ਪਿੰਡ ਬਹਿਲੋਲਪੁਰ ਤੇ ਝਾਮਪੁਰ ਵਿੱਚ ਨਾਜਾਇਜ਼ ਕਲੋਨੀਆਂ ’ਤੇ ਚੱਲਿਆ ਬੁਲਡੋਜ਼ਰ

ਆਰਜ਼ੀ ਸੜਕਾਂ ’ਤੇ ਆਵਾਜਾਈ ਰੋਕਣ ਲਈ ਸੜਕ ਵਿੱਚ ਪੁੱਟੇ ਡੂੰਘੇ ਖੁੱਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਬਣਾਈਆਂ ਜਾ ਰਹੀਆਂ ਨਾਜਾਇਜ਼ ਕਲੋਨੀਆਂ ਅਤੇ ਨਾਜਾਇਜ਼ ਉਸਾਰੀਆਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਨੂੰ ਅੱਗੇ ਤੋਰਦਿਆਂ ਅੱਜ ਗਮਾਡਾ ਦੀ ਟੀਮ ਨੇ ਇੱਥੋਂ ਦੇ ਨੇੜਲੇ ਪਿੰਡਾਂ ਬਹਿਲੋਲਪੁਰ ਅਤੇ ਝਾਮਪੁਰ ਦੇ ਖੇਤਾਂ ਵਿੱਚ ਬਿਲਡਰਾਂ ਵੱਲੋਂ ਉਸਾਰੀਆਂ ਜਾ ਰਹੀਆਂ ਅਣਅਧਿਕਾਰਤ ਕਲੋਨੀਆਂ ਅਤੇ ਇਨ੍ਹਾਂ ਕਲੋਨੀਆਂ ਵਿੱਚ ਨਿਯਮਾਂ ਦੇ ਉਲਟ ਸ਼ਰ੍ਹੇਆਮ ਕੀਤੀਆਂ ਜਾ ਰਹੀਆਂ ਉਸਾਰੀਆਂ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕੀਤਾ ਗਿਆ। ਇਸ ਕਾਰਵਾਈ ਨੂੰ ਐਸਡੀਓ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਇਨ੍ਹਾਂ ਥਾਵਾਂ ’ਤੇ ਉਸਾਰੀ ਅਧੀਨ ਅਣਅਧਿਕਾਰਤ ਕਲੋਨੀਆਂ ਵਿੱਚ ਕਾਫ਼ੀ ਪਲਾਟਾਂ ’ਤੇ ਕੀਤੀਆਂ ਜਾ ਰਹੀਆਂ ਉਸਾਰੀਆਂ ਨੂੰ ਅੱਜ ਜੇਸੀਬੀ ਮਸ਼ੀਨ ਨਾਲ ਢਾਹ ਦਿੱਤਾ। ਇਹੀ ਨਹੀਂ ਬਿਲਡਰਾਂ ਵੱਲੋਂ ਕਲੋਨੀਆਂ ਵਿੱਚ ਬਣਾਈਆਂ ਗਈਆਂ ਆਰਜ਼ੀ ਸੜਕਾਂ ’ਤੇ ਆਵਾਜਾਈ ਰੋਕਣ ਲਈ ਸੜਕ ਵਿੱਚ ਡੂੰਘੇ ਖੁੱਡੇ ਪੁੱਟ ਦਿੱਤੇ ਗਏ ਹਨ।
ਐਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਮਾਡਾ ਦਫ਼ਤਰ ਵਿੱਚ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਕਤ ਪਿੰਡਾਂ ਵਿੱਚ ਕੁੱਝ ਬਿਲਡਰਾਂ ਵੱਲੋਂ ਖੇਤੀਬਾੜੀ ਯੋਗ ਜ਼ਮੀਨ ਨੂੰ ਸਸਤੇ ਭਾਅ ਵਿੱਚ ਖ਼ਰੀਦ ਕੇ ਉੱਥੇ ਨਾਜਾਇਜ਼ ਕਲੋਨੀਆਂ ਉਸਾਰੀਆਂ ਜਾ ਰਹੀਆਂ ਹਨ। ਬਿਲਡਰ ਭੋਲੇ ਭਾਲੇ ਲੋਕਾਂ ਨੂੰ ਸਸਤੇ ਪਲਾਟ ਦਾ ਲਾਲਚ ਦੇ ਕੇ ਲੱਖਾਂ ਰੁਪਏ ਕਮਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਬਹਿਲੋਲਪੁਰ ਅਤੇ ਝਾਮਪੁਰ ਵਿੱਚ ਨਾਜਾਇਜ਼ ਕਲੋਨੀਆਂ ’ਤੇ ਬੁਲਡੋਜ਼ਰ ਚਲਾਇਆ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਕਤ ਪਿੰਡਾਂ ਵਿੱਚ ਉਸਾਰੀਆਂ ਜਾ ਰਹੀਆਂ ਨਾਜਾਇਜ਼ ਕਲੋਨੀਆਂ ਵਿੱਚ ਨਿਰਮਾਣ ਅਧੀਨ ਉਸਾਰੀਆਂ ਨੂੰ ਤਹਿਸ ਨਹਿਸ ਕੀਤਾ ਜਾ ਚੁੱਕਾ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਨੇੜਲੇ ਪਿੰਡਾਂ ਵਿੱਚ ਅਣਅਧਿਕਾਰਤ ਕਲੋਨਾਈਜਰ ਅਤੇ ਬਿਲਡਰ ਸਰਗਰਮ ਹਨ, ਜੋ ਖੇਤਾਂ ਦੀਆਂ ਜ਼ਮੀਨਾਂ ਨੂੰ ਪੱਧਰਾ ਕਰਕੇ ਇੱਥੇ ਪਲਾਟ ਕੱਟ ਕੇ ਵੇਚ ਰਹੇ ਹਨ ਅਤੇ ਸਸਤੇ ਭਾਅ ’ਤੇ ਪਲਾਟ ਮਿਲਣ ਦੇ ਲਾਲਚ ਵਿੱਚ ਆ ਕੇ ਲੋਕ ਬਿਨਾਂ ਕੁੱਝ ਸੋਚੇ ਸਮਝੇ ਆਪਣੀ ਜਮ੍ਹਾਪੂੰਜੀ ਨੂੰ ਬਰਬਾਦ ਕਰ ਰਹੇ ਹਨ। ਨਿਯਮਾਂ ਅਨੁਸਾਰ 25 ਏਕੜ ਤੋਂ ਘੱਟ ਜ਼ਮੀਨ ਦੀ ਕਲੋਨੀ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਹੈ ਲੇਕਿਨ ਕੁੱਝ ਬਿਲਡਰ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਅਣਅਧਿਕਾਰਤ ਕਲੋਨੀਆਂ ਬਣਾ ਕੇ ਸ਼ਰੇਆਮ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…