nabaz-e-punjab.com

ਪੰਜਾਬ ਕੈਬਨਿਟ ਵੱਲੋਂ ਟੈੱਟ ਪਾਸ ਅਧਿਆਪਕਾਂ ਦੀਆਂ 6060 ਅਸਾਮੀਆਂ ’ਚੋਂ 1337 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਸਹਿਮਤੀ

ਅਧਿਆਪਕਾਂ ਦੀਆਂ 4183 ਅਸਾਮੀਆਂ ਲਈ ਇਸ਼ਤਿਹਾਰ ਦੇਣ, ਨਵੀਂ ਭਰਤੀ ਲਈ ਉਮਰ ਹੱਦ ਵਿੱਚ 1 ਸਾਲ ਦੇ ਵਾਧੇ ਨੂੰ ਪ੍ਰਵਾਨਗੀ

ਟੈੱਟ ਯੋਗਤਾ ਦੀ ਮਿਆਦ ਸੱਤ ਤੋਂ ਵਧਾ ਕੇ ਅੱਠ ਸਾਲ ਕਰਨ ਲਈ ਕੈਪਟਨ ਸਰਕਾਰ ਐਨਸੀਟੀਈ ਕੋਲ ਮਸਲਾ ਉਠਾਏਗੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਅਗਸਤ:
ਪੰਜਾਬ ਦੇ ਟੈੱਟ ਪਾਸ ਅਧਿਆਪਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਮੰਤਰੀ ਮੰਡਲ ਨੇ ਟੈੱਟ ਪਾਸ ਮਾਸਟਰ ਕਾਡਰ ਅਧਿਆਪਕਾਂ ਲਈ ਸਾਲ 2015 ਵਿਚ ਦਿੱਤੇ ਇਸ਼ਤਿਹਾਰ ਤਹਿਤ 6060 ਅਸਾਮੀਆਂ ਵਿਚੋਂ 1337 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਮੰਤਰੀ ਮੰਡਲ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਸੰਦਰਭ ਵਿਚ 4183 ਅਸਾਮੀਆਂ ਦਾ ਇਸ਼ਤਿਹਾਰ ਦੇਣ ਦਾ ਸਿਧਾਂਤਕ ਫੈਸਲਾ ਲਿਆ ਹੈ। ਇਨ੍ਹਾਂ ਟੈੱਟ ਪਾਸ ਉਮੀਦਵਾਰਾਂ ਦੀ ਚਿਰੋਕਣੀ ਮੰਗ ਨੂੰ ਪ੍ਰਵਾਨ ਕਰਦਿਆਂ ਮੰਤਰੀ ਮੰਡਲ ਨੇ ਨਵੀਂ ਭਰਤੀ ਲਈ ਉਮਰ ਹੱਦ ਵਿਚ ਢਿੱਲ ਦਿੰਦਿਆਂ ਮੌਜੂਦਾ 37 ਸਾਲ ਤੋਂ ਵਧਾ ਕੇ 38 ਸਾਲ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ। ਮੰਤਰੀ ਮੰਡਲ ਨੇ ਸਿੱਖਿਆ ਵਿਭਾਗ ਨੂੰ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਕੋਲ ਯੋਗਤਾ ਦੀ ਮਿਆਦ ਦੇ ਸੱਤ ਵਰ੍ਹਿਆਂ ਦੇ ਮੌਜੂਦਾ ਨੇਮ ਨੂੰ ਅੱਠ ਵਰੇ੍ਹ ਕਰਨ ਦਾ ਮਾਮਲਾ ਤੁਰੰਤ ਉਠਾਉਣ ਦੀ ਹਦਾਇਤ ਕੀਤੀ ਹੈ। ਮੌਜੂਦਾ ਉਪਬੰਧਾਂ ਮੁਤਾਬਿਕ ਇਹ ਅਧਿਆਪਕ ਸਟੇਟ ਕੌਂਸਲ ਫਾਰ ਐਜੂਕੇਸ਼ਨ ਵੱਲੋਂ ਲਈ ਜਾਂਦੀ ਟੈੱਟ ਪ੍ਰੀਖਿਆ ਪਾਸ ਕਰ ਲੈਣ ਦੇ ਸੱਤ ਵਰ੍ਹਿਆਂ ਦੇ ਸਮੇਂ ਵਿਚ ਨਿਯੁਕਤ ਹੋ ਸਕਦੇ ਹਨ। ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਸਾਲ 2011 ਵਿਚ ਪ੍ਰੀਖਿਆ ਪਾਸ ਕੀਤੀ ਸੀ ਅਤੇ ਇਨ੍ਹਾਂ ਦੀ ਨਿਯੁਕਤੀ ਦੀ ਯੋਗਤਾ ਸਾਲ 2018 ਵਿਚ ਖਤਮ ਹੋ ਜਾਵੇਗੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…