
ਮੁਹਾਲੀ ਦੇ ਨਵੇਂ ਏਸੀ ਬੱਸ ਅੱਡੇ ਵਿੱਚ ਦੁਕਾਨਾਂ ਬਣਾ ਨਾ ਦੇਣ ਵਿਰੁੱਧ ਕਾਰੋਬਾਰੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
ਏਸੀ ਬੱਸ ਅੱਡੇ ਵਿੱਚ ਦੁਕਾਨਾਂ ਲੈਣ ਦੇ ਚਾਹਵਾਨ ਲੋਕਾਂ ਵੱਲੋਂ ਕੰਪਨੀ ’ਤੇ ਪੈਸੇ ਲੈ ਕੇ ਵੀ ਦੁਕਾਨਾਂ ਨਾ ਬਣਾ ਕੇ ਦੇਣ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਅੱਜ ਸਥਾਨਕ ਫੇਜ਼ 6 ਵਿੱਚ ਬਣੇ ਨਵੇਂ ਬੱਸ ਸਟੈਂਡ ਵਿੱਚ ਦੁਕਾਨਾਂ ਲੈਣ ਦੇ ਚਾਹਵਾਨ ਵਿਅਕਤੀ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਅਤੇ ਬੱਸ ਸਟੈਂਡ ਬਣਾਉਣ ਵਾਲੀ ਕੰਪਨੀ ਸੀ ਐੱਡ ਸੀ ਕੰਸਟ੍ਰਕਸ਼ਨ ਲਿਮਟਿਡ ਦੇ ਅਧਿਕਾਰੀਆਂ ਤੋੱ ਬੱਸ ਸਟੈਂਡ ਵਿੱਚ ਦੁਕਾਨਾਂ ਬਣਾ ਕੇ ਦੇਣ ਜਾਂ ਫਿਰ ਉਹਨਾਂ ਦੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਦੀਪ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਇਸ ਕੰਪਨੀ ਨੇ ਸਥਾਨਕ ਬੱਸ ਸਟੈਂਡ ਵਿੱਚ ਦੁਕਾਨਾਂ ਬਣਾ ਕੇ ਦੇਣ ਦਾ ਭਰੋਸਾ ਦੇ ਕੇ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਨਾਲ ਸਬੰਧਿਤ ਲੋਕਾਂ ਤੋਂ ਕਰੋੜਾਂ ਰੁਪਏ ਲੈ ਲਏ ਸਨ ਅਤੇ ਸਾਲ 2001 ਵਿੱਚ ਉਹਨਾਂ ਨੂੰ ਦੁਕਾਨਾਂ ਬਣਾ ਕੇ ਦੇਣੀਆਂ ਸਨ ਪਰ ਹੁਣ 2017 ਵੀ ਬੀਤ ਰਿਹਾ ਹੈ ਪਰ ਅਜੇ ਤੱਕ ਉਹਨਾਂ ਨੂੰ ਦੁਕਾਨਾਂ ਨਹੀਂ ਦਿੱਤੀਆਂ ਗਈਆਂ।
ਉਹਨਾਂ ਕਿਹਾ ਕਿ ਉਹਨਾਂ ਨੂੰ ਕੰਪਨੀ ਨੇ ਦੁਕਾਨਾਂ ਤਾਂ ਕੀ ਅਲਾਟ ਕਰਨੀਆਂ ਸਨ ਸਗੋੱ ਅਜੇ ਤੱਕ ਇਹਨਾਂ ਦੁਕਾਨਾਂ ਦੀ ਉਸਾਰੀ ਵੀ ਸ਼ੁਰੂ ਨਹੀਂ ਕੀਤੀ ਗਈ। ਹੁਣ ਪਤਾ ਨਹੀਂ ਇਹ ਦੁਕਾਨਾਂ ਕਦੋੱ ਬਣਨਗੀਆਂ ਅਤੇ ਕਦੋਂ ਉਹਨਾਂ ਨੂੰ ਦੁਕਾਨਾਂ ਦੇ ਕਬਜ਼ੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਇਹ ਕੰਪਨੀ ਨਾ ਤਾਂ ਬੱਸ ਸਟੈਂਡ ਵਿੱਚ ਉਹਨਾਂ ਨੂੰ ਦੁਕਾਨਾਂ ਬਣਾ ਕੇ ਦੇ ਰਹੀ ਹੈ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ 27 ਸਤੰਬਰ ਨੂੰ ਵੀ ਆ ਕੇ ਕੰਪਨੀ ਦੇ ਜੀ.ਐਮ ਸ੍ਰੀ ਸੀ.ਜੇ.ਐਸ ਸਹਿਗਲ ਨੂੰ ਮਿਲੇ ਸਨ ਅਤੇ ਜੀ.ਐਮ ਨੇ ਉਹਨਾਂ ਨੂੰ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਉਹਨਾਂ ਦੇ ਪੈਸੇ ਵਾਪਸ ਨਹੀਂ ਕੀਤੇ ਗਏ। ਉਹਨਾਂ ਨੇ ਇਸ ਮੌਕੇ ਕੰਪਨੀ ਅਧਿਕਾਰੀਆਂ ਨੂੰ ਅਲਟੀਮੇਟਮ ਦਿੱਤਾ ਕਿ ਜਾਂ ਤਾਂ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਉਹ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰਵਾ ਦੇਣਗੇ।
ਉਧਰ, ਸੀ ਐਂਡ ਸੀ ਕੰਪਨੀ ਦੇ ਜੀ ਐਮ ਸ੍ਰੀ ਸਹਿਗਲ ਨੇ ਮੁਜ਼ਾਹਰਾ ਕਰ ਰਹੇ ਕਾਰੋਬਾਰੀ ਵਿਅਕਤੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੀ ਮੰਗ ਕੰਪਨੀ ਦੇ ਮਾਲਕਾਂ ਤੱਕ ਪਹੁੰਚਾ ਦੇਣਗੇ ਅਤੇ ਜਲਦੀ ਇਸ ਮਸਲੇ ਦਾ ਸਥਾਈ ਹੱਲ ਕੱਢਿਆ ਜਾਵੇ।