Nabaz-e-punjab.com

ਸੁਰੱਖਿਅਤ ਸਕੂਲ ਬੱਸ ਸਰਵਿਸ: ਐਸਡੀਐਮ ਵੱਲੋਂ ਅਣਗਹਿਲੀ ਦੇ ਦੋਸ਼ ਵਿੱਚ ਸਮਾਰਟ ਵੰਡਰ ਸਕੂਲ ਨੂੰ ਨੋਟਿਸ ਜਾਰੀ

ਬੀਤੇ ਦਿਨੀਂ ਬੱਸ ਚਾਲਕ ਦੀ ਘੋਰ ਲਾਪ੍ਰਵਾਹੀ ਕਾਰਨ ਵਿਦਿਆਰਥੀਆਂ ਦੇ ਦੰਦ ਟੁੱਟਣ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ)-ਕਮ-ਸੇਫ ਸਕੂਲ ਵਾਹਨ ਸਕੀਮ ਕਮੇਟੀ ਦੇ ਚੇਅਰਮੈਨ ਜਗਦੀਪ ਸਹਿਗਲ ਨੇ ਸਮਾਰਟ ਵੰਡਰ ਸਕੂਲ ਸੈਕਟਰ-71 ਦੀ ਸਕੂਲ ਬੱਸ ਦੇ ਚਾਲਕ ਦੀ ਘੋਰ ਲਾਪਰਵਾਹੀ ਕਾਰਨ ਪੰਜਵੀਂ ਜਮਾਤ ਦੇ ਵਿਦਿਆਰਥੀ ਹਰਕਰਨ ਪ੍ਰਤਾਪ ਸਿੰਘ ਦੇ ਦੰਦ ਟੁੱਟਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਕੂਲ ਦੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 10 ਦਿਨਾਂ ਵਿੱਚ ਜਵਾਬ ਮੰਗਿਆ ਹੈ। ਨੋਟਿਸ ਵਿੱਚ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਅਗਲੇ ਹਫ਼ਤੇ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ।
ਐਸਡੀਐਮ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੇਫ ਸਕੂਲ ਵਾਹਨ ਸਕੀਮ ਬਣਾਈ ਗਈ ਹੈ। ਜਿਸ ਅਨੁਸਾਰ ਸਕੂਲ ਅਥਾਰਟੀ (ਪ੍ਰਿੰਸੀਪਲ/ਮੁੱਖ ਅਧਿਆਪਕ) ਪੂਰੀ ਤਰ੍ਹਾਂ ਸਕੂਲੀ ਬੱਚਿਆਂ ਦੀ ਟਰਾਂਸਪੋਰਟੇਸ਼ਨ ਲਈ ਜ਼ਿੰਮੇਵਾਰ ਹਨ। ਭਾਵੇਂ ਸਕੂਲੀ ਬੱਚਿਆਂ ਨੂੰ ਘਰੋਂ ਸਕੂਲ ਲਿਆਉਣ ਅਤੇ ਛੁੱਟੀ ਤੋਂ ਬਾਅਦ ਘਰ ਛੱਡਣ ਵਾਲੀਆਂ ਬੱਸਾਂ ਸਬੰਧਤ ਸਕੂਲ ਦੀਆਂ ਹੋਣ ਜਾਂ ਪ੍ਰਾਈਵੇਟ ਠੇਕੇਦਾਰ ਦੀਆਂ। ਵਿਦਿਆਰਥੀਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਸਕੂਲ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ ਹੈ। ਨੋਟਿਸ ਵਿੱਚ ਕਿਹਾ ਗਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਫ ਸਕੂਲ ਵਾਹਨ ਸਕੀਮ ਦੀ ਸਕੂਲ ਬੱਸਾਂ ਵੱਲੋਂ ਪਾਲਣਾ ਕਰਵਾਉਣ ਹਿੱਤ ਸਕੂਲ ਪ੍ਰਿੰਸੀਪਲਾਂ/ਮੁਖੀਆਂ ਨੂੰ ਸਮੇਂ ਸਮੇਂ ’ਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀਆਂ ਮੀਟਿੰਗਾਂ ਵਿੱਚ ਵੀ ਇਸ ਮੁੱਦੇ ’ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ।
ਮੁਹਾਲੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵੱਖ-ਵੱਖ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਨੂੰ ਸੁਰੱਖਿਅਤ ਬੱਸ ਸਰਵਿਸ ਮੁਹੱਈਆ ਕਰਨ ਅਤੇ ਸੁਰੱਖਿਅਤ ਸਕੂਲ ਵਾਹਨ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਦੱਸਿਆ ਗਿਆ ਹੈ ਕਿ ਜਿਹੜੇ ਸਕੂਲ ਪ੍ਰਬੰਧਕ ਸਰਕਾਰੀ ਨਿਯਮ ਅਤੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਫੜੇ ਗਏ। ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਸਬੰਧਤ ਸਕੂਲਾਂ ਦੀਆਂ ਬੱਸਾਂ ਦੇ ਚਲਾਨ ਕੀਤੇ ਜਾਣਗੇ। ਜੇਕਰ ਫਿਰ ਵੀ ਸਕੂਲ ਪ੍ਰਬੰਧਕ ਬਾਜ ਨਹੀਂ ਆਏ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਪਹਿਲਾਂ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਰੇ ਸਕੂਲ ਪ੍ਰਬੰਧਕਾਂ ਕੋਲੋਂ ਹਾਈ ਕੋਰਟ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਨਵੇਂ ਸਿਰੇ ਤੋਂ ਹਲਫ਼ਨਾਮਾ ਲਿਆ ਜਾਵੇ। ਇਸ ਤੋਂ ਇਲਾਵਾ ਵੱਖਰੇ ਤੌਰ ’ਤੇ ਇਕ ਸਰਟੀਫਿਕੇਟ ਹਾਸਲ ਕੀਤਾ ਜਾਵੇ ਤਾਂ ਜੋ ਹਾਈ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ। ਵਿਦਿਆਰਥੀਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
(ਬਾਕਸ ਆਈਟਮ) ‘‘ਸਕੂਲ ਬੱਸਾਂ ਲਈ ਕੀ ਹਨ ਨਿਯਮ’’:
ਸੁਰੱਖਿਅਤ ਸਕੂਲ ਵਾਹਨ ਸਕੀਮ ਅਧੀਨ ਹਰੇਕ ਸਕੂਲ ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਸਕੂਲ ਬੱਸ ਦੇ ਅੱਗੇ ਅਤੇ ਪਿੱਛੇ ਸਕੂਲ ਬੱਸ ਲਿਖਿਆ ਹੋਵੇ। ਜੇਕਰ ਬੱਸ ਕਿਰਾਏ ’ਤੇ ਹੋਵੇ ਤਾਂ ਉਸ ’ਤੇ ਆਨ ਸਕੂਲ ਡਿਊਟੀ ਲਿਖਿਆ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਬੱਸ ਵਿੱਚ ਫਾਸਟਏਡ ਬਾਕਸ ਅਤੇ ਬੱਸ ਤੇ ਸਕੂਲ ਦਾ ਨਾਂ ਅਤੇ ਟੈਲੀਫੋਨ ਨੰਬਰ ਲਿਖਿਆ ਹੋਵੇ। ਬੱਸ ਚਾਲਕ ਕੋਲ ਘੱਟੋ-ਘੱਟ 5 ਸਾਲ ਦਾ ਤਜਰਬਾ ਅਤੇ ਉਸ ਕੋਲ ਹੈਵੀ ਲਾਇਸੈਂਸ ਹੋਣਾ ਚਾਹੀਦਾ ਹੈ। ਬੱਸ ਦੇ ਕਲੀਨਰ ਅਤੇ ਚਾਲਕ ਨੂੰ ਵਰਦੀ ਪਹਿਨਣਾ ਲਾਜ਼ਮੀ ਕਰਨ ਦੇ ਨਾਲ-ਨਾਲ ਸਮੇਂ ਸਮੇਂ ਸਿਰ ਉਨ੍ਹਾਂ ਦਾ ਮੈਡੀਕਲ ਚੈੱਕਅਪ ਹੋਵੇ ਅਤੇ ਜੇਕਰ ਬੱਸ ਕੇਵਲ ਲੜਕੀਆਂ ਲਈ ਵਰਤੀ ਜਾਂਦੀ ਹੈ ਤਾਂ ਉਸ ਨਾਲ ਮਹਿਲਾ ਅਟੈਂਡੈਂਟ ਤਾਇਨਾਤ ਹੋਣੀ ਜ਼ਰੂਰੀ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…