
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼, ਮੁਹਾਲੀ ਨੇ ਸਫ਼ਾਈ ਅਭਿਆਨ ਚਲਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਭਾਰਤੀ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼, ਉੱਤਰੀ ਖੇਤਰੀ ਪ੍ਰਯੋਗਸ਼ਾਲਾ ਮੁਹਾਲੀ ਵੱਲੋਂ ਇੱਕ ਮਹੀਨਾ ਚੱਲਣ ਵਾਲੇ ਵਿਆਪਕ ਸਫ਼ਾਈ ਅਭਿਆਨ ਤਹਿਤ ਪ੍ਰਯੋਗਸ਼ਾਲਾ ਅਤੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਕੀਤੀ ਗਈ। ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਇਹ ਅਭਿਆਨ 31 ਅਕਤੂਬਰ ਤੱਕ ਜਾਰੀ ਰਹੇਗਾ। ਇਸ ਮੁਹਿੰਮ ਵਿੱਚ ਪ੍ਰਯੋਗਸ਼ਾਲਾ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਆਮ ਨਾਗਰਿਕਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ, ਜੋ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਇੱਕਜੁੱਟ ਹੋ ਕੇ ਕੰਮ ਕਰ ਰਹੇ ਹਨ।
ਉੱਤਰੀ ਖੇਤਰੀ ਪ੍ਰਯੋਗਸ਼ਾਲਾ ਦੇ ਮੁਖੀ ਸਤੀਸ਼ ਕੁਮਾਰ (ਸਾਇੰਟਿਸਟ ਐਫ/ਸੀਨੀਅਰ ਡਾਇਰੈਕਟਰ) ਨੇ ਦੱਸਿਆ ਕਿ ਈ-ਦਫ਼ਤਰ ਨੂੰ ਲੈਬਾਰਟਰੀ ਵਿੱਚ ਫਾਈਲਾਂ ਦੇ ਡਿਜੀਟਾਈਜ਼ੇਸ਼ਨ ਦੇ ਉਦੇਸ਼ ਨਾਲ ਲਾਗੂ ਕੀਤਾ ਗਿਆ ਹੈ। ਜਿਸ ਨਾਲ ਸਮੇਂ ਦੀ ਬੱਚਤ ਅਤੇ ਪਾਰਦਰਸ਼ਤਾ ਬਣਾਈ ਰੱਖਣਾ ਆਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਯੋਗਸ਼ਾਲਾ ਵਿੱਚ ਹਰਿਆਲੀ ਅਤੇ ਕੈਂਪਸ ਦੇ ਆਲੇ-ਦੁਆਲੇ ਕੁਦਰਤੀ ਵਾਤਾਵਰਨ ਬਣਾਉਣ ਲਈ ਨਿਯਮਤ ਤੌਰ ’ਤੇ ਪੌਦੇ ਲਗਾਏ ਜਾਂਦੇ ਹਨ। ਅੱਜ ਵੀ ਸਫ਼ਾਈ ਅਭਿਆਨ ਦੌਰਾਨ ਪੌਦੇ ਲਾਏ ਗਏ।
ਨੋਡਲ ਅਫ਼ਸਰ ਸ੍ਰੀਮਤੀ ਸਰਬਜੀਤ ਕੌਰ, ਅਸਿਸਟੈਂਟ ਡਾਇਰੈਕਟਰ (ਪ੍ਰਸ਼ਾਸਨਿਕ ਅਤੇ ਫਾਈਨਾਂਸ) ਨੇ ਦੱਸਿਆ ਕਿ ਉੱਤਰੀ ਖੇਤਰੀ ਪ੍ਰਯੋਗਸ਼ਾਲਾ ਨੇ ਐੱਮਐੱਸਟੀਸੀ (ਭਾਰਤ ਸਰਕਾਰ ਐਂਟਰਪ੍ਰਾਈਜ਼) ਰਾਹੀਂ ਪੁਰਾਣੇ ਰਿਕਾਰਡ ਨੂੰ ਹਟਾਉਣ, ਇਲੈੱਕਟ੍ਰਾਨਿਕ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਅਤੇ ਸਕਰੈਪ ਦੇ ਨਿਪਟਾਰੇ ਲਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰੇਕ ਗਤੀਵਿਧੀਆਂ ਨਾਲ ਸਬੰਧਤ ਵਿਸ਼ੇਸ਼ ਮੁਹਿੰਮ 2.0 ਦਾ ਉਦੇਸ਼ ਸੁਰੱਖਿਅਤ, ਸਾਫ਼, ਭਰੋਸੇਮੰਦ ਅਤੇ ਗੁਣਵੱਤਾ ਵਾਲੀਆਂ ਚੀਜ਼ਾਂ ਅਤੇ ਸੇਵਾਵਾਂ ਪ੍ਰਦਾਨ ਕਰਕੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।