ਦਲਿਤ ਵਿਰੋਧੀ ਅਧਿਕਾਰੀ ਲਾ ਰਹੇ ਨੇ ਹਜ਼ਾਰਾਂ ਨੌਜ਼ਵਾਨਾਂ ਦੇ ਭਵਿੱਖ ਨੂੰ ਖੋਰਾ: ਪੁਰਖਾਲਵੀ

ਤਕਨੀਕੀ ਸਿੱਖਿਆ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀਆਂ ਲਹਿਰਾਂ-ਬਹਿਰਾਂ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
‘‘ਰਾਜ ਦੇ ਤਕਨੀਕੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੀ ਦਲਿਤ ਵਿਰੋਧੀ ਜੁੰਡਲੀ ਨੇ ਇੱਕ ਗਿਣੀ-ਮਿਥੀ ਸਾਜਿਸ਼ ਤਹਿਤ ਰਾਜ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਪੜ੍ਹਦੇ ਹਜ਼ਾਰਾਂ ਦਲਿਤ ਸਿਖਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਜਿਸ ਉਪਰੰਤ ਇਹ ਨੌਜ਼ਵਾਨ ਆਪਣੇ ਆਪ ਨੂੰ ਰਾਜ ਸਰਕਾਰ ਵੱਲੋਂ ਠੱਗਿਆ ਮਹਿਸੂਸ ਕਰ ਰਹੇ ਹਨ, ‘‘ਇਹ ਪ੍ਰਗਟਾਵਾ ‘ਗੌਰਮਿੰਟ ਆਈ ਟੀ ਆਈ’ਜ਼ ਐਸਸੀ ਇੰਪਲਾਈਜ਼ ਯੂਨੀਅਨ ਪੰਜਾਬ’ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਅੱਜ ਇੱਥੇ ਸਥਾਨਕ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਯੂਨੀਅਨ ਵੱਲੋਂ ਸਥਾਨਕ ਸੈਕਟਰ 62 ਵਿਖੇ ਸੱਦੀ ਗਈ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਨਾਲ ਸਬੰਧਿਤ ਨੌਜ਼ਵਾਨਾਂ ਨੂੰ ਦਸਤਕਾਰੀ ਸਿੱਖਿਆ ਦੇਕੇ ਸਵੈਨਿਰਭਰ ਬਣਾਉਣ ਦੇ ਮਕਸਦ ਲਈ ਹੋਂਦ ਵਿੱਚ ਆਏ ਇਸ ਵਿਭਾਗ ਦੇ ਖ਼ੁਦਗਰਜ਼ ਅਤੇ ਜਾਤੀ ਈਰਖਾਗ੍ਰਸਤ ਅਧਿਕਾਰੀਆਂ ਵੱਲੋਂ ਜਾ ਣਬੁੱਝਕੇ ਦਲਿਤ ਸਿਖਿਆਰਥੀਆਂ ਨਾਲ ਟੇ੍ਰਨਿੰਗ ਦੇ ਨਾਂ ਤੇ ਧ੍ਰੋਹ ਕਮਾਇਆ ਜਾ ਰਿਹਾ ਹੈ। ਅਧਿਕਾਰੀਆਂ ਦੀ ਇਸ ਗੈਰਮਾਨਵੀ ਮਾਨਸਿਕਤਾ ਦੇ ਕਾਰਨ ਵਿਭਾਗ ਦੇ ਐਸਸੀ ਮੁਲਾਜ਼ਮ ਵੀ ਕਈ ਅਣÎਕਿਆਸੀਆਂ ਪੀੜਾਂ ਹੰਢਾਉਣ ਲਈ ਮਜਬੂਰ ਹਨ। ਵਿਭਾਗ ਦੇ ਕੁੱਝ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਇਸ ਵਰਤਾਰੇ ਦਾ ਖੁਲਾਸਾ ਕਰਦਿਆਂ ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਵਿਭਾਗ ਵੱਲੋਂ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੀਬ 2500 ਐਸਸੀ ਨੌਜ਼ਵਾਨਾਂ ਨੂੰ ਸਵੈਨਿਰਭਰ ਬਣਾਉਣ ਦੀ ਮਨਸ਼ਾ ਨਾਲ ਹਰ ਸਾਲ ਵੱਖ-ਵੱਖ ਟਰੇਡਾਂ ਵਿੱਚ ਕੋਰਸ ਕਰਵਾਏ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਨੌਜਵਾਨਾਂ ਦੇ ਭਵਿੱਖ ਨੂੰ ਖੋਰਾ ਲਗਾਉਣ ਦੀ ਮਨਸ਼ਾ ਨਾਲ ਪਿਛਲੇ 10 ਸਾਲਾਂ ਤੋਂ ਇਹ ਕੋਰਸ ਨੈਸ਼ਨਲ ਪੱਧਰ ਦਾ ਕਰਵਾਉਣ ਦੀ ਬਜਾਏ ਰਾਜ ਪੱਧਰੀ ਹੀ ਕਰਵਾਏ ਜਾਂਦੇ ਰਹੇ ਜਿਸ ਨਾਲ ਜਿੱਥੇ ਰਾਜ ਸਰਕਾਰ ਨੂੰ ਕਰੋੜਾਂ ਦਾ ਰਗੜਾ ਲਗਾਇਆ ਗਿਆ ਉਥੇ ਕਰੀਬ 24000 ਦਲਿਤ ਨੌਜਵਾਨਾਂ ਦੇ ਭਵਿੱਖ ਨੂੰ ਵੀ ਗ੍ਰਹਿਣ ਲੱਗਿਆ ਹੈ, ਜਿਹੜੇ ਕਿ ਕੋਰਸ ਕਰਨ ਦੇ ਬਾਵਜ਼ੂਦ ਵੀ ਨਕਾਰਾ ਤੇ ਕੋਰੇ ਹੀ ਰਹਿ ਗਏ ਹਨ। ਸ਼੍ਰੀ ਪੁਰਖਾਲਵੀ ਨੇ ਕਿਹਾ ਕਿਹਾ ਕਿ ਯੂਨੀਅਨ ਦੀ ਦਖ਼ਲਅੰਦਾਜੀ ਤੋਂ ਬਾਅਦ ਬੀਤੇ ਵਰ੍ਹੇ ਵਿਭਾਗ ਵੱਲੋਂ ਕਰੀਬ 100 ਟਰੇਡਾਂ ਨੂੰ ਰਾਜ ਪੱਧਰ ਤੋਂ ਬਦਲਕੇ ਨੈਸ਼ਨਲ ਪੱਧਰ ਦੀਆਂ ਬਣਾ ਦਿੱਤਾ ਗਿਆ ਪ੍ਰੰਤੂ ਇਨ੍ਹਾਂ ਸਿਖਿਆਰਥੀਆਂ ਨੂੰ ਟ੍ਰੇਨਿੰਗ ਲਈ ਮੁਹੱਈਆ ਕੀਤੇ ਜਾਂਦੇ ਫ਼ੰਡਾਂ ਵਿੱਚ ਜਿੱਥੇ ਵੱਡੀ ਪੱਧਰ ਤੇ ਕਥਿਤ ਘਪਲੇਬਾਜੀ ਕੀਤੀ ਜਾ ਰਹੀ ਹੈ ਉਥੇ ਉਨ੍ਹਾਂ ਨੂੰ ਟੇ੍ਰਨਿੰਗ ਲਈ ਕੱਚੇ ਮਾਲ ਦੀ ਖ੍ਰੀਦ ਲਈ ਆ ਰਹੇ ਫ਼ੰਡਾਂ ਨੂੰ ਵੀ ਖੁਰਦ ਬੁਰਦ ਕਰਕੇ ਸਿਖਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਵਿਭਾਗ ਵੱਲੋਂ ਦਲਿਤ ਸਿਖਿਆਰਥੀਆਂ ਨੂੰ ਕਰਵਾਏ ਜਾਣ ਵਾਲੇ ਕੋਰਸਾਂ ਲਈ ਬਣਾਕੇ ਭੇਜੀ ਜਾਂਦੀ ਤਜਵੀਜ਼ ਦੇ ਆਧਾਰ ਤੇ ਰਾਜ ਸਰਕਾਰ ਦੇ ਐਸਸੀ ਭਲਾਈ ਵਿਭਾਗ ਵੱਲੋਂ ਵਿੱਤ ਵਿਭਾਗ ਤੋਂ ਮਨਜੂਰੀ ਲੈਣ ਉਪਰੰਤ ਵਿਭਾਗ ਨੂੰ ਲੋੜੀਂਦਾ ਫ਼ੰਡ ਜਾਰੀ ਕਰ ਦਿੱਤਾ ਜਾਂਦਾ ਹੈ। ਇੱਕ ਅੰਦਾਜੇ ਮੁਤਾਬਿਕ ਵਿਭਾਗ ਨੂੰ ਹਰ ਸਾਲ 5 ਕਰੋੜ ਰੁਪਏ ਤੋਂ ਵਧੇਰੇ ਦੀ ਗਰਾਂਟ ਪ੍ਰਾਪਤ ਹੁੰਦੀ ਹੈ ਪ੍ਰੰਤੂ ਸੰਬੰਧਿਤ ਅਧਿਕਾਰੀਆਂ ਵੱਲੋਂ ਇਸ ਪੈਸੇ ਦੀ ਦੁਰਵਰਤੋਂ ਕਰਕੇ ਜਿੱਥੇ ਦਲਿਤ ਬੱਚਿਆ ਨਾਲ ਕਥਿਤ ਧੋਖਾ ਕੀਤਾ ਜਾ ਰਿਹਾ ਹੈ ਉਥੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਉਤੇ ਵੀ ਕੁਲਿਹਣਾ ਡਾਕਾ ਮਾਰਿਆ ਜਾ ਰਿਹਾ ਹੈ। ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਸਾਰਾ-ਸਾਰਾ ਸਾਲ ਬੱਚਿਆਂ ਨੂੰ ਕੋਈ ਵੀ ਕੱਚਾ ਮਾਲ ਮੁਹੱਈਆ ਨਹੀਂ ਕੀਤਾ ਜਾਂਦਾ ਅਤੇ ਨਾਂ ਹੀ ਉਨ੍ਹਾਂ ਨੂੰ ਸਮੇਂ ਸਿਰ ਵਜੀਫ਼ਾ ਹੀ ਦਿੱਤਾ ਜਾਂਦਾ ਹੈ ਜਿਸ ਕਾਰਨ ਕਈ ਸਿਖਿਆਰਥੀ ਤਾਂ ਟੇ੍ਰਨਿੰਗ ਅੱਧਵਿਚਾਲੇ ਹੀ ਛੱਡਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਇਨ੍ਹਾਂ ਕੋਰਸਾਂ ਨੂੰ ਕਰਵਾਉਣ ਲਈ ਵਿਭਾਗ ਵੱਲੋਂ 14000 ਪ੍ਰਤੀ ਮਹੀਨਾ ਤਨਖ਼ਾਹ ਤੇ ਰੱਖੇ ਗਏ ਆਰਜੀ ਇੰਸਟਰਕਟਰਾਂ ਨੂੰ ਵੀ 6-6 ਮਹੀਨੇ ਉਜਰਤ ਨਸੀਬ ਨਹੀਂ ਹੁੰਦੀ ਜਿਸ ਕਾਰਨ ਉਨ੍ਹਾਂ ਦੀ ਰੁੱਚੀ ਵੀ ਟੇ੍ਰਨਿੰਗ ਤੋਂ ਨਾਬਰ ਹੀ ਰਹਿੰਦੀ ਹੈ। ਸ੍ਰੀ ਪੁਰਖਾਲਵੀ ਨੇ ਕਿਹਾ ਕਿ ਸਾਲ ਦੇ ਅਗਲੇ ਵਿੱਤੀ ਸਾਲ ਦੀ ਗਰਾਂਟ ਪ੍ਰਾਪਤੀ ਲਈ ਭਲਾਈ ਵਿਭਾਗ ਪੰਜਾਬ ਦੀਆਂ ਸ਼ਰਤਾਂ ਦੇ ਮੱਦੇਨਜ਼ਰ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਪੁਰਾਣੇ ਫ਼ੰਡਾਂ ਦੀ ਵਰਤੋਂ ਦਾ ਸਰਟੀਫ਼ਿਕੇਟ ਦੇਣ ਲਈ ਇਨ੍ਹਾਂ ਅਧਿਕਾਰੀਆਂ ਵੱਲੋਂ ਪਹਿਲਾਂ ਤੋਂ ਹੀ ਪ੍ਰਾਪਤ ਅਤੇ ਅਣਵਰਤੀ ਪਈ ਗਰਾਂਟ ਦੇ ਫ਼ਰਜੀ ਬਿੱਲ ਸਾਲ ਦੇ ਅਖੀਰਲੇ ਮਹੀਨੇ ਬਣਾਕੇ ਉਸ ਨੂੰ ‘‘ਖਰਚ ਕਰ ਲਿਆ ਗਿਆ ’’ ਦਿਖਾ ਦਿੱਤਾ ਜਾਂਦਾ ਹੈ ਜਿਸ ਵਿੱਚ ਸਿਰੇ ਦਾ ਫ਼ਰਜ਼ੀਵਾੜਾ ਹੁੰਦਾ ਹੈ ਜਿਸ ਪ੍ਰਤੀ ਕੋਈ ਵੀ ਉਚ ਅਧਿਕਾਰੀ ਕਿਸੇ ਵੀ ਕਾਰਵਾਈ ਤੋਂ ਟਾਲਾ ਵੱਟ ਜਾਂਦਾ ਹੈ ਕਿਉਂਕਿ ਇਹ ਮਾਮਲਾ ਸਿੱਧੇ ਤੌਰ ਤੇ ਦਲਿਤਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।
ਇਸ ਮੌਕੇ ਹਾਜ਼ਰ ਯੂਨੀਅਨ ਦੇ ਆਗੂ ਹਰਬੰਸ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ ਵਿਭਾਗ ਦੇ ਇਨ੍ਹਾਂ ਅਧਿਕਾਰੀਆਂ ਵੱਲੋਂ ਰਾਜ ਦੀਆਂ ਸੰਸਥਾਵਾਂ ਨੂੰ ਅਲਾਟ ਕੀਤੇ ਜਾਂਦੇ ਇਨ੍ਹਾਂ ਕੋਰਸਾਂ ਬਦਲੇ ਮੋਟੀ ਬੋਲੀ ਲਗਾਈ ਜਾਂਦੀ ਹੈ ਅਤੇ ਆਪਣੇ ਚਹੇਤੇ ਪ੍ਰਿੰਸੀਪਲਾਂ ਨੂੰ ਹੀ ਇਹ ਕੋਰਸ ਅਲਾਟ ਕੀਤੇ ਜਾਂਦੇ ਹਨ ਜਿਸ ਦੌਰਾਨ ਹੀ ਇਨ੍ਹਾਂ ਉਚ ਅਧਿਕਾਰੀਆਂ ਵੱੱਲੋਂ ਕਥਿਤ ਦਲਿਤ ਵਿਰੋਧੀ ਪਿੰ੍ਰਸੀਪਲਾਂ ਰਾਹੀਂ ਸਰਕਾਰ ਦੇ ਖ਼ਜ਼ਾਨੇ ਦੀ ਅੰਨ੍ਹੀ ਲੁੱਟ ਨੂੰ ਬੇਖੌਫ਼ ਅੰਜਾਮ ਦਿੱਤਾ ਜਾ ਰਿਹਾ ਹੈ।
ਮੁਲਾਜ਼ਮ ਆਗੂ ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਬੀਤੇ ਦਿਨੀਂ ਵਿਭਾਗ ਦੇ ਕੈਬਨਿਟ ਵਜ਼ੀਰ ਸਰਕਾਰ ਚਰਨਜੀਤ ਸਿੰਘ ਚੰਨੀ ਨਾਲ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਦਿੱਤਾ ਸੀ ਜਿਨ੍ਹਾਂ ਨੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮੁਲਾਜ਼ਮ ਆਗੂ ਨੇ ਕਿਹਾ ਕਿ ਜਥੇਬੰਦੀ ਵੱਲੋਂ ਵੱਖਰੇ ਤੌਰ ਤੇ ਇਸ ਸੰਬੰਧੀ ਵਿਭਾਗ ਦੇ ਨਵਨਿਯੁਕਤ ਸਕੱਤਰ ਸ਼੍ਰੀ ਕੇ ਐਸ ਪੰੰਨੂੰ ਅਤੇ ਭਲਾਈ ਵਿਭਾਗ ਦੇ ਕੈਬਨਿਟ ਵਜ਼ੀਰ ਸਰਦਾਰ ਸਾਧੂ ਸਿੰਘ ਧਰਮਸੋਤ ਨੂੰ ਇੱਕ ਬਾਕਾਇਦਾ ਲਿਖਤੀ ਸ਼ਿਕਾਇਤ ਵੀ ਉਹ ਦੇਣ ਜਾ ਰਹੇ ਹਨ ਤਾਂ ਜੋ ਦਲਿਤ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਢੁੱਕਵੀਂ ਕਾਨੂੰਨੀ ਤੇ ਪ੍ਰਸ਼ਾਸ਼ਕੀ ਕਾਰਵਾਈ ਅਮਲ ਵਿੱਚ ਆ ਸਕੇ। ਮੁਲਾਜ਼ਮ ਆਗੂ ਸ਼੍ਰੀ ਪੁਰਖਾਲਵੀ ਨੇ ਆਸ ਪ੍ਰਗਟ ਕੀਤੀ ਕਿ ਰਾਜ ਵਿੱਚ ਕਾਂਗਰਸ ਸਰਕਾਰ ਦਲਿਤ ਮਸਲਿਆਂ ਨੂੰ ਗੰਭੀਰਤਾ ਨਾਲ ਲੈਕੇ ਇਸ ਨੂੰ ਤੁਰੰਤ ਹੱਲ ਕਰਵਾਏਗੀ। ਇਸ ਮੌਕੇ ਸ਼ਰਨਪ੍ਰੀਤ ਸਿੰਘ ਬਸੀ ਪਠਾਨਾਂ, ਸਤਨਾਮ ਸਿੰਘ ਬਟਾਲਵੀ, ਰਵੀ ਕੁਮਾਰ ਪਠਾਨਕੋਟ, ਲਾਲ ਚੰਦ ਫ਼ਿਰੋਜਪੁਰ, ਅਮਰਜੀਤ ਸਿੰਘ ਖਿਉਵਾਲੀ, ਤਰਲੋਚਨ ਸਿੰਘ ਜਲੰਧਰ, ਦੁਨੀ ਚੰਦ ਜਲੰਧਰ, ਅਸ਼ੋਕ ਕੁਮਾਰ ਨੰਗਲ, ਸੋਮਨਾਥ ਫ਼ਗਵਾੜਾ, ਨਰੇਸ਼ ਚੰਦ ਫ਼ਰੀਦਕੋਟ, ਰਾਮਦਾਸ ਬੰਗੜ ਰੋਪੜ ਅਤੇ ਗੁਰਮੀਤ ਸਿੰਘ ਅੰਮ੍ਰਿਤਸਰ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…