰਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਵੀ ਕੋਰ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।
ਸ੍ਰੀ ਬੱਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੀ 21 ਮੈਂਬਰੀ ਕੋਰ ਕਮੇਟੀ ਬਣਾਈ ਜਾਣੀ ਹੈ। ਜਿਸ ’ਚੋਂ ਅੱਜ 16 ਕੋਰ ਕਮੇਟੀ ਮੈਂਬਰਾਂ ਐਲਾਨੇ ਗਏ ਹਨ ਅਤੇ ਬਾਕੀ ਰਹਿੰਦੇ ਮੈਂਬਰ ਵੀ ਜਲਦੀ ਹੀ ਸੀਨੀਅਰ ਆਗੂਆਂ ਦੀ ਸਲਾਹ ਨਾਲ ਲਏ ਜਾਣਗੇ। ਉਨ੍ਹਾਂ ਕਿਹਾ ਕਿ ਯੂਥ ਵਿੰਗ ਪਾਰਟੀ ਦੇ ਹਰਿਆਵਲ ਦਸਤੇ ਵਜੋਂ ਕੰਮ ਕਰੇਗਾ ਅਤੇ ਲੋਕ ਸਭਾ ਚੋਣਾਂ ਵਿੱਚ ਨੌਜਵਾਨ ਵਰਗ ਮਹੱਤਵ ਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਜਨ ਸੰਪਰਕ ਮੁਹਿੰਮ ਵਿੱਢੀ ਜਾਵੇਗੀ। ਇਸ ਦੌਰਾਨ ਜਿੱਥੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਟਕਸਾਲੀ ਦਲ ਨਾਲ ਜੋੜਿਆ ਜਾਵੇਗਾ, ਉੱਥੇ ਆਮ ਲੋਕਾਂ ਨੂੰ ਕਾਂਗਰਸ ਅਤੇ ਬਾਦਲ ਦਲ ਅਤੇ ਭਾਜਪਾ ਦੀਆਂ ਗਲਤ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਯੂਥ ਵਿੰਗ (ਬਾਦਲ) ਵਿੱਚ ਜ਼ਿਆਦਾਤਰ ਵਿਅਕਤੀ ਵਪਾਰਕ ਸੋਚ ਰੱਖਣ ਵਾਲੇ ਹਨ ਜੋ ਪੰਜਾਬ ਅਤੇ ਸਿੱਖ ਇਤਿਹਾਸ ਤੋਂ ਅਣਜਾਣ ਹਨ। ਜਦੋਂਕਿ ਟਕਸਾਲੀ ਦਲ ਦਾ ਮੁੱਖ ਮੰਤਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅਨੁਸਾਰ ਸਰਬੱਤ ਦਾ ਭਲਾ ਮੰਗਣਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਮਾੜੀਆਂ ਅਲਾਮਤਾਂ ਤੋਂ ਬਚਾ ਕੇ ਰੱਖਣ ਅਤੇ ਸੂਬੇ ਦੀ ਤਰੱਕੀ ਲਈ ਕੰਮ ਕਰਨ ਨੂੰ ਤਰਜ਼ੀਹ ਦੇਣਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਤੀਜੇ ਫਰੰਟ ਦੀ ਬਹੁਤ ਸਖ਼ਤ ਲੋੜ ਹੈ। ਲਿਹਾਜ਼ਾ ਸਾਰੀਆਂ ਹਮਖ਼ਿਆਲੀ ਪਾਰਟੀਆਂ (ਕਾਂਗਰਸ, ਅਕਾਲੀ-ਭਾਜਪਾ ਨੂੰ ਛੱਡ ਕੇ) ਇਕ ਮੰਚ ’ਤੇ ਇਕੱਠੇ ਹੋਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ। ਲੋਕ ਸਭਾ ਚੋਣਾਂ ਲੜਨ ਬਾਰੇ ਪੁੱਛੇ ਜਾਣ ’ਤੇ ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਪਾਰਟੀ ਦਾ ਕਾਡਰ ਮਜ਼ਬੂਤ ਬਣਾਉਣ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਅਤੇ ਗੁਰੂ ਨੂੰ ਪਿੱਠ ਦਿਖਾਉਣ ਵਾਲੇ ਪੰਥ ਦੋਖੀਆਂ ਨੂੰ ਸਿਆਸਤ ਤੋਂ ਲਾਂਭੇ ਕਰਨ ਲਈ ਚੋਣ ਲੜੀ ਜਾ ਰਹੀ ਹੈ ਅਤੇ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…