ਗਮਾਡਾ ਦੀ ਟੀਮ ਨੇ ਲਾਂਡਰਾ ਸਰਹਿੰਦ ਰੋਡ ’ਤੇ ਪੰਜਾਬ ਨੰਬਰਦਾਰਾ ਭਵਨ ਢਾਹਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਇੱਥੋਂ ਦੇ ਲਾਂਡਰਾਂ ਤੋਂ ਸਰਹਿੰਦ ਰੋਡ ’ਤੇ ਬਣ ਰਹੇ ਪੰਜਾਬ ਨੰਬਰਦਾਰ ਭਵਨ ਨੂੰ ਅੱਜ ਗਮਾਡਾ ਦੀ ਟੀਮ ਵੱਲੋਂ ਪੁਲੀਸ ਦੀ ਮੌਜੂਦਗੀ ਵਿੱਚ ਢਾਹ ਦਿੱਤਾ ਗਿਆ। ਦੂਜੇ ਪਾਸੇ ਨੰਬਰਦਾਰ ਯੂਨੀਅਨ ਨੇ ਇਸ ਭਵਨ ਨੂੰ ਢਾਹੇ ਜਾਣ ਵਿਰੁੱਧ ਹਾਈਕੋਰਟ ਵਿੱਚ ਕੇਸ ਕਰਨ ਦਾ ਐਲਾਨ ਕੀਤਾ ਹੈ। ਨੰਬਰਦਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਭਵਨ ਜਿਸ ਜ਼ਮੀਨ ਉੱਪਰ ਬਣਿਆ ਹੋਇਆ ਹੈ, ਉਹ ਜਮੀਨ ਗਮਾਡਾ ਦੀ ਨਹੀਂ ਹੈ, ਸਗੋਂ ਜਿੰਮੀਦਾਰਾਂ ਦੀ ਹੈ ਅਤੇ ਇਹ ਜ਼ਮੀਨ ਐਕਵਾਇਰ ਨਹੀਂ ਕੀਤੀ ਹੋਈ। ਫੇਰ ਗਮਾਡਾ ਇਸ ਜਮੀਨ ਉੱਪਰ ਬਣੇ ਭਵਨ ਨੂੰ ਕਿਵੇਂ ਢਾਹ ਸਕਦਾ ਹੈ।
ਉਹਨਾਂ ਕਿਹਾ ਕਿ ਸਾਲ 2006 ਵਿੱਚ ਇਸ ਭਵਨ ਦਾ ਉਦਘਾਟਨ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਨੇ ਕੀਤਾ ਸੀ ਅਤੇ ਬਾਦਲ ਸਰਕਾਰ ਸਮੇਂ ਇਸ ਭਵਨ ਨੂੰ ਗਰਾਂਟ ਵੀ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਲਖਨੌਰ ਤੋਂ ਸਵਾੜਾ ਤੱਕ ਦੀ ਜਮੀਨ ਜਿੰਮੀਦਾਰਾਂ ਦੀ ਹੈ। ਉਹਨਾਂ ਦੋਸ਼ ਲਾਇਆ ਕਿ ਗਮਾਡਾ ਦਾ ਇੱਕ ਜੇਈ ਉਹਨਾਂ ਤੋਂ 50 ਹਜ਼ਾਰ ਰੁਪਏ ਰਿਸ਼ਵਤ ਮੰਗਦਾ ਸੀ ਉਹਨਾਂ ਨੇ ਰਿਸ਼ਵਤ ਨਹੀਂ ਦਿੱਤੀ ਜਿਸ ਕਰਕੇ ਨਿੱਜੀ ਬਦਲਾਖੋਰੀ ਤਹਿਤ ਜੇਈ ਨੇ ਇਹ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਗਮਾਡਾ ਅਤੇ ਜੇਈ ਦੇ ਖਿਲਾਫ ਅਦਾਲਤ ਵਿੱਚ ਕੇਸ ਕਰਨਗੇ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਮਿਲਣਗੇ। ਇਸ ਮੌਕੇ ਸਤਪਾਲ ਸਿੰਘ ਅਤੇ ਹੋਰ ਨੰਬਰਦਾਰ ਵੀ ਮੌਜੂਦ ਸਨ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਦੋਸ਼ ਲਗਾਇਆ ਕਿ ਗਮਾਡਾ ਵੱਲੋਂ ਨੰਬਰਦਾਰ ਭਵਨ ਨੂੰ ਢਾਹੁਣ ਦੀ ਕਾਰਵਾਈ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ ਹੈ, ਉੱਥੇ ਹੋਰ ਵੀ ਕਈ ਇਮਾਰਤਾਂ ਇਸੇ ਤਰ੍ਹਾਂ ਬਣੀਆਂ ਹੋਈਆਂ ਹਨ ਪਰ ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ ਸਿਰਫ ਨੰਬਰਦਾਰ ਭਵਨ ਨੂੰ ਢਾਹ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਨੰਬਰਦਾਰ ਅਕਾਲੀ ਸਮਰਥਕ ਹਨ, ਇਸ ਲਈ ਇਹਨਾਂ ਦਾ ਭਵਨ ਢਾਹ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਿਆਸੀ ਬਦਲਾਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਕਾਲੀ ਦਲ ਇਸ ਵਿਰੁੱਧ ਸੰਘਰਸ਼ ਕਰੇਗਾ।
ਇਸ ਸਬੰਧੀ ਗਮਾਡਾ ਦੇ ਜੇਈ ਅਮਨਜੀਤ ਚੌਧਰੀ ਨਾਲ ਸੰਪਰਕ ਕਰਨ ’ਤੇ ਉਹਨਾਂ ਕਿਹਾ ਕਿ ਉਹਨਾਂ ਉੱਪਰ ਰਿਸ਼ਵਤ ਮੰਗਣ ਦੇ ਲਾਏ ਦੋਸ਼ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਇਹ ਇਮਾਰਤ ਨਿਯਮਾਂ ਦੀ ਉਲੰਘਣਾ ਕਰਕੇ ਬਣਾਈ ਗਈ ਸੀ। ਇਮਾਰਤ ਦੇ ਮਾਲਕਾਂ ਨੇ ਸੀਐਲਯੂ ਨਹੀਂ ਸੀ ਲਿਆ ਅਤੇ ਨਾ ਹੀ ਨਕਸ਼ਾ ਪਾਸ ਕੀਤਾ। ਉਹਨਾਂ ਕਿਹਾ ਕਿ ਪੀ ਡਬਲਯੂ ਡੀ ਵਿਭਾਗ ਨੇ ਜੋ ਸੜਕ ਲਾਂਡਰਾਂ ਤੋਂ ਚੂਨੀ ਤੱਕ ਬਨਾਉਣੀ ਹੈ, ਇਹ ਇਮਾਰਤ ਉਸ ਸੜਕ ਦੇ ਕਿਨਾਰੇ ਵਾਲੀ ਥਾਂ (30 ਮੀਟਰ) ਵਿੱਚ ਆਉਂਦੀ ਹੈ। ਪੀ ਡਬਲਯੂ ਡੀ ਵਿਭਾਗ ਨੇ ਇਸ ਸੰਬੰਧੀ ਗਮਾਡਾ ਨੂੰ ਪੱਤਰ ਲਿਖਿਆ ਸੀ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਦੇ ਕਹਿਣ ਤੇ ਅੱਜ ਪੀ ਡਬਲਯੂ ਡੀ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਹ ਕਾਰਵਾਈ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…