
ਗੋਲਡ ਜਿੰਮ ਮੁਹਾਲੀ ਵਿੱਚ ਪ੍ਰੈਕਟਿਸ ਕਰਨ ਵਾਲੇ ਬੰਟੀ ਨੇ ਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਜਿੱਤਿਆ ਮਿਸਟਰ ਇੰਡੀਆ ਦਾ ਖਿਤਾਬ
ਖਿਡਾਰੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਰਾਖਵਾਂ ਕਰਨ ਦੇਣ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਚੰਡੀਗੜ੍ਹ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਕੋਚ ਗੁਰਸੇਵਕ ਸਿੰਘ ਸਾਬੀ ਨੇ ਨੌਜਵਾਨ ਵਰਗ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਅਤੇ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਸਰਕਾਰੀ ਨੌਕਰੀਆਂ ਵਿੱਚ ਖਿਡਾਰੀ ਨੌਜਵਾਨਾਂ ਖਾਸ ਕਰਕੇ ਬਾਡੀ ਬਿਲਡਰਾਂ ਦਾ ਕੋਟਾ ਫਿਕਸ ਕੀਤਾ ਜਾਵੇ। ਅੱਜ ਇੱਥੇ ਜ਼ਿਲ੍ਹਾ ਪ੍ਰੈਸ ਕਲੱਬ ਵਿੱਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੋਚ ਗੁਰਸੇਵਕ ਸਿੰਘ ਨੇ ਮੁਹਾਲੀ ਦੇ ਗੋਲਡ ਜਿੰਮ ਵਿੰਚ ਪ੍ਰੈਕਟਿਸ ਕਰਨ ਵਾਲੇ ਬਾਡੀ ਬਿਲਡਰ ‘ਬੰਟੀ’ ਨੇ ਲੁਧਿਆਣਾ ਵਿੱਚ ਕਰਵਾਏ ਗਏ ਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਹੈ। ਬੰਟੀ ਗੋਲਡ ਜਿੰਮ ਵਿੱਚ ਕੋਚ ਗੁਰਸੇਵਕ ਸਿੰਘ ਸਾਬੀ ਦੀ ਦੇਖ ਰੇਖ ਵਿੱਚ ਟਰੇਨਿੰਗ ਲੈ ਰਿਹਾ ਹੈ। ਇਸੇ ਮੁਕਾਬਲੇ ਦੇ ਫਿਟਨੈਸ ਵਰਗ ਵਿੱਚ ਮੁਹਾਲੀ ਦੇ ਨੌਜਵਾਨ ਲਖਬੀਰ ਸਿੰਘ ਸਿੱਧੂ ਨੇ ਚੌਥਾ ਸਥਾਨ ਹਾਸਲ ਕਰਕੇ ਮੁਹਾਲੀ ਦਾ ਨਾਂ ਰੋਸ਼ਨ ਕੀਤਾ ਹੈ।
ਕੋਚ ਗੁਰਸੇਵਕ ਸਿੰਘ ਨੇ ਦੱਸਿਆ ਕਿ ਬੰਟੀ ਇਸ ਤੋਂ ਪਹਿਲਾਂ ਮਿਸਟਰ ਚੰਡੀਗੜ੍ਹ, ਮਿਸਟਰ ਪੰਜਾਬ, ਮਿਸਟਰ ਨਾਰਥ ਇੰਡੀਆ ਦਾ ਖਿਤਾਬ ਵੀ ਆਪਣੀ ਝੋਲੀ ਪਾ ਚੁੱਕਾ ਹੈ ਅਤੇ ਇਹ ਉਸ ਦਾ ਰਾਸ਼ਟਰੀ ਪੱਧਰ ਦਾ ਖਿਤਾਬ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਰਲਡ ਐਫੀਲੀਏਟਿਡ ਬਾਡੀ ਬਿਲਡਿੰਗ ਐਸੋਸੀਏਸ਼ਨ ਨਾਲ ਐਫੀਲੀਏਟਿਡ ਹੈ। ਲੁਧਿਆਣਾ ਵਿੱਚ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ 700 ਬਾਡੀ ਬਿਲਡਰਾਂ ਨੇ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਬੰਟੀ ਦਾ ਅਗਲਾ ਨਿਸ਼ਾਨਾ ਵਰਲਡ ਚੈਂਪੀਅਨਸ਼ਿਪ ਵਿੱਚ ਨਾਮਣਾ ਖੱਟਣਾ ਹੈ ਜੋ ਕਿ ਇਟਲੀ ਵਿੱਚ ਕਰਵਾਈ ਜਾਵੇਗੀ। ਇਸੇ ਦੌਰਾਨ ਵਾਬਾ ਦੇ ਭਾਰਤ ਦੇ ਜਨਰਲ ਸਕੱਤਰ ਦਿਨੇਸ਼ ਅਸਵਾਲ ਅਤੇ ਏਸ਼ੀਆ ਦੇ ਕੋਆਰਡੀਨੇਟਰ ਭੁਪਿੰਦਰ ਧਵਨ ਨੇ ਗੁਰਸੇਵਕ ਸਿੰਘ ਸਾਬੀ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਗਾਇਕ ਜੌਹਨ ਬੇਦੀ, ਜਸਮੀਤ ਸਿੰਘ, ਹਰਪ੍ਰੀਤ ਸਿੰਘ, ਰਾਹੁਲ ਕੁਮਾਰ, ਮਨੀ ਅੰਬਾਲਾ, ਸੁਖਵਿੰਦਰ ਖਟੜਾ, ਜੈਦੀਪ ਸਿੰਘ ਚਹਿਲ, ਵੀ ਹਾਜ਼ਰ ਸਨ।