nabaz-e-punjab.com

ਮੁਹਾਲੀ ਤੋਂ ਪਟਿਆਲਾ ਅਤੇ ਪਟਿਆਲਾ ਤੋਂ ਮੁਹਾਲੀ ਤੱਕ ਅਚਨਚੇਤ ਬਸ ਸਰਵਿਸ ਬੰਦ

ਮੁਹਾਲੀ-ਪਟਿਆਲਾ ਰੂਟ ਉੱਤੇ ਬੱਸ ਸਰਵਿਸ ਤੁਰੰਤ ਚਾਲੂ ਕੀਤੀ ਜਾਵੇ: ਸਾਹਿਤਕਾਰ ਜਗਮੋਹਨ ਲੱਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਮੁਹਾਲੀ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਨੂੰ ਬੱਸ ਸਰਵਿਸ ਪਿਛਲੇ ਦੋ ਦਿਨਾਂ ਤੋਂ ਬੰਦ ਹੈ। 22 ਅਗਸਤ ਨੂੰ 12 ਵਜੇ ਤੋਂ ਬਾਅਦ ਪੀ ਆਰ ਟੀ ਸੀ ਦੀ ਕੋਈ ਵੀ ਬੱਸ ਮੋਹਾਲੀ ਤੋਂ ਪਟਿਆਲਾ ਲਈ ਨਹੀਂ ਚੱਲੀ ਅਤੇ ਨਾ ਹੀ ਪਟਿਆਲਾ ਤੋਂ ਮੁਹਾਲੀ ਲਈ ਕੋਈ ਬੱਸ ਆਈ ਹੈ। ਅੱਜ ਵੀ ਇਸ ਰੂਟ ਉਪਰ ਬੱਸਾਂ ਬੰਦ ਹਨ। ਇਹਨਾਂ ਬੱਸਾਂ ਦੇ ਬੰਦ ਹੋਣ ਸਬੰਧੀ ਪੀਆਰਟੀਸੀ ਦਾ ਕੋਈ ਵੀ ਅਧਿਕਾਰੀ ਗਲ ਕਰਕੇ ਰਾਜੀ ਨਹੀਂ ਹੈ। ਇਸ ਰੂਟ ਉਪਰ ਪੀ ਆਰ ਟੀ ਸੀ ਦੀਆਂ ਬੱਸਾਂ ਬੰਦ ਹੋਣ ਕਾਰਨ ਲੋਕ ਬਹੁਤ ਹੀ ਜਿਆਦਾ ਪ੍ਰੇਸ਼ਾਨ ਹੋ ਰਹੇ ਹਨ। ਸਭ ਤੋਂ ਜਿਆਦਾ ਉਹਨਾਂ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਜਿਹੜੇ ਲੋਕ ਹਰ ਦਿਨ ਹੀ ਆਪਣੀ ਨੌਕਰੀ ਅਤੇ ਹੋਰ ਕੰਮ ਧੰਦੇ ਮੁਹਾਲੀ ਪਟਿਆਲਾ ਰੂਟ ਉਪਰ ਸਫਰ ਕਰਦੇ ਹਨ। ਇਹਨਾਂ ਰੌਜਾਣਾ ਸਫਰ ਕਰਨ ਵਾਲੇ ਲੋਕਾਂ ਖਾਸ ਕਰਕੇ ਲੜਕੀਆਂ ਨੂੰ ਇਸ ਰੂਟ ਉਪਰ ਪੀ ਆਰ ਟੀ ਸੀ ਦੀ ਬੱਸ ਸਰਵਿਸ ਬੰਦ ਹੋਣ ਕਾਰਨ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੀਆਰਟੀਸੀ ਦੀ ਮੈਨੇਜਮੈਂਟ ਨੇ ਤੁਗਲਕੀ ਫੈਸਲਾ ਲੈਂਦਿਆਂ ਬੀਤੇ ਦਿਨ 12 ਵਜੇ ਅਚਾਨਕ ਹੀ ਮੁਹਾਲੀ ਤੋਂ ਪਟਿਆਲਾ ਅਤੇ ਪਟਿਆਲਾ ਤੋਂ ਮੋਹਾਲੀ ਰੂਟ ਉਪਰ ਚਲਦੀਆਂ ਸਾਰੀਆਂ ਬੱਸਾਂ ਬੰਦ ਕਰ ਦਿਤੀਆਂ, ਜੋ ਕਿ ਅੱਜ ਵੀ ਸਾਰਾ ਦਿਨ ਬੰਦ ਰਹੀਆਂ। ਪੀ ਆ ਰ ਟੀ ਸੀ ਦੇ ਅਧਿਕਾਰੀ ਇਸ ਬੱਸ ਸਰਵਿਸ ਨੁੰ ਬੰਦ ਕਰਨ ਦੇ ਸਬੰਧੀ ਕੋਈ ਵੀ ਗਲ ਕਰਨ ਨੁੰ ਤਿਆਰ ਨਹੀਂ। ਇਸ ਬੱਸ ਸਰਵਿਸ ਦੇ ਬੰਦ ਹੋਣ ਨਾਲ ਇਸ ਰੂਟ ਉਪਰ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਹੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਮੁਹਾਲੀ, ਪਟਿਆਲਾ, ਰਾਜਪੁਰਾ ਦੇ ਬੱਸ ਅਡਿਆਂ ਉਪਰ ਇਸ ਰੂਟ ਉਪਰ ਸਫਰ ਕਰਨ ਵਾਲੇ ਲੋਕ ਬਹੁਤ ਹੀ ਜਿਆਦਾ ਪ੍ਰੇਸ਼ਾਨ ਹੋ ਰਹੇ ਹਨ ਪਰ ਪੀਆਰਟੀਸੀ ਦਾ ਕੋਈ ਵੀ ਅਧਿਕਾਰੀ ਉਹਨਾਂ ਨੂੰ ਜਾਣਕਾਰੀ ਦੇ ਕੇ ਰਾਜੀ ਨਹੀਂ। ਮੋਹਾਲੀ ਦੇ ਬੱਸ ਅੱਡੇ ਦਾ ਤਾਂ ਇਹ ਹਾਲ ਹੈ ਕਿ ਇਸ ਅੱਡੇ ਤੋਂ ਪੀ ਆਰ ਟੀ ਸੀ ਦੇ ਸਾਰੇ ਮੁਲਾਜਮ ਹੀ ਕਲ ਤੋਂ ਗਾਇਬ ਹਨ ਅਤੇ ਉਹਨਾਂ ਦੇ ਮੋਬਾਇਲ ਫੋਨ ਦੇ ਸਵਿੱਚ ਬੰਦ ਆ ਰਹੇ ਹਨ।
ਇਸ ਰੂਟ ਉਪਰ ਸਫਰ ਕਰਨ ਵਾਲੇ ਲੋਕ ਪਾਣੀ ਪੀ ਪੀ ਕੇ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮੁਹਾਲੀ ਤੋਂ ਜੇ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਨੂੰ ਅਤੇ ਪਟਿਆਲਾ ਤੋਂ ਹੀ ਜੇ ਮੋਹਾਲੀ ਰੂਟ ਉਪਰ ਬੱਸਾਂ ਨਹੀਂ ਚਲਾਈਆਂ ਜਾ ਰਹੀਆਂ ਤਾਂ ਫਿਰ ਹੋਰਨਾਂ ਸ਼ਹਿਰਾਂ ਦਾ ਕੀ ਹਾਲ ਹੋਣਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਸ਼ਹਿਰ ਤੋਂ ਰਾਤਰੀ ਬੱਸ ਸੇਵਾ ਤਾਂ ਕੀ ਸ਼ੁਰੂ ਕਰਨੀ ਸੀ ਪਰ ਪੀ ਆਰ ਟੀ ਸੀ ਨੇ ਦਿਨ ਦੀ ਬੱਸ ਸਰਵਿਸ ਵੀ ਬੰਦ ਕਰ ਦਿਤੀ ਹੈ। ਲੋਕਾਂ ਵਿਚ ਇਹ ਚਰਚਾ ਹੋ ਰਹੀ ਹੈ ਕਿ ਇਸ ਰੂਟ ਉਪਰ ਬੱਸ ਸਰਵਿਸ ਡੇਰਾ ਸਿਰਸਾ ਦੇ ਮੁਖੀ ਨੂੰ 25 ਅਗਸਤ ਨੂੰ ਸੁਣਾਏ ਜਾਂਣ ਵਾਲੇ ਫੈਸਲੇ ਕਰਕੇ ਬੰਦ ਕੀਤੀ ਹੈ। ਮੁਹਾਲੀ ਪਟਿਆਲਾ ਅਤੇ ਪਟਿਆਲਾ ਮੋਹਾਲੀ ਰੂਟ ਉਪਰ ਦੋ ਦਿਨਾਂ ਤੋਂ ਪੀ ਆਰ ਟੀ ਸੀ ਦੀ ਬੱਸ ਸਰਵਿਸ ਬੰਦ ਹੋਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ ਅਤੇ ਲੋਕ ਬੱਸ ਅਡਿਆਂ ਉਪਰ ਖੱਜਲ ਖੁਆਰ ਹੁੰਦੇ ਇਧਰ ਉਧਰ ਇਕ ਦੂਜੇ ਨੁੰ ਪੁਛਦੇ ਵੇਖੇ ਜਾ ਰਹੇ ਹਨ।
(ਬਾਕਸ ਆਈਟਮ)
ਉੱਘੇ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੀਆਰਟੀਸੀ ਮੈਨੇਜਮੈਂਟ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਪਟਿਆਲਾ ਅਤੇ ਪਟਿਆਲਾ ਮੁਹਾਲੀ ਰੂਟ ਉਪਰ ਬੰਦ ਕੀਤੀ ਪੀ ਆਰ ਟੀ ਸੀ ਦੀ ਬੱਸ ਸਰਵਿਸ ਤੁਰੰਤ ਚਾਲੂ ਕੀਤੀ ਜਾਵੇ। ਉਹਨਾਂ ਕਿਹਾ ਕਿ ਪਟਿਆਲਾ ਮੁੱਖ ਮੰਤਰੀ ਪੰਜਾਬ ਦਾ ਸ਼ਹਿਰ ਹੈ ਇਸ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਅਤੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਇਸ ਰੂਟ ਉਪਰ ਬੱਸ ਸਰਵਿਸ ਬੰਦ ਕਰਨ ਦੇ ਤੁਗਲਕੀ ਫੁਰਮਾਨ ਵਾਪਸ ਲੈ ਲੈਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਰੂਟ ਉਪਰ ਬਹੁਤ ਸਵਾਰੀ ਪੈਂਦੀ ਹੈ ਅਤੇ ਇਸ ਰੂਟ ਊਪਰ ਚਲਦੀਆਂ ਬੱਸਾਂ ਓਵਰਲੋਡ ਹੀ ਚਲਦੀਆਂ ਹਨ, ਫਿਰ ਵੀ ਪੀ ਆਰ ਟੀ ਸੀ ਮੈਨੇਜਮੈਂਟ ਨੇ ਬਿਨਾਂ ਕੋਈ ਕਾਰਨ ਦੱਸਿਆ ਇਸ ਰੂਟ ਉਪਰ ਬੱਸ ਸਰਵਿਸ ਬੰਦ ਕਰਕੇ ਲੋਕਾਂ ਨੁੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਹੈ। ਉਹਨਾਂ ਮੰਗ ਕੀਤੀ ਕਿ ਮੋਹਾਲੀ ਤੋਂ ਪਟਿਆਲਾ ਅਤੇ ਪਟਿਆਲਾ ਮੋਹਾਲੀ ਰੂਟ ਉਪਰ ਬੰਦ ਕੀਤੀ ਪੀ ਆਰ ਟੀ ਸੀ ਦੀ ਬੱਸ ਸਰਵਿਸ ਤੁਰੰਤ ਚਾਲੂ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ। ਜਦੋਂ ਇਸ ਸਬੰਧੀ ਪੀ ਆਰ ਟੀ ਸੀ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਮੋਬਾਇਲ ਨੰਬਰ 7986018813 ਉਪਰ ਮੁਹਾਲੀ ਪਟਿਆਲਾ ਰੂਟ ਊਪਰ ਬੱਸਾਂ ਬੰਦ ਹੋਣ ਦੀ ਗੱਲ ਕੀਤੀ ਤਾਂ ਉਹਨਾਂ ਕੋਈ ਤਸੱਲੀ ਬਖ਼ਸ਼ ਜੁਆਬ ਨਾ ਦਿੰਦਿਆਂ ਕਿਹਾ ਕਿ ਉਹ ਸੀਨੀਅਰ ਅਧਿਕਾਰੀਆਂ ਨਾਲ ਇਸ ਸਬੰਧੀ ਗਲਬਾਤ ਕਰ ਰਹੇ ਹਨ। ਏਨਾ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…