ਗਮਾਡਾ ਦੇ ਸੀਏ ਰਾਜੀਵ ਗੁਪਤਾ ਨੇ ਨਿਊ ਚੰਡੀਗੜ੍ਹ ਵਿੱਚ ਪ੍ਰਾਜੈਕਟਾਂ ਦਾ ਸਰਵੇਖਣ ਕੀਤਾ

ਪ੍ਰਾਜੈਕਟਾਂ ਵਿੱਚ ਵਿਕਾਸ ਦਾ ਰਾਹ ਪੱਧਰਾ ਕਰਨ ਲਈ ਪੈਂਡਿੰਗ ਕਾਨੂੰਨੀ ਮਾਮਲਿਆਂ ਨੂੰ ਨਿਪਟਾਉਣ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਗਮਾਡਾ ਦੇ ਚੱਲ ਰਹੇ ਅਤੇ ਆਉਣ ਵਾਲੇ ਪ੍ਰਮੁੱਖ ਪ੍ਰਜੈਕਟਾਂ ਦੀ ਭੌ ਪ੍ਰਾਪਤੀ, ਕਾਨੂੰਨੀ, ਵਿਕਾਸ ਅਤੇ ਹੋਰ ਸਬੰਧਤ ਪੱਖਾਂ ਦੀ ਜ਼ਮੀਨੀ ਪੱਧਰ ’ਤੇ ਜਾਣਕਾਰੀ ਹਾਸਲ ਕਰਨ ਲਈ ਮੁੱਖ ਪ੍ਰਸ਼ਾਸਕ ਰਾਜੀਵ ਕੁਮਾਰ ਗੁਪਤਾ ਨੇ ਨਿਊ ਚੰਡੀਗੜ੍ਹ ਵਿੱਚ ਈਕੋ ਸਿਟੀ-2, ਮੈਡੀਸਿਟੀ, ਈਕੋ ਸਿਟੀ ਐਕਸਟੈਂਸ਼ਨ ਅਤੇ ਵੀ-ਆਰ-6 ਰੋਡ ਦਾ ਦੌਰਾ ਕੀਤਾ। ਮੁੱਖ ਪ੍ਰਸ਼ਾਸਕ ਸਭ ਤੋਂ ਪਹਿਲਾਂ ਈਕੋ ਸਿਟੀ-2 ਪ੍ਰਾਜੈਕਟ ਵਿਖੇ ਗਏ ਜਿਥੇ ਦੇ ਕੁਝ ਇਲਾਕੇ ਅਦਾਲਤੀ ਮਾਮਲਿਆਂ ਕਾਰਣ ਵਿਕਸਤ ਨਹੀਂ ਕੀਤੇ ਜਾ ਸਕੇ। ਭੌ-ਪ੍ਰਾਪਤੀ ਸ਼ਾਖਾ ਦੇ ਅਧਿਕਾਰੀਆਂ ਨੇ ਮੁੱਖ ਪ੍ਰਸ਼ਾਸਕ ਨੂੰ ਕਾਨੂੰਨੀ ਕੇਸਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਜਿਸ ’ਤੇ ਸ੍ਰੀ ਗੁਪਤਾ ਨੇ ਉਨ੍ਹਾਂ ਨੂੰ ਕੇਸਾਂ ਦੀ ਨਿਯਮਤ ਤੌਰ ‘ਤੇ ਪੈਰਵੀ ਕਰਨ ਅਤੇ ਉਨ੍ਹਾਂ ਦਾ ਜਲਦੀ ਨਿਪਟਾਰਾ ਕਰਵਾਉਣ ਦੀ ਕੋਸ਼ਿਸ਼ ਕਰਨ ਲਈ ਕਿਹਾ ਤਾਂ ਜੋ ਪ੍ਰਾਜੈਕਟ ਵਿਚਲੇ ਪੈਡਿੰਗ ਪਏ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਭੌ-ਪ੍ਰਾਪਤੀ ਦਫ਼ਤਰ ਨੂੰ ਪ੍ਰਾਪਤ ਕੀਤੀ ਜਾ ਚੁੱਕੀ ਜ਼ਮੀਨ ਸਬੰਧਤ ਵਿਭਾਗਾਂ ਨੂੰ ਸੌਂਪਣ ਦੀ ਹਦਾਇਤ ਕੀਤੀ। ਇਨ੍ਹਾਂ ਇਲਾਕਿਆਂ ਵਿੱਚ ਪੀਆਰ-4 ਰੋਡ ’ਤੇ ਸਥਿਤ ਮਜ਼ਾਰ, ਈਕੋ ਸਿਟੀ-2 ਵਿੱਚ ਸਕੂਲ ਦੇ ਨੇੜੇ ਪੈਂਦਾ ਇਲਾਕਾ, ਈਕੋ ਸਿਟੀ ਐਕਸਟੈਂਸਨ ਵਿੱਚ ਸਥਿਤ ਫਾਰਮ ਹਾਊਸ ਅਤੇ ਮੈਡੀਸਿਟੀ ਵਿੱਚ ਪੈਂਦੀ ਕੁਝ ਜ਼ਮੀਨ ਸ਼ਾਮਲ ਹਨ।
ਮੈਡੀਸਿਟੀ ਨੇੜੇ ਆ ਰਹੇ ਈਕੋ ਸਿਟੀ ਐਕਸਟੈਂਸ਼ਨ ਪ੍ਰਾਜੈਕਟ ਦੇ ਦੌਰੇ ਦੌਰਾਨ ਸ੍ਰੀ ਗੁਪਤਾ ਨੇ ਪ੍ਰਾਜੈਕਟ ਦੇ ਪ੍ਰਸਤਾਵਿਤ ਵਿਕਾਸ ਬਾਰੇ ਇੰਜੀਨੀਅਰਿੰਗ ਵਿੰਗ ਤੋਂ ਵੇਰਵੇ ਮੰਗੇ। ਵਿਚਾਰ-ਵਟਾਂਦਰੇ ਉਪਰੰਤ ਉਨ੍ਹਾਂ ਨੇ ਇੰਜੀਨੀਅਰਾਂ ਦੀ ਟੀਮ ਨੂੰ ਆਉਣ ਵਾਲੀ ਇਸ ਅਰਬਨ ਅਸਟੇਟ ਦੀ ਚਾਰਦੀਵਾਰੀ ਦੀ ਉਸਾਰੀ ਲਈ ਟੈਂਡਰ ਲਗਾਉਣ ਅਤੇ ਉਸ ਤੋਂ ਅੱਗੇ ਦੇ ਵਿਕਾਸ ਕਾਰਜਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਨੇ ਇੰਜੀਨੀਅਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰਾਜੈਕਟ ਵਿੱਚ ਅਤਿਆਧੁਨਿਕ ਸਹੂਲਤਾਂ ਦੀ ਵਿਵਸਥਾ ਕਰਨ ਲਈ ਯੋਜਨਾ ਤਿਆਰ ਕਰਨ।
ਸ੍ਰੀ ਗੁਪਤਾ ਨੇ ਨਿਊ ਚੰਡੀਗੜ੍ਹ ਵਿਖੇ ਵੀ.ਆਰ-6 ਰੋਡ ਦਾ ਵੀ ਦੌਰਾ ਕੀਤਾ। ਜਿੱਥੇ ਟਰੰਕ ਸੀਵਰੇਜ਼ ਲਈ ਵੱਖ-ਵੱਖ ਅਕਾਰ ਦੀਆਂ ਆਰਸੀਸੀ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕੀਤਾ ਜਾਵੇ। ਇਸ ਦੌਰੇ ਦੌਰਾਨ ਮੁੱਖ ਪ੍ਰਸ਼ਾਸਕ ਦੇ ਨਾਲ ਖੁਸ਼ਦਿਲ ਸਿੰਘ ਸੰਧੂ ਅਸਟੇਟ ਅਫਸਰ (ਪਲਾਟ), ਬਲਵਿੰਦਰ ਸਿੰਘ ਚੀਫ਼ ਇੰਜੀਨੀਅਰ ਗਮਾਡਾ ਅਤੇ ਵੱਖ-ਵੱਖ ਸ਼ਾਖਾਵਾਂ ਦਾ ਅਮਲਾ ਮੌਜੂਦ ਸੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…