Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਦੇ ਯਤਨਾਂ ਸਦਕਾ ਟਾਟਾ ਸੰਨਜ਼ ਤੇ ਗੋਦਰੇਜ਼ ਨੇ ਪੰਜਾਬ ਵਿੱਚ ਨਵੇਂ ਉੱਦਮ ਸਥਾਪਿਤ ਕਰਨ ਲਈ ਸੰਭਾਵਨਾਵਾਂ ਤਲਾਸ਼ਣ ਦੀ ਹਾਮੀ ਭਰੀ ਆਈਸੀਆਈਸੀਆਈ ਬੈਂਕ ਮੁਹਾਲੀ ਵਿੱਚ ਬੈਂਕ ਦੇ ਪਾਸਾਰ ਬਾਰੇ ਕੈਪਟਨ ਅਮਰਿੰਦਰ ਦੀ ਅਪੀਲ ’ਤੇ ਵਿਚਾਰ ਕਰਨ ਲਈ ਰਾਜ਼ੀ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁੰਬਈ, 10 ਅਪਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਸ੍ਰੀ ਨਟਰਾਜਨ ਚੰਦਰਸ਼ੇਖਰਨ ਨੇ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਪੰਜਾਬ ਦਾ ਦੌਰਾ ਕਰਕੇ ਸੂਬੇ ਵਿੱਚ ਵੱਡੇ ਉੱਦਮ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣਗੇ। ਇਸੇ ਦੌਰਾਨ ਆਈ.ਸੀ.ਆਈ. ਬੈਂਕ ਲਿਮਟਡ ਦੀ ਸੀ.ਈ.ਓ. ਅਤੇ ਐਮ.ਡੀ. ਚੰਦਾ ਕੋਛੜ ਨੇ ਆਪਣੇ ਬੈਂਕ ਦੇ ਪਸਾਰ ਦੇ ਅਗਲੇ ਪੜਾਅ ਦੌਰਾਨ ਮੋਹਾਲੀ ਵਿਖੇ ਬੈਂਕ ਦਾ ਕੰਮਕਾਜ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ’ਤੇ ਸਹਿਮਤੀ ਪ੍ਰਗਟਾਈ। ਸੂਬਾ ਸਰਕਾਰ ਦੀ ‘‘ਨਿਵੇਸ਼ ਪੰਜਾਬ’’ ਦੀ ਪਹਿਲਕਦਮੀ ਦੇ ਹਿੱਸੇ ਵਜੋਂ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇਕ ਉਚ ਪੱਧਰੀ ਵਫ਼ਦ ਨਾਲ ਮੁੰਬਈ ਦੇ ਤਿੰਨ ਦਿਨਾਂ ਦੌਰੇ ਦੇ ਪਹਿਲੇ ਦਿਨ ਮੁੱਖ ਮੰਤਰੀ ਨੇ ਸੂਬੇ ਨੂੰ ਹੋਰ ਜ਼ਿਆਦਾ ਨਿਵੇਸ਼ ਅਤੇ ਉਦਯੋਗ ਪੱਖੀ ਬਣਾਉਣ ਦੀ ਪ੍ਰਣਾਲੀ ਅਤੇ ਪ੍ਰਕਿਰਿਆ ਨੂੰ ਦਰੁਸਤ ਕਰਨ ਦਾ ਵਾਅਦਾ ਕੀਤਾ ਅਤੇ ਉਨ੍ਹਾਂ ਨੇ ਉਦਯੋਗ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮੁਹੱਈਆ ਕਰਾਉਣ ਦੀ ਵਚਨਬੱਧਤਾ ਦੁਹਰਾਈ। ਸ੍ਰੀ ਚੰਦਰ ਸ਼ੇਖਰਨ ਅਤੇ ਸ੍ਰੀਮਤੀ ਕੋਛੜ ਨਾਲ ਆਹਮੋ-ਸਾਹਮਣੀ ਗੱਲਬਾਤ ਤੋਂ ਇਲਾਵਾ ਮੁੱਖ ਮੰਤਰੀ ਨੇ ਗੋਲਡਮੈਨ ਸੈਚ ਦੇ ਚੇਅਰਮੈਨ ਸ੍ਰੀ ਸੰਜੋਏ ਚੈਟਰਜੀ ਅਤੇ ਗੌਦਰੇਜ਼ ਗਰੁੱਪ ਦੇ ਚੇਅਰਮੈਨ ਸ੍ਰੀ ਆਦੀ ਗੌਦਰੇਜ਼ ਨਾਲ ਵੀ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ। ਸ੍ਰੀ ਚੰਦਰਸ਼ੇਖਰਨ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇਸ਼ ਵਿੱਚ ਇੱਕੋ-ਇੱਕ ਵਾਧੂ ਬਿਜਲੀ ਵਾਲਾ ਸੂਬਾ ਹੈ ਜਿੱਥੇ ਉਦਯੋਗਿਕ ਇਕਾਈਆਂ ਲਈ ਢੇਰ ਸਾਰੀ ਸਸਤੀ ਬਿਜਲੀ ਮਿਲਣ ਤੋਂ ਇਲਾਵਾ ਸਖ਼ਤ ਮਿਹਨਤੀ ਅਤੇ ਸਮਰਪਿਤ ਮਾਨਵੀ ਸ਼ਕਤੀ ਵੀ ਹੈ। ਹੁਨਰਮੰਦ ਨੌਜਵਾਨਾਂ ਦੇ ਰੂਪ ਵਿੱਚ ਇੱਥੇ ਭਰਪੂਰ ਮਾਨਵੀ ਸ਼ਕਤੀ ਉਪਲਬਧ ਹੈ। ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਉਪਬਲਬਧ ਕਰਵਾਉਣ ਵਾਲਾ ਹਿਮਾਚਲ ਪ੍ਰਦੇਸ਼ ਤੋਂ ਬਾਅਦ ਦੂਜਾ ਸੂਬਾ ਹੈ ਜੋ ਏਨੀ ਘੱਟ ਦਰ ’ਤੇ ਉਦਯੋਗ ਨੂੰ ਬਿਜਲੀ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕਰ ਰਿਹਾ ਹੈ। ਸ੍ਰੀ ਕੋਛੜ ਨਾਲ ਵਿਚਾਰ-ਚਰਚਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਆਈ.ਸੀ.ਆਈ.ਸੀ.ਆਈ ਬੈਂਕ ਆਪਣੇ ਪਸਾਰ ਦਾ ਅਗਲਾ ਕਾਰਜ ਮੁਹਾਲੀ ਵਿਖੇ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਐਚ.ਡੀ.ਐਫ.ਸੀ. ਬੈਂਕ ਅਤੇ ਇਨਫੋਸਿਸ ਪਹਿਲਾਂ ਹੀ ਅਜਿਹਾ ਕਰ ਰਹੀਆਂ ਹਨ। ਆਈਸੀਆਈ ਦੀ ਮੁਖੀ ਨੇ ਕਿਹਾ ਕਿ ਜਦੋਂ ਉਹਨਾਂ ਨੇ ਆਪਣੇ ਪਸਾਰ ਦਾ ਫੈਸਲਾ ਲਿਆ ਤਾਂ ਉਹ ਇਸ ਬਾਰੇ ਵਿਚਾਰ ਕਰਨਗੇ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਗਏ ਵਫ਼ਦ ਦੇ ਮੈਂਬਰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਜੱਦੀ ਪਿੰਡ ਮਹਿਰਾਜ ਨੂੰ ਇਕ ਮਾਡਲ ਡਿਜ਼ੀਟਲ ਪਿੰਡ ਬਣਾਉਣ ਬਾਰੇ ਵੀ ਦੋਵਾਂ ਧਿਰਾਂ ਦਾ ਵਿਚਾਰ ਵਟਾਂਦਰਾ ਹੋਇਆ ਜਿਸ ਵਿੱਚ ਛੋਟੇ ਡੇਅਰੀ ਕਿਸਾਨਾਂ ਨੂੰ ਮਦਦ ਦੇਣ ਤੋਂ ਇਲਾਵਾ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਸਿਖਲਾਈ ਅਤੇ ਹੁਨਰ ਵਿਕਾਸ ’ਤੇ ਵੀ ਚਰਚਾ ਹੋਈ। ਦੋਵੇਂ ਧਿਰਾਂ ਹੀ ਮਿਲ ਕੇ ਇਸ ਮੁੱਦੇ ’ਤੇ ਕੰਮ ਕਰਨ ਲਈ ਸਹਿਮਤ ਹੋਈਆਂ। ਕਿਸਾਨਾਂ ਨੂੰ ਸਿਖਲਾਈ ਮੁਹੱਈਆ ਕਰਵਾਉਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਣਕ ਅਤੇ ਝੋਨੇ ’ਤੇ ਨਿਰਭਰਤਾ ਨੂੰ ਘਟਾਉਣ ਅਤੇ ਹੋਰਾਂ ਉਤਪਾਦਾਂ ਵੱਲ ਧਿਆਨ ਦੇਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਡੇਅਰੀ, ਫਲ੍ਹਾਂ ਅਤੇ ਸਬਜ਼ੀਆਂ ’ਤੇ ਖਾਸ ਤੌਰ ਉੱਤੇ ਜ਼ੋਰ ਦਿੱਤਾ ਜਿਨ੍ਹਾਂ ਦੇ ਸਬੰਧ ਵਿੱਚ ਕਿਸਾਨਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ। ਉਨ੍ਹਾਂ ਨੇ ਮੁਹਾਲੀ ਵਿੱਚ ਚਲਾਏ ਜਾ ਰਹੇ ਯੁਵਾ ਹੁਨਰ ਵਿਕਾਸ ਕੇਂਦਰ ਦੀ ਤਰਜ਼ ’ਤੇ ਆਈ.ਸੀ.ਆਈ. ਬੈਂਕ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੇ ਕੇਂਦਰ ਖੋਲੇ੍ਹ ਜਾਣ ਦਾ ਵੀ ਸੁਝਾਅ ਦਿੱਤਾ। ਸ੍ਰੀਮਤੀ ਕੋਛੜ ਨੇ ਨੌਜਵਾਨਾਂ ਅਤੇ ਕਿਸਾਨਾਂ ਲਈ ਅਜਿਹੇ ਕੇਂਦਰ ਸਥਾਪਤ ਕਰਨ ਲਈ ਸੂਬਾ ਸਰਕਾਰ ਦੇ ਭਾਈਵਾਲਾਂ ਨੂੰ ਵਿੱਤ ਮੁਹੱਈਆ ਕਰਾਉਣ ’ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਜਿਸ ਲਈ ਪ੍ਰਿਕ੍ਰਿਆ ਨੂੰ ਅੱਗੇ ਲਿਜਾਣ ਵਾਸਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਮੁੱਖ ਮੰਤਰੀ ਨਾਲ ਵਫ਼ਦ ਵਿੱਚ ਸ਼ਾਮਲ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਆਈ.ਸੀ.ਆਈ.ਸੀ.ਆਈ. ਬੈਂਕ ਨੂੰ ਸੂਬੇ ਵਿੱਚ ਵਿਸ਼ੇਸ਼ ਤੌਰ ’ਤੇ ਨਸਲ ਸੁਧਾਰ ਦੇ ਉਦੇਸ਼ ਨਾਲ 200 ਮਾਡਲ ਡੇਅਰੀ ਫਾਰਮ ਵਿਕਸਤ ਕਰਨ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ‘ਆਈ.ਸੀ.ਆਈ.ਸੀ.ਆਈ. ਡਿਜੀਟਲ ਪਿੰਡ’ ਉਪਰਾਲੇ ਤਹਿਤ ਬੈਂਕ ਵੱਲੋਂ ਮਹਿਰਾਜ ਨੂੰ ਡਿਜੀਟਲ ਪਿੰਡ ਵਜੋਂ ਵਿਕਸਤ ਕਰਨ ਲਈ ਆਪਣੀ ਸਹਿਮਤੀ ਦਿੱਤੀ। ‘ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਅਗਲੇ 100 ਦਿਨਾਂ ਵਿੱਚ ਮੁਲਕ ਭਰ ਵਿੱਚ 100 ਪਿੰਡਾਂ ਨੂੰ ਡਿਜੀਟਲ ਪਿੰਡਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਹ ਕਦਮ ਵੀ ਇਸ ਯੋਜਨਾ ਦਾ ਹੀ ਹਿੱਸਾ ਹੈ। ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ਤਜਵੀਜ਼ਤ ਸ਼ਾਸਨ ਦੇ ਰਾਖੇ (ਗਾਰਡੀਅਨਜ਼ ਆਫ਼ ਗਵਰਨੈਂਸ) ਸਕੀਮ ਸਬੰਧੀ ਵੀ ਗੱਲਬਾਤ ਕੀਤੀ ਤਾਂ ਕਿ ਭਲਾਈ ਫੰਡ ਹੇਠਲੇ ਪੱਧਰ ’ਤੇ ਲੋਕਾਂ ਤੱਕ ਪਹੁੰਚਣ ਨੂੰ ਯਕੀਨੀ ਬਣਾਇਆ ਜਾ ਸਕੇ। ਚੰਦਾ ਕੋਛੜ ਨੇ ਆਖਿਆ ਕਿ ਕਿਸਾਨਾਂ ਦੇ ਉਤਪਾਦਨ ਦੀ ਆਨਲਾਈਨ ਵਿਕਰੀ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪਿਛਲੇ ਵਰ੍ਹੇ ਸ਼ੁਰੂ ਕੀਤੇ ਨੈਸ਼ਨਲ ਐਗਰੀਕਲਚਰ ਮਾਰਕੀਟ ਟਰੇਡਿੰਗ ਪੋਰਟਲ ਬਾਰੇ ਬੈਂਕ ਵੱਲੋਂ ਛੇਤੀ ਹੀ ਚੰਡੀਗੜ੍ਹ ਵਿੱਚ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ। ਬੈਂਕ ਵੱਲੋਂ ਇਸ ਆਨਲਾਈਨ ਪੋਰਟਲ ਦਾ ਵਿਸਥਾਰ ਪੰਜਾਬ ਵਿੱਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨਾਲ ਆਪਣੀ ਮੀਟਿੰਗ ਦੌਰਾਨ ਸ੍ਰੀ ਆਦੀ ਗੋਦਰੇਜ ਨੇ ਪੰਜਾਬ ਵਿੱਚ ਗੌਦਰੇਜ ਪ੍ਰਾਜੈਕਟਾਂ ਬਾਰੇ ਗੱਲਬਾਤ ਕੀਤੀ ਜਿਨ੍ਹਾਂ ਵਿੱਚ ਗੌਦਰੇਜ ਟਾਈਸਨ ਫੂਡਜ਼ ਲਿਮਟਡ ਪ੍ਰਾਜੈਕਟ ਸ਼ਾਮਲ ਹੈ ਜਿਸ ਲਈ ਸਾਲ 2015 ਵਿੱਚ ਪੰਜਾਬ ਸਰਕਾਰ ਨਾਲ ਸਮਝੌਤਾ ਸਹੀਬੰਦ ਹੋਇਆ ਸੀ ਅਤੇ ਸਾਰੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਪ੍ਰਾਜੈਕਟ ਵਿੱਚ ਲੁਧਿਆਣਾ ਵਿਖੇ ਖਾਣ ਲਈ ਤਿਆਰ ਭੋਜਨ ਦੀ ਪ੍ਰੋਸੈਸਿੰਗ ਅਤੇ ਕੋਲਡ ਸਟੋਰ ਦੀ ਸਹੂਲਤ ਸ਼ਾਮਲ ਹੈ। ਸ੍ਰੀ ਗੋਦਰੇਜ ਨੇ ਕਿਹਾ ਕਿ ਕੰਪਨੀ ਭਵਿੱਖ ਵਿੱਚ ਵੀ ਨਿਵੇਸ਼ ਦਾ ਵਿਸਥਾਰ ਕਰਨ ਦੀ ਸੰਭਾਵਨਾ ਲਗਾਤਾਰ ਤਲਾਸ਼ ਰਹੀ ਹੈ। ਸ੍ਰੀ ਗੌਦਰੇਜ ਜੋ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਚੇਅਰਮੈਨ ਵੀ ਹਨ, ਨੇ ਪ੍ਰਾਈਵੇਟ ਸੰਸਥਾਵਾਂ ’ਤੇ ਜੀ.ਐਸ.ਟੀ. ਲਾਗੂ ਕਰਨ ’ਤੇ ਫਿਕਰ ਜ਼ਾਹਰ ਕਰਦਿਆਂ ਅਜਿਹੀਆਂ ਸੰਸਥਾਵਾਂ ਨੂੰ ਛੋਟ ਦੇਣ ਲਈ ਮੁੱਖ ਮੰਤਰੀ ਨੂੰ ਇਹ ਮਸਲਾ ਭਾਰਤ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ। ਗੋਲਡਮੈਨ ਸੈਚ ਦੇ ਚੇਅਰਮੈਨ ਸ੍ਰੀ ਸੰਜੋਏ ਚੈਟਰਜੀ ਨਾਲ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਲਈ ਨਿਵੇਸ਼ ਬਾਰੇ ਚਰਚਾ ਕੀਤੀ ਅਤੇ ਸ੍ਰੀ ਚੈਟਰਜੀ ਨੇ ਆਪਣੀ ਹਾਮੀ ਭਰੀ। ਕੇ.ਪੀ.ਐਮ.ਜੀ. ਇੰਡੀਆ ਦੇ ਚੇਅਰਮੈਨ ਤੇ ਸੀ.ਈ.ਓ. ਸ੍ਰੀ ਅਰੁਣ ਕੇ ਕੁਮਾਰ ਨਾਲ ਰਾਤ ਦੇ ਖਾਣੇ ਮੌਕੇ ਹੋਈ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਆਮਦਨ ਦੇ ਵਸੀਲੇ ਪੈਦਾ ਕਰਨ ਲਈ ਕੇ.ਪੀ.ਐਮ.ਜੀ. ਨੂੰ ਆਪਣੇ ਸਿਰਜਣਾਤਮਕ ਵਿਚਾਰ ਪੇਸ਼ ਕਰਨ ਲਈ ਆਖਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੀਡੀਆ ਸਲਾਹਕਾਰ ਤੋਂ ਇਲਾਵਾ ਵਫ਼ਦ ਵਿੱਚ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਤੇਜਿੰਦਰ ਸਿੰਘ ਸ਼ੇਰਗਿੱਲ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਸ਼ਾਮਲ ਸਨ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸਕੱਤਰ (ਸਿਆਸੀ) ਕਰਨਪਾਲ ਸਿੰਘ ਸੇਖੋਂ, ਪੀ.ਐਸ.ਆਈ.ਸੀ. ਅਤੇ ਆਈ.ਪੀ. ਦੇ ਅਨੁਰਿਧ ਤਿਵਾੜੀ, ਪੀ.ਬੀ.ਆਈ.ਪੀ. ਦੇ ਸੀ.ਈ.ਓ. ਸ੍ਰੀ ਡੀ.ਕੇ ਤਿਵਾੜੀ ਅਤੇ ਏ.ਸੀ.ਈ.ਓ. ਸ਼ਰੂਤੀ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ