ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਪੰਜਾਬ ਸਰਕਾਰ ਨੇ ਲੋਕਾਂ ਦੀ ਜੇਬ ’ਤੇ ਡਾਕਾ ਮਾਰਿਆ: ਸਿੱਧੂ

ਕਿਹਾ, ਇਸ ਲੋਕ ਵਿਰੋਧੀ ਫ਼ੈਸਲੇ ਨਾਲ ਹਰ ਸਾਧਾਰਨ ਪਰਿਵਾਰ ਦਾ ਬਜਟ ਹਿੱਲੇਗਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੀ ਆਪ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਵਿੱਚ ਵਾਧਾ ਕਰਨ ਨਾਲ ਵਧੀਆਂ ਕੀਮਤਾਂ ਨੂੰ ਆਮ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਕਰਾਰ ਦਿੰਦਿਆਂ ਕਿਹਾ ਕਿ ਹੁਕਮਰਾਨਾਂ ਦੇ ਇਸ ਲੋਕ ਵਿਰੋਧੀ ਤਾਜ਼ਾ ਫ਼ੈਸਲੇ ਨਾਲ ਕਿਸਾਨਾਂ, ਮੁਲਾਜ਼ਮਾਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਦਾ ਬਜਟ ਹਿੱਲ ਜਾਵੇਗਾ। ਅੱਜ ਇੱਥੇ ਜਾਰੀ ਬਿਆਨ ਵਿੱਚ ਸਿੱਧੂ ਨੇ ਕਿਹਾ ਕਿ ਅਸਲ ਵਿੱਚ ਸਰਕਾਰ ਵੱਲੋਂ ਫੋਕੀ ਇਸ਼ਤਿਹਾਰਬਾਜ਼ੀ ’ਤੇ ਖ਼ਰਚੇ ਜਾ ਰਹੇ ਕਰੋੜਾਂ ਰੁਪਏ ਨੇ ਹੁਕਮਰਾਨਾਂ ਦਾ ਸਾਰਾ ਗਣਿਤ ਹਿੱਲਾ ਕੇ ਰੱਖ ਦਿੱਤਾ ਹੈ ਅਤੇ ਵਿੱਤੀ ਘਾਟੇ ਦੀ ਪੂਰਤੀ ਲਈ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਵਧਾਇਆ ਗਿਆ ਹੈ।
ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਨੇ ਇੱਕ ਹੱਥ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਰਾਹਤ ਦਿੱਤੀ, ਦੂਜੇ ਹੱਥ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਾਧਾ ਕਰ ਕੇ ਉਨ੍ਹਾਂ ਦਾ ਕਚੂਮਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧੇ ਦਾ ਹਰ ਵਰਗ ’ਤੇ ਵਿੱਤੀ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਡੀਜ਼ਲ ਦੇ ਭਾਅ ਵਿੱਚ ਵਾਧੇ ਨਾਲ ਜਿੱਥੇ ਕਿਸਾਨਾਂ ਨੂੰ ਝੋਨਾ ਪਾਲਣ ਲਈ ਵੱਧ ਖਰਚਾ ਕਰਨਾ ਪਵੇਗਾ, ਉੱਥੇ ਭਾੜਾ ਵੀ ਮਹਿੰਗਾ ਹੋਵੇਗਾ। ਇਸ ਨਾਲ ਹੋਰਨਾਂ ਵਸਤਾਂ ਦੇ ਭਾਅ ਵਧਣ ਦਾ ਵੀ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨਾਲ ਹਰ ਪਰਿਵਾਰ ’ਤੇ ਬੋਝ ਪਵੇਗਾ ਕਿਉਂਕਿ ਹਰ ਘਰ ਵਿੱਚ ਕਾਰ, ਮੋਟਰ ਸਾਈਕਲ ਜਾਂ ਸਕੂਟਰ ਵਰਤਿਆ ਜਾਂਦਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਜਟ ਪੇਸ਼ ਕਰਨ ਸਮੇਂ ਇਹ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਉੱਤੇ ਕੋਈ ਨਵਾਂ ਟੈਕਸ ਨਹੀਂ ਲੱਗੇਗਾ ਪਰ ਸਰਕਾਰ ਨੇ ਤੇਲ ਕੀਮਤਾਂ ’ਤੇ ਵੈਟ ਲਗਾ ਕੇ ਲੋਕਾਂ ਨਾਲ ਧੋਖਾ ਕੀਤਾ ਹੈ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…