ਨੇਚਰ ਪਾਰਕ ਨੇੜੇ ਕੂੜਾ ਸਾੜਨ ਕਾਰਨ ਪਾਰਕ ਵਿੱਚ ਧੂੰਆਂ ਫੈਲਿਆ, ਸੈਰ ਕਰਨ ਵਾਲੇ ਲੋਕ, ਬੱਚੇ ਤੇ ਬਜ਼ੁਰਗ ਅੌਖੇ

ਮੁਹਾਲੀ ਵਿੱਚ ਪਾਬੰਦੀ ਦੇ ਬਾਵਜੂਦ ਜਨਤਕ ਥਾਵਾਂ ’ਤੇ ਸ਼ਰੇਆਮ ਸਾੜਿਆਂ ਜਾ ਰਿਹੈ ਕੂੜਾ ਕਰਕਟ, ਪ੍ਰਸ਼ਾਸਨ ਬੇਖ਼ਬਰ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਸ਼ ਦੇ ਬਾਵਜੂਦ ਗਮਾਡਾ ਤੇ ਨਗਰ ਨਿਗਮ ਨੇ ਠੇਕੇਦਾਰ ਵਿਰੁੱਧ ਕਾਰਵਾਈ ਤੋਂ ਪੱਲਾ ਸਾੜਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਾਬੰਦੀ ਦੇ ਬਾਵਜੂਦ ਰਿਹਾਇਸ਼ੀ ਇਲਾਕਿਆਂ, ਪਾਰਕਾਂ ਅਤੇ ਸੜਕਾਂ ਦੇ ਕਿਨਾਰੇ ਸ਼ਰ੍ਹੇਆਮ ਕੂੜਾ-ਕਰਕਟ ਸਾੜਿਆ ਜਾ ਰਿਹਾ ਹੈ। ਇਸ ਨਾਲ ਜਿੱਥੇ ਸ਼ਹਿਰ ਵਿੱਚ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਸ਼ਹਿਰ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਵੱਲੋਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਹੀ ਨਹੀਂ ਇਲਾਕੇ ਵਿੱਚ ਖੇਤਾਂ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਵੀ ਸਾੜਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਮੁਹਾਲੀ ਤੋਂ ਚੱਪੜਚਿੜੀ ਪਹੁੰਚ ਸੜਕ ਦੇ ਕਿਨਾਰੇ ਇੱਕ ਖੇਤ ਵਿੱਚ ਰਹਿੰਦ ਖੂੰਹਦ ਨੂੰ ਅੱਗ ਲੱਗੀ ਦੇਖੀ ਗਈ ਹੈ।
ਉਧਰ, ਇੱਥੋਂ ਦੇ ਫੇਜ਼-8 ਸਥਿਤ ਨੇਚਰ ਪਾਰਕ (ਲਈਅਰ ਵੈਲੀ) ਨੇੜੇ ਕੂੜੇ ਨੂੰ ਅੱਗ ਲਗਾਉਣ ਕਾਰਨ ਸਮੁੱਚੇ ਏਰੀਆ ਵਿੱਚ ਸੰਘਣਾ ਧੂੰਆਂ ਛਾ ਗਿਆ ਅਤੇ ਪਾਰਕ ਵਿੱਚ ਸੈਰ ਕਰ ਰਹੇ ਲੋਕਾਂ ਖਾਸ ਕਰਕੇ ਬਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਕਈ ਲੋਕਾਂ ਨੂੰ ਸ਼ਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਜਿਸ ਕਾਰਨ ਉਹ ਕਸਰਤ ਕੀਤੇ ਬਿਨਾਂ ਹੀ ਘਰਾਂ ਨੂੰ ਪਰਤ ਗਏ। ਇਸ ਤੋਂ ਇਲਾਵਾ ਹੋਰਨਾਂ ਵੱਖ-ਵੱਖ ਥਾਵਾਂ ਉੱਤੇ ਰਿਹਾਇਸ਼ੀ ਖੇਤਰ, ਪਾਰਕਾਂ ਅਤੇ ਸੜਕਾਂ ਕਿਨਾਰੇ ਕੂੜਾ-ਕਰਕਟ ਸੜਦੇ ਹੋਏ ਦੇਖਿਆ ਗਿਆ। ਕਈ ਥਾਵਾਂ ’ਤੇ ਸਫ਼ਾਈ ਕਰਮਚਾਰੀਆਂ ਅਤੇ ਕੁੱਝ ਥਾਵਾਂ ’ਤੇ ਲੋਕਾਂ ਵੱਲੋਂ ਕੂੜਾ-ਕਰਕਟ ਅਤੇ ਰੁੱਖਾਂ ਦੇ ਸੁੱਕੇ ਪੱਤਿਆਂ ਨੂੰ ਅੱਗ ਲਗਾਈ ਹੋਈ ਸੀ।
ਉਧਰ, ਲੋਕਾਂ ਦੀ ਸ਼ਿਕਾਇਤਾਂ ’ਤੇ ਬੀਤੇ ਦਿਨੀਂ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ‘ਮੀਡੀਆ ਟੀਮ ਨੂੰ ਨਾਲ ਲੈ ਕੇ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਕੂੜੇ ਸਾੜੇ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕਾਫੀ ਸਮੇਂ ਤੋਂ ਨੇਚਰ ਪਾਰਕ ਦੇ ਰੱਖ-ਰਖਾਓ ਕਰਨ ਵਾਲੇ ਠੇਕੇਦਾਰ ਦੇ ਕਰਮਚਾਰੀਆਂ ਵੱਲੋਂ ਰੁੱਖਾਂ ਦੇ ਸੁੱਕੇ ਪੱਤਿਆਂ ਅਤੇ ਹੋਰ ਕੂੜਾ ਕਰਕਟ ਸਾੜਿਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਅਤੇ ਜੇਈ ਨੂੰ ਸੁੱਕੇ ਪੱਤਿਆਂ ਨੂੰ ਸਾੜੇ ਜਾਣ ਦਾ ਮੌਕਾ ਦਿਖਾਇਆ ਗਿਆ ਸੀ। ਪ੍ਰਦੂਸ਼ਣ ਬੋਰਡ ਨੇ ਗਮਾਡਾ ਅਤੇ ਨਗਰ ਨਿਗਮ ਨੂੰ ਸਬੰਧਤ ਠੇਕੇਦਾਰ ਦੇ ਖ਼ਿਲਾਫ਼ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਸੀ ਲੇਕਿਨ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੋਈ।
(ਬਾਕਸ ਆਈਟਮ)
ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਵੇਂ ਸਿਰਿਓਂ ਸ਼ਿਕਾਇਤ ਦੇ ਕੇ ਸ਼ਹਿਰ ਵਿੱਚ ਜਨਤਕ ਥਾਵਾਂ ’ਤੇ ਕੂੜਾ ਕਰਕਟ ਸਾੜਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਸਮੇਤ ਉਕਤ ਵਿਭਾਗਾਂ ਦੇ ਅਧਿਕਾਰੀ ਬਣਦੀ ਕਾਰਵਾਈ ਕਰਨ ਦੀ ਥਾਂ ਇੱਕ ਦੂਜੇ ’ਤੇ ਜ਼ਿੰਮੇਵਾਰੀ ਸੁੱਟ ਕੇ ਆਪਣਾ ਪੱਲਾ ਝਾੜ ਰਹੇ ਹਨ।
(ਬਾਕਸ ਆਈਟਮ)
ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜਨਤਕ ਥਾਵਾਂ ’ਤੇ ਸ਼ਰ੍ਹੇਆਮ ਕੂੜਾ ਸਾੜਨ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਮੁਹਾਲੀ ਨਿਗਮ ਦੇ ਅਧਿਕਾਰੀਆਂ ਦੀ ਜਵਾਬਤਲਬੀ ਕਰਦਿਆਂ ਕਮਿਸ਼ਨਰ ਤੋਂ ਵਿਸਥਾਰ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਖੇਤਾਂ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਤੋਂ ਵੀ ਰਿਪੋਰਟ ਤਲਬ ਕੀਤੀ ਹੈ।

Load More Related Articles
Load More By Nabaz-e-Punjab
Load More In Environment

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…