ਬੱਸ ਸਰਵਿਸ: ਮੁਹਾਲੀ ਵਿੱਚ ਸਵਾਰੀਆਂ ਨੂੰ ਹੋਣਾ ਪਿਆ ਖੱਜਲ-ਖੁਆਰ

ਮੁਹਾਲੀ ’ਚ ਬੰਦ ਪਏ ਪੁਰਾਣੇ ਅੰਤਰਰਾਜੀ ਬੱਸ ਅੱਡੇ ਦੇ ਬਾਹਰੋਂ ਸਿਰਫ਼ ਪਟਿਆਲਾ ਲਈ ਚਲੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਪੰਜਾਬ ਸਰਕਾਰ ਵੱਲੋਂ ਲੌਕਡਾਊਨ ਦੌਰਾਨ ਭਾਵੇਂ ਲੋਕਾਂ ਦੀ ਸਹੂਲਤ ਲਈ ਬੱਸਾਂ ਚਲਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ ਪ੍ਰੰਤੂ ਇਸ ਦਾ ਟਰਾਂਸਪੋਰਟ ਵਿਭਾਗ ਜਾਂ ਆਮ ਲੋਕਾਂ ਨੂੰ ਬਹੁਤਾ ਲਾਭ ਨਹੀਂ ਹੋਇਆ। ਬੱਸਾਂ ਚੱਲਣ ਅਤੇ ਟਾਈਮ-ਟੇਬਲ ਦੇ ਸ਼ਡਿਊਲ ਨੂੰ ਲੈ ਕੇ ਲੋਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਜਿਸ ਕਾਰਨ ਬੁੱਧਵਾਰ ਨੂੰ ਮੁਹਾਲੀ ਵਿੱਚ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪਿਆ। ਕਰੀਬ ਦੋ ਮਹੀਨੇ ਬਾਅਦ ਬੁੱਧਵਾਰ ਨੂੰ ਦੁਬਾਰਾ ਸ਼ੁਰੂ ਹੋਈ ਬੱਸਾਂ ਬਾਰੇ ਪ੍ਰਸ਼ਾਸਨ ਜਾਂ ਟਰਾਂਸਪੋਰਟ ਵਿਭਾਗ ਵੱਲੋਂ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਪਹਿਲੇ ਦਿਨ ਟਾਂਵੇਂ ਟਾਂਵੇਂ ਹੀ ਲੋਕ ਹੀ ਦੂਜੇ ਸ਼ਹਿਰਾਂ ਅਤੇ ਕੰਮਾਂ ਕਾਰਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲੇ ਸੀ ਪ੍ਰੰਤੂ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇੱਥੋਂ ਦੇ ਫੇਜ਼-8 ਸਥਿਤ ਬੰਦ ਪਏ ਪੁਰਾਣੇ ਅੰਤਰਰਾਜੀ ਬੱਸ ਅੱਡੇ ਦੇ ਬਾਹਰੋਂ ਪੀਆਰਟੀਸੀ ਦੀਆਂ ਬੱਸਾਂ ਚਲੀਆਂ। ਬੱਸ ਚਾਲਕ ਅਤੇ ਕਲੀਨਰ ਸਿਰਫ਼ ਪਟਿਆਲਾ ਜਾਣ ਵਾਲੀਆਂ ਸਵਾਰੀਆਂ ਨੂੰ ਹੀ ਬੱਸ ਵਿੱਚ ਚੜ੍ਹਾ ਰਹੇ ਸੀ ਜਦੋਂਕਿ ਦੂਜੇ ਸ਼ਹਿਰਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਸਥਾਨਕ ਫੇਜ਼-6 ਸਥਿਤ ਨਵੇਂ ਏਸੀ ਬੱਸ ਅੱਡੇ ’ਤੇ ਜਾਣ ਲਈ ਕਿਹਾ ਗਿਆ ਪ੍ਰੰਤੂ ਜਿਹੜੀ ਸਵਾਰੀ ਏਸ ਬੱਸ ਅੱਡੇ ’ਤੇ ਜਾਂਦੀ ਸੀ। ਉਸ ਨੂੰ ਉੱਥੋਂ ਵਾਪਸ ਪੁਰਾਣੇ ਅੱਡੇ ’ਤੇ ਭੇਜ ਦਿੱਤਾ ਜਾਂਦਾ ਸੀ। ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ। ਇੱਥੇ ਸਥਿਤੀ ਉਦੋਂ ਦੇਖਣ ਵਾਲੀ ਸੀ ਜਦੋਂ ਪਟਿਆਲਾ ਜਾਣ ਵਾਲੇ ਇਕ ਬਜ਼ੁਰਗ ਨੇ ਪੀਣ ਵਾਲਾ ਪਾਣੀ ਮੰਗ ਲਿਆ ਪ੍ਰੰਤੂ ਉੱਥੇ ਕੋਈ ਨਲਕਾ ਜਾਂ ਟੁੱਟੀ ਨਾ ਹੋਣ ਕਾਰਨ ਬਜ਼ੁਰਗ ਨੂੰ ਕਾਫੀ ਮੁਸ਼ਕਲ ਹੋਈ ਬਾਅਦ ਵਿੱਚ ਬੱਸ ਚਾਲਕ ਨੇ ਬਜ਼ੁਰਗ ਨੂੰ ਆਪਣੀ ਬੋਤਲ ’ਚੋਂ ਪਾਣੀ ਦਿੱਤਾ ਗਿਆ।
ਸਮਾਜ ਸੇਵੀ ਆਗੂ ਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਲੋਕਹਿੱਤ ਵਿੱਚ ਬੱਸਾਂ ਚਲਾਉਣ ਦੇ ਸਰਕਾਰੀ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਬੱਸ ਸਹੂਲਤ ਲਈ ਬਕਾਇਦਾ ਸ਼ਡਿਊਲ ਜਾਰੀ ਕੀਤਾ ਜਾਵੇ ਅਤੇ ਬੱਸ ਅੱਡਿਆਂ ’ਤੇ ਸਵਾਰੀਆਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਸਵਾਰੀਆਂ ਘੱਟ ਹੋਣ ਕਾਰਨ ਬੱਸ ਸਰਵਿਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਪ੍ਰੰਤੂ ਸਵੇਰੇ ਸਾਢੇ ਸੱਤ ਵਜੇ ਪਟਿਆਲੇ ਜਾਣ ਵਾਲੀ ਪੀਆਰਟੀਸੀ ਦੀ ਬੱਸ ਸਵਾਰੀਆਂ ਨਾ ਮਿਲਣ ਕਾਰਨ 10 ਵਜੇ ਤੋਂ ਬਾਅਦ ਰਵਾਨਾ ਹੋਈ। ਇਸ ਤਰ੍ਹਾਂ ਸ਼ਾਮ ਤੱਕ ਤਿੰਨ ਕੁ ਬੱਸਾਂ ਚਲੀਆਂ ਹਨ। ਉਨ੍ਹਾਂ ਪੁਰਾਣਾ ਬੱਸ ਅੱਡਾ ਚਾਲੂ ਕਰਨ ਦੀ ਮੰਗ ਦੁਹਰਾਉਂਦਿਆਂ ਕਿਹਾ ਕਿ ਸਾਰੀਆਂ ਬੱਸਾਂ ਇੱਥੋਂ ਚਲਾਈਆਂ ਜਾਣ ਕਿਉਂਕਿ ਇੱਥੇ ਆਲੇ ਦੁਆਲੇ ਕਾਫੀ ਖਾਲੀ ਥਾਂ ਹੋਣ ਕਾਰਨ ਪਾਰਕਿੰਗ ਦੀ ਵੀ ਕੋਈ ਸਮੱਸਿਆ ਨਹੀਂ ਹੈ।
(ਬਾਕਸ ਆਈਟਮ)
ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨੇ ਕਿਹਾ ਕਿ ਸਿਰਫ਼ ਪਟਿਆਲਾ ਰੂਟ ’ਤੇ ਬੱਸਾਂ ਚਲਾਉਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਨਾ ਹੀ ਸਵਾਰੀਆਂ ਨੂੰ ਪੁਰਾਣੇ ਬੱਸ ਅੱਡੇ ਤੋਂ ਨਵੇਂ ਏਸੀ ਬੱਸ ਅੱਡੇ ’ਤੇ ਭੇਜਣ ਬਾਰੇ ਕੋਈ ਸ਼ਿਕਾਇਤ ਮਿਲੀ ਹੈ ਪਰ ਹੁਣ ਉਹ ਸਮੁੱਚੇ ਮਾਮਲੇ ਦੀ ਤੈਅ ਤੱਕ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਲਈ ਬੱਸਾਂ ਚਲਾਉਣ ਦਾ ਸ਼ਡਿਊਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬੱਸ ਸਰਵਿਸ ਲਈ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਬੱਸ ਚਾਲਕਾਂ ਅਤੇ ਕਲੀਅਰਾਂ ਨੂੰ ਜ਼ਰੂਰੀ ਸਾਵਧਾਨੀਆਂ ਦਾ ਧਿਆਨ ਰੱਖਣ ਅਤੇ ਰੂਟ ’ਤੇ ਜਾਣ ਤੋਂ ਪਹਿਲਾਂ ਬੱਸਾਂ ਨੂੰ ਸੈਨੇਟਾਈਜ਼ ਕਰਨ ਅਤੇ ਮਾਸਕ ਪਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ।
(ਬਾਕਸ ਆਈਟਮ)
ਪੀਆਰਟੀਸੀ ਦੇ ਇੰਸਪੈਕਟਰ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ 80 ਰੂਟਾਂ ’ਤੇ ਬੱਸਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ ਹੈ। ਇਕ ਬੱਸ ਵਿੱਚ ਸਿਰਫ਼ 26 ਸਵਾਰੀਆਂ ਨੂੰ ਬਿਠਾਉਣ ਦੀ ਇਜਾਜ਼ਤ ਹੈ ਅਤੇ ਸਵਾਰੀਆਂ ਨੂੰ ਬੱਸ ਵਿੱਚ ਬੈਠਣ ਤੋਂ ਪਹਿਲਾਂ ਸੈਨੇਟਾਈਜਰ ਨਾਲ ਹੱਥ ਸਾਫ਼ ਕਰਵਾਏ ਜਾ ਰਹੇ ਹਨ ਅਤੇ ਜਿਨ੍ਹਾਂ ਸਵਾਰੀਆਂ ਕੋਲ ਮਾਸਕ ਨਹੀਂ ਹਨ, ਉਨ੍ਹਾਂ ਨੂੰ ਮਾਸਕ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪਹਿਲਾਂ ਦਿਨ ਹੋਣ ਕਾਰਨ ਸਵਾਰੀਆਂ ਘੱਟ ਹੀ ਘਰਾਂ ’ਚੋਂ ਬਾਹਰ ਨਿਕਲੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਬੱਸ ਅੱਡਿਆਂ ’ਤੇ ਪਹਿਲਾਂ ਵਾਂਗ ਪੂਰੀ ਪਹਿਲ ਚਹਿਲ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…