ਅੌਰਤਾਂ ਦੀ ਸੁਰੱਖਿਆ ਲਈ 24 ਘੰਟੇ ਬੱਸ ਸੇਵਾ ਤੇ ਮਹਿਲਾ ਥਾਣਾ ਬਣਾਉਣਾ ਮੁੱਖ ਟੀਚੇ: ਬਲਜੀਤ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 7 ਸਤੰਬਰ:
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਮੁੜ ਪ੍ਰਧਾਨ ਚੁਣੇ ਗਏ ਬਲਜੀਤ ਸਿੰਘ ਬਲੈਕ ਸਟੋਨ ਨੇ ਕਿਹਾ ਕਿ ਉਦਯੋਗਿਕ ਖੇਤਰ ਵਿੱਚ ਕੰਮ ਕਰਦੀਆਂ ਅੌਰਤਾਂ ਦੀ ਸੁਰੱਖਿਅਤ ਆਵਾਜਾਈ ਲਈ 24 ਘੰਟੇ ਬੱਸ ਸੇਵਾ ਦੀ ਵਿਵਸਥਾ ਕਰਵਾਉਣਾ, ਉਦਯੋਗਿਕ ਖੇਤਰ ਵਿੱਚ ਮਹਿਲਾ ਥਾਣਾ ਸਥਾਪਿਤ ਕਰਵਾਉਣਾ ਅਤੇ ਉਦਯੋਗਿਕ ਖੇਤਰ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਉਨ੍ਹਾਂ ਦੇ ਮੁੱਖ ਟੀਚੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਸਰਕਾਰ ਤੱਕ ਪਹੁੰਚ ਕਰਕੇ ਉਦਯੋਗਿਕ ਖੇਤਰ ਵਿੱਚ ਕਿਰਾਏ ’ਤੇ ਥਾਂ ਲੈ ਕੇ ਕੰਮ ਕਰਦੇ ਛੋਟੇ ਉਦਯੋਗਪਤੀਆਂ ਨੂੰ ਪਲਾਟ ਅਲਾਟ ਕਰਨ ਦੀ ਮੰਗ ਕੀਤੀ ਸੀ। ਇਸ ਸਬੰਧੀ ਸਰਕਾਰ ਵੱਲੋਂ ਪਿੰਡ ਬਲੌਂਗੀ ਦੀ ਜ਼ਮੀਨ ਵਿੱਚ ਛੋਟੇ ਉਦਯੋਗਪਤੀਆਂ ਨੂੰ ਪਲਾਟ ਅਲਾਟ ਕਰਨ ਦੀ ਸਿਧਾਂਤਕ ਮਨਜੂਰੀ ਦੇ ਦਿੱਤੀ ਗਈ ਹੈ। ਜਿਸ ’ਤੇ ਅਗਲੀ ਕਾਰਵਾਈ ਜਾਰੀ ਹੈ। ਇਸੇ ਤਰ੍ਹਾਂ ਫੇਜ਼-8-ਬੀ ਅਤੇ ਫੇਜ਼-9 ਵਿੱਚ ਕਰੀਬ 50 ਪਲਾਟ ਅਜਿਹੇ ਹਨ, ਜਿਨ੍ਹਾਂ ਦੀ ਅਲਾਟਮੈਂਟ ਵੇਲੇ ਇਨ੍ਹਾਂ ਵਿੱਚ ਅਨਅਰਨਡ ਪ੍ਰਾਫਿਟ ਦੀ ਸ਼ਰਤ ਲਿਖੀ ਹੋਈ ਹੈ ਜਿਸ ਨੂੰ ਖ਼ਤਮ ਕਰਨ ਲਈ ਕੰਮ ਚੱਲ ਰਿਹਾ ਹੈ।
ਬਲਜੀਤ ਸਿੰਘ ਬਲੈਕਸਟੋਨ ਨੇ ਦੱਸਿਆ ਕਿ ਸਰਕਾਰ ਵੱਲੋਂ ਵੱਡੇ ਉਦਯੋਗਪਤੀਆਂ ਨੂੰ ਉਦਯੋਗ ਸਥਾਪਿਤ ਕਰਨ ਲਈ ਰਿਆਇਤੀ ਦਰ ’ਤੇ ਜ਼ਮੀਨ ਦਿੱਤੀ ਜਾਂਦੀ ਸੀ ਅਤੇ ਇਹ ਵੱਡੇ ਪਲਾਟ ਅਲਾਟ ਕਰਨ ਵੇਲੇ ਅਨ ਅਰਨਡ ਪ੍ਰਾਫਿਟ ਦੀ ਸ਼ਰਤ ਰੱਖੀ ਜਾਂਦੀ ਸੀ ਕਿ ਜੇਕਰ ਪਲਾਟ ਅਲਾਟ ਕਰਨ ਤੋਂ ਬਾਅਦ ਉਦਯੋਗਪਤੀ ਇਹ ਪਲਾਟ ਵੇਚਦਾ ਹੈ ਤਾਂ ਪਲਾਟ ਦੀ ਮਾਰਕੀਟ ਕੀਮਤ ਦਾ ਅੱਧਾ ਹਿੱਸਾ ਸਰਕਾਰ ਨੂੰ ਦੇਣਾ ਜਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਪੰਜਾਬ ਇਨਫੋਟੈਕ ਵੱਲੋਂ ਅਲਾਟ ਕੀਤੇ ਗਏ ਇੱਕ ਅਤੇ ਦੋ ਕਨਾਲ ਦੇ ਪਲਾਟਾਂ ’ਤੇ ਵੀ ਇਹ ਸ਼ਰਤ ਲਾਗੂ ਕਰ ਦਿੱਤੀ ਗਈ ਜਿਹੜੇ ਆਮ ਰੇਟ ਤੇ ਹੀ ਅਲਾਟ ਹੋਏ ਸਨ ਅਤੇ ਇਨ੍ਹਾਂ ਪਲਾਟਾਂ ਤੋੱ ਇਹ ਸ਼ਰਤ ਹਟਾਉਣ ਲਈ ਕੰਮ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਸਥਿਤ ਆਈਟੀ ਸੈਕਟਰ ਦੀਆਂ ਕੰਪਨੀਆਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਕੰਮ ਕਰਦੀਆਂ ਹਨ। ਇਹ ਕੰਪਨੀਆਂ 24 ਘੰਟੇ ਕੰਮ ਕਰਦੀਆਂ ਹਨ ਅਤੇ ਇੱਥੇ ਕੰਮ ਕਰਦੀਆਂ ਅੌਰਤਾਂ ਦੀ ਸੁਰੱਖਿਅਤ ਆਵਾਜਾਈ ਲਈ ਇੱਥੇ 24 ਘੰਟੇ ਬੱਸ ਸਰਵਿਸ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੌਰਤਾਂ ਨਾਲ ਕੋਈ ਵੀ ਘਟਨਾ ਵਾਪਰਨ ’ਤੇ ਉਨ੍ਹਾਂ ਦੀ ਸੁਣਵਾਈ ਲਈ ਇੱਥੇ ਮਹਿਲਾ ਥਾਣਾ ਹੋਣਾ ਚਾਹੀਦਾ ਹੈ ਅਤੇ ਉਹ ਇਨ੍ਹਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਕੰਮ ਕਰਨਗੇ। ਇਸ ਦੇ ਨਾਲ ਨਾਲ ਮੁਹਾਲੀ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਦਯੋਗਿਕ ਖੇਤਰ ਦੇ ਬੁਨਿਆਦੀ ਢਾਂਚੇ ਦੀ ਸੰਭਾਲ ਲਈ ਕੰਮ ਕੀਤਾ ਜਾਵੇਗਾ ਜਿਸ ਦੇ ਤਹਿਤ ਸੜਕਾਂ ਦੀ ਮੁਰਮੰਤ ਦਾ ਕੰਮ, ਥਾਂ ਥਾਂ ’ਤੇ ਉੱਗੀਆਂ ਝਾੜੀਆਂ ਅਤੇ ਕਾਂਗਰਸ ਘਾਹ ਦੀ ਸਫ਼ਾਈ, ਸਟਰੀਟ ਲਾਈਟਾਂ ਅਤੇ ਟਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਕੰਮ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਪੰਜਾਬ ਦੀਆਂ…