
ਮੁਹਾਲੀ ਨਗਰ ਨਿਗਮ ਵੱਲੋਂ 190 ਕਰੋੜ ਰੁਪਏ ਦਾ ਬਜਟ ਪਾਸ
ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦਾ ਏਜੰਡਾ ਗੁਪਤ ਰੱਖਣ ਦਾ ਦੋਸ਼, ਰੇਹੜੀ-ਫੜੀਆਂ ਦਾ ਮੁੱਦਾ ਚੁੱਕਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਬਜਟ ਮੀਟਿੰਗ ਵਿੱਚ ਸਾਲ 2023-24 ਲਈ 190 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਨੇ ਕਈ ਮੁੱਦਿਆਂ ’ਤੇ ਮੇਅਰ ਨੂੰ ਘੇਰਦਿਆਂ ਪੱਖਪਾਤ ਕਰਨ ਅਤੇ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦਾ ਏਜੰਡਾ ਗੁਪਤ ਰੱਖਣ ਦੇ ਦੋਸ਼ ਲਾਏ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਸਮੇਤ ਹੋਰ ਅਧਿਕਾਰੀ ਅਤੇ ਸ਼ਹਿਰ ਦੇ ਕੌਂਸਲਰ ਮੌਜੂਦ ਸਨ।
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਕਮਿਸ਼ਨਰ ਨਵਜੋਤ ਕੌਰ ਦੇ ਸਹੁਰਾ ਅਤੇ ਸਾਬਕਾ ਕੌਂਸਲਰ ਐਨਕੇ ਮਰਵਾਹਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ 9 ਕਰੋੜ ਰੁਪਏ ਤੋਂ ਵੱਧ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਸਬੰਧਤ ਅਮਲੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਾਧੇ ਨੂੰ ਦੇਖਦੇ ਹੋਏ ਇਸ ਸਾਲ ਵੀ ਪ੍ਰਾਪਰਟੀ ਟੈਕਸ 32 ਕਰੋੜ ਦੇ ਮੁਕਾਬਲੇ 34 ਕਰੋੜ ਅਤੇ ਐਡਵਰਟਾਈਜ਼ਮੈਂਟ ਟੈਕਸ ਨੂੰ 30 ਕਰੋੜ ਤੋਂ ਵਧਾ ਕੇ 33 ਕਰੋੜ ਕੀਤਾ ਜਾਵੇ। ਜਿਸ ਨਾਲ ਬਜਟ 185 ਕਰੋੜ ਤੋਂ ਵਧ ਕੇ 190 ਕਰੋੜ ਹੋ ਜਾਵੇਗਾ। ਇਸ ਉਪਰੰਤ ਹਾਊਸ ਵਿੱਚ 190 ਕਰੋੜ ਰੁਪਏ ਦੇ ਬਜਟ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਨਗਰ ਨਿਗਮ ਨੂੰ ਹੋਣ ਵਾਲੀ ਆਮਦਨ ਵਿੱਚ ਪ੍ਰਾਪਰਟੀ ਟੈਕਸ ਤੋਂ 3400.00 ਲੱਖ ਰੁਪਏ, ਪੰਜਾਬ ਮਿਉਂਸਪਲ ਫੰਡ ਤੋਂ 9500.00 ਲੱਖ ਰੁਪਏ, ਬਿਜਲੀ ’ਤੇ ਚੰਗੀ (ਮਿਉਂਸਪਲ ਟੈਕਸ) ਤੋਂ 1500.00 ਲੱਖ ਰੁਪਏ, ਅਡੀਸ਼ਨਲ ਐਕਸਾਈਜ਼ ਡਿਊਟੀ ਤੋਂ 350.00 ਲੱਖ, ਸਮਝੌਤਾ ਫੀਸ ਤੋਂ 100.00 ਲੱਖ ਰੁਪਏ, ਕਮਿਊਨਿਟੀ ਹਾਲ ਬੁਕਿੰਗ ਫੀਸ ਤੋਂ 60.00 ਲੱਖ ਰੁਪਏ, ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਆਮਦਨ 3300.00 ਲੱਖ ਰੁਪਏ, ਵਾਟਰ ਸਪਲਾਈ ਤੇ ਸੀਵਰੇਜ ਤੋਂ 400.00 ਲੱਖ ਰੁਪਏ, ਬਿਲਡਿੰਗ ਐਪਲੀਕੇਸ਼ਨ ਫੀਸ ਤੋਂ 10.00 ਲੱਖ ਰੁਪਏ, ਲਾਇਸੈਂਸ ਫੀਸ ਤੋਂ 50,00 ਲੱਖ ਰੁਪਏ ਅਤੇ ਹੋਰ ਮੱਦਾਂ ਜਿਵੇਂ ਕੈਟਲ ਪਾਉਡ ਸਲਾਟਰ ਹਾਊਸ, ਸਕਰੂਟਨੀ/ਨਾਨ-ਕੰਨਸਟਰਕਸ਼ਨ ਫੀਸ ਅਤੇ ਮਿਸਲੇਨੀਅਸ ਇਨਕਮ ਤੋਂ 376.00 ਲੱਖ ਰੁਪਏ ਦੀ ਆਮਦਨ ਤਜਵੀਜ਼ ’ਤੇ ਮੋਹਰ ਲਾਈ ਗਈ।
ਨਗਰ ਨਿਗਮ ਵੱਲੋਂ ਕੀਤੇ ਜਾਂਦੇ ਖ਼ਰਚਿਆਂ ਵਿੱਚ ਅਮਲਾ ’ਤੇ ਖ਼ਰਚਾ 6700.00 ਲੱਖ ਰੁਪਏ, ਕੰਟੀਜੈਂਸੀ ਖ਼ਰਚਿਆਂ ’ਤੇ 626.00 ਲੱਖ ਰੁਪਏ, ਵਿਕਾਸ ਕੰਮਾਂ ’ਤੇ 11220,00 ਲੱਖ ਰੁਪਏ ਖ਼ਰਚੇ ਜਾਣ ਦਾ ਅਨੁਮਾਨ ਹੈ। ਇਸ ’ਚੋਂ 200.00 ਲੱਖ ਰੁਪਏ ਅੰਮ੍ਰਿਤ ਸਕੀਮ ਅਧੀਨ ਰੀਹੈਬਲਿਟੇਸ਼ਨ ਆਫ਼ ਸੀਵਰੇਜ ਨੈੱਟਵਰਕ ਅਤੇ ਆਗਮੈਨਟੇਸ਼ਨ ਆਫ਼ ਵਾਟਰ ਸਪਲਾਈ ਕੰਮਾਂ ਲਈ ਪ੍ਰਾਪਤ ਹੋਣ ਵਾਲੀ ਗਰਾਂਟ ਵਿਰੁੱਧ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੇ ਹਿੱਸੇ ਵਜੋਂ ਖ਼ਰਚ ਕਰਨੇ ਹੋਣਗੇ।

ਇਸੇ ਦੌਰਾਨ ਸਿਲਵੀ ਪਾਰਕ ਫੇਜ਼-10 ਪ੍ਰਸਿੱਧ ਲੇਖਕ ਸਵਰਗੀ ਸੰਤੋਖ ਸਿੰਘ ਧੀਰ ਨੂੰ ਸਮਰਪਿਤ ਕਰਨ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਪਿਛਲੀਆਂ ਵਿੱਤ ਤੇ ਠੇਕਾ ਕਮੇਟੀ ਦੀਆਂ ਮੀਟਿੰਗਾਂ ਦੀ ਪੁਸ਼ਟੀ ਸਮੇਂ ਵਿਰੋਧੀ ਧਿਰ ਦੇ ਮੈਂਬਰ ਸੁਖਦੇਵ ਸਿੰਘ ਪਟਵਾਰੀ ਨੇ ਮੇਅਰ ਨੂੰ ਘੇਰਦਿਆਂ ਪੱਖਪਾਤ ਕਰਨ ਅਤੇ ਵਿੱਤ ਤੇ ਠੇਕਾ ਕਮੇਟੀ ਦਾ ਏਜੰਡਾ ਗੁਪਤ ਰੱਖਣ ਦਾ ਦੋਸ਼ ਲਾਇਆ। ਇਸ ਮੀਟਿੰਗ ਵਿੱਚ ਤਹਿਬਾਜ਼ਾਰੀ ਸ਼ਾਖਾ ਵੱਲੋਂ ਜ਼ਬਤ ਕੀਤੇ ਜਾਂਦੇ ਸਮਾਨ ਦੀ ਸਮਝੌਤਾ ਫੀਸ ਵਧਾ ਕੇ 5000 ਰੁਪਏ ਤੈਅ ਕੀਤੀ ਗਈ। ਸ਼ਹਿਰ ਦੀਆਂ ਮੁੱਖ ‘ਏ’ ਅਤੇ ‘ਬੀ’ ਸੜਕਾਂ ਦੀ ਸਫ਼ਾਈ ਲਈ ਮਕੈਨੀਕਲ ਸਫ਼ਾਈ ਦਾ 5 ਸਾਲ ਲਈ ਠੇਕਾ ਦੇਣ ਦਾ ਮਤਾ ਪਾਸ ਕੀਤਾ ਗਿਆ। ਇਸ ਕੰਮ ’ਤੇ 42 ਕਰੋੜ ਖਰਚਾ ਆਵੇਗਾ।
ਮੁਹਾਲੀ ਵਿੱਚ ਇਸ਼ਤਿਹਾਰ ਲਗਾਉਣ ਵਾਲੀਆਂ ਕੰਪਨੀਆਂ ਲਈ ਚੁਣੀਆਂ ਗਈਆਂ 339 ਸਾਈਟਾਂ ਦੀ ਰਾਖਵੀਂ ਕੀਮਤ ਫਿਕਸ ਕਰਨ ਅਤੇ ਟੈਂਡਰ ਪ੍ਰੋਸੈੱਸ ਸਬੰਧੀ ਹਾਊਸ ਤੋਂ ਪ੍ਰਵਾਨਗੀ ਲੈਣ ਦਾ ਮਤਾ ਪਾਸ ਕੀਤਾ ਗਿਆ। ਬੱਸ ਕਿਊ ਸ਼ੈਲਟਰਾਂ ’ਤੇ ਇਸ਼ਤਿਹਾਰਬਾਜ਼ੀ ਲਈ 25000 ਰੁਪਏ ਪ੍ਰਤੀ ਮਹੀਨਾ ਪਹਿਲਾਂ ਹੀ ਰੇਟ ਫਿਕਸ ਕੀਤਾ ਜਾ ਚੁੱਕਾ ਹੈ। ਪਿੰਡ ਸਮਗੌਲੀ ਵਿੱਚ ਬਾਇਓ ਮੈਥਾਨੇਸ਼ਨ ਸਮੇਤ ਸੋਲਿਡ ਵੇਸਟ ਮੈਨੇਜਮੈਂਟ ਫੈਸਲਿਟੀ ਪਲਾਂਟ ਲਗਾਉਣ ਲਈ ਈਓਆਈ ਕਾਲ ਸਬੰਧੀ ਮਤਾ ਪਾਸ ਕੀਤਾ ਗਿਆ। ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਅਤੇ ਕੌਂਸਲਰ ਕੁਲਵੰਤ ਸਿੰਘ ਕਲੇਰ ਨੇ ਫੇਜ਼-11 ਵਿੱਚ ਲੱਗਦੀਆਂ ਨਾਜਾਇਜ਼ ਰੇਹੜੀਆਂ-ਫੜੀਆਂ ਦਾ ਮੁੱਦਾ ਚੁੱਕਿਆ। ਅਕਾਲੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਨੇ ਮਸ਼ੀਨੀ ਸਫ਼ਾਈ ਮਤੇ ਦਾ ਸਵਾਗਤ ਕਰਦਿਆਂ ਪਿੰਡ ਸੋਹਾਣਾ ਦੀ ਫਿਰਨੀ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਕੌਂਸਲਰ ਰੁਪਿੰਦਰ ਕੌਰ ਰੀਨਾ ਅਤੇ ਬਲਜੀਤ ਕੌਰ ਨੇ ਕ੍ਰਮਵਾਰ ਫੇਜ਼-4 ਅਤੇ ਫੇਜ਼-5 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਮੰਗ ਕੀਤੀ।

ਉਧਰ, ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਮੰਗ ਕੀਤੀ ਕਿ ਚੰਡੀਗੜ੍ਹ ਦੀ ਤਰਜ ’ਤੇ ਮਕਾਨਾਂ ਉੱਪਰ ਸੋਲਰ ਪੈਨਲ ਲਗਾਏ ਜਾਣ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਘਰਾਂ ਦੀਆਂ ਛੱਤਾਂ ’ਤੇ ਸੋਲਰ ਪਾਵਰ ਪਲਾਂਟ ਲਗਾਏ ਜਾ ਰਹੇ ਹਨ। ਜਿਸ ਬਦਲੇ ਲੋਕਾਂ ਤੋਂ ਕੋਈ ਪੈਸਾ ਨਹੀਂ ਲਈ ਜਾਵੇਗਾ ਅਤੇ ਮੁਹਾਲੀ ਵਿੱਚ ਵੀ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਇਸ ’ਤੇ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਇਹ ਕੰਮ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਇਸ ਲਈ ਗਮਾਡਾ ਨਾਲ ਵਿਚਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਸਕਦੀ ਹੈ।