Nabaz-e-punjab.com

ਟਿਕਟ ਮੰਗਣ ’ਤੇ ਪੁਲੀਸ ਮੁਲਾਜ਼ਮਾਂ ਵੱਲੋਂ ਬੱਸ ਕੰਡਕਟਰ ਦੀ ਕੁੱਟਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਇੱਥੋਂ ਦੇ ਫੇਜ਼-6 ਵਿੱਚ ਪੰਜਾਬ ਪੁਲੀਸ ਦੇ ਕੁਝ ਮੁਲਾਜ਼ਮਾਂ ਵੱਲੋਂ ਬੱਸ ਕੰਡਕਟਰ ਹਰਜਿੰਦਰ ਸਿੰਘ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ ਕੰਡਕਟਰ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਦੀ ਜਾਣਕਾਰੀ ਅਨੁਸਾਰ ਬੱਸ ਸਫ਼ਰ ਦੌਰਾਨ ਪੁਲੀਸ ਚੌਂਕੀ ਫੇਜ਼-6 ਵਿੱਚ ਤਾਇਨਾਤ ਸੁਖਦੀਪ ਸਿੰਘ ਨੂੰ ਬੱਸ ਕੰਡਕਟਰ ਨੇ ਟਿਕਟ ਲੈਣ ਲਈ ਆਖਿਆ ਸੀ ਪਰ ਪੁਲੀਸ ਮੁਲਾਜ਼ਮ ਨੇ ਟਿਕਟ ਮੰਗਣ ਦਾ ਬੁਰਾ ਮਨਾਉਂਦਿਆਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਗਈ।
ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਦਿਨ ਵਿੱਚ ਫਿਰੋਜ਼ਪੁਰ ਤੋਂ ਚੰਡੀਗੜ੍ਹ ਲਈ ਬੱਸ ਰਵਾਨਾ ਹੋਈ ਸੀ ਅਤੇ ਲੁਧਿਆਣਾ ਤੋਂ ਚੰਡੀਗੜ੍ਹ ਆਉਣ ਸਮੇਂ ਸਮਰਾਲਾ ਬੱਸ ਅੱਡੇ ਤੋਂ ਪੁਲੀਸ ਮੁਲਾਜ਼ਮ ਸੁਖਦੀਪ ਸਿੰਘ ਬੱਸ ਵਿੱਚ ਚੜ ਗਿਆ। ਕੰਡਕਟਰ ਨੇ ਦੱਸਿਆ ਕਿ ਜਦੋਂ ਉਸ ਨੇ ਸੁਖਦੀਪ ਨੂੰ ਟਿਕਟ ਲੈਣ ਲਈ ਕਿਹਾ ਤਾਂ ਉਸ ਨੇ ਖ਼ੁਦ ਨੂੰ ਪੰਜਾਬ ਪੁਲੀਸ ਦਾ ਕਰਮਚਾਰੀ ਦੱਸਦਿਆਂ ਟਿਕਟ ਨਹੀਂ ਲਈ। ਇਸ ਤਰ੍ਹਾਂ ਮੁਫ਼ਤ ਬੱਸ ਸਫ਼ਰ ਲਈ ਉਸ ਨੂੰ ਵਾਊਚਰ ਭਰਨ ਲਈ ਕਿਹਾ ਤਾਂ ਸੁਖਦੀਪ ਸਿੰਘ ਨੇ ਕੰਡਕਟਰ ਨੂੰ ਪੈਨ ਦੇਣ ਲਈ ਕਿਹਾ। ਕੰਡਕਟਰ ਨੇ ਪੈਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ। ਕੰਡਕਟਰ ਨੇ ਦੋਸ਼ ਲਾਇਆ ਕਿ ਸੁਖਦੀਪ ਨੇ ਟਿਕਟ ਲੈਣ ਵਾਲੀ ਗੱਲ ਦਾ ਬੁਰਾ ਮਨਾਉਂਦਿਆਂ ਉਸ ਨਾਲ ਗਾਲੀ ਗਲੋਚ ਕੀਤੀ ਗਈ। ਉਸ ਸਮੇਂ ਬੱਸ ’ਚ ਬੈਠੀਆਂ ਸਵਾਰੀਆਂ ਨੇ ਦੋਵਾਂ ਨੂੰ ਸ਼ਾਂਤ ਕਰਕੇ ਬਿਠਾ ਦਿੱਤਾ।
ਪੀੜਤ ਕੰਡਕਟਰ ਦੇ ਦੱਸਣ ਅਨੁਸਾਰ ਇਸ ਦੌਰਾਨ ਸੁਖਦੀਪ ਸਿੰਘ ਨੇ ਰਾਹ ਵਿੱਚ ਹੀ ਆਪਣੇ ਸਾਥੀ ਪੁਲੀਸ ਕਰਮਚਾਰੀਆਂ ਨੂੰ ਫੇਜ਼-6 ਸਥਿਤ ਬੱਸ ਸਟਾਪ ਵਾਲੀ ਥਾਂ ’ਤੇ ਸੱਦ ਲਿਆ ਅਤੇ ਜਿਵੇਂ ਹੀ ਬੱਸ ਫੇਜ਼-6 ਵਿੱਚ ਪਹੁੰਚੀ ਤਾਂ ਸੁਖਦੀਪ ਸਿੰਘ ਅਤੇ ਉਸ ਦੇ ਸਾਥੀ ਪੁਲੀਸ ਮੁਲਾਜ਼ਮਾਂ ਨੇ ਕੰਡਕਟਰ ਦੀ ਕੁੱਟਮਾਰ ਕੀਤੀ ਗਈ। ਜਿਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਸ ਸਬੰਧੀ ਪੁਲੀਸ ਮੁਲਾਜ਼ਮ ਸੁਖਦੀਪ ਸਿੰਘ ਨੇ ਬੱਸ ਕੰਡਕਟਰ ਵੱਲੋਂ ਕੁੱਟਮਾਰ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠੇ ਦੱਸਦਿਆਂ ਕਿਹਾ ਕਿ ਬੱਸ ਕੰਡਕਟਰ ਹਰਜਿੰਦਰ ਸਿੰਘ ਨੇ ਪਹਿਲਾਂ ਝਗੜਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਹ ਲਿਬੜਾ ਟਰਾਂਸਪੋਰਟ ਵਿੱਚ ਵੀ ਅਜਿਹੀ ਹਰਕਤ ਕਰ ਚੁੱਕਾ ਹੈ। ਉਧਰ, ਪੁਲੀਸ ਚੌਂਕੀ ਫੇਜ਼-6 ਦੇ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਮਾਮੂਲੀ ਝਗੜਾ ਹੋਇਆ ਸੀ। ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਬੱਸ ਕੰਡਕਟਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…