
ਕੈਬਨਿਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਨਵ-ਜੰਮੀਆਂ ਧੀਆਂ ਨੂੰ ਪ੍ਰਮਾਣ ਪੱਤਰ ਤੇ ਤੋਹਫ਼ੇ ਵੰਡੇ
ਮੁਹਾਲੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਤੋਂ ਕੀਤੀ ‘ਧੀਆਂ ਦੀ ਲੋਹੜੀ’ ਪ੍ਰੋਗਰਾਮਾਂ ਦੀ ਆਨਲਾਈਨ ਸ਼ੁਰੂਆਤ
‘ਧੀਆਂ ਦੀ ਲੋਹੜੀ’ ਪ੍ਰੋਗਰਾਮ ਵਿੱਚ ਆਨਲਾਈਨ ਸ਼ਮੂਲੀਅਤ ਕਰਨ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ‘ਧੀਆਂ ਦੀ ਲੋਹੜੀ’ ਬਾਰੇ ਸੂਬੇ ਭਰ ਵਿੱਚ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਅੱਜ ਮੁਹਾਲੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਤੋਂ ਕੀਤੀ। ਇਸ ਲੜੀ ਦਾ ਆਖ਼ਰੀ ਸਮਾਗਮ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਵੇਗਾ। ਆਨਲਾਈਨ ਮਾਧਿਅਮ ਰਾਹੀਂ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਦਿਆਂ ਸ੍ਰੀਮਤੀ ਅਰੁਨਾ ਚੌਧਰੀ ਨੇ ਪਲੇਠੇ ਪ੍ਰੋਗਰਾਮ ਵਿੱਚ ਆਨਲਾਈਨ ਸ਼ਮੂਲੀਅਤ ਕਰਨ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਾਸ ਤੌਰ ’ਤੇ ਲੜਕਿਆਂ ਦੀ ਲੋਹੜੀ ਮਨਾਉਣ ਦਾ ਹੀ ਰਿਵਾਜ਼ ਸੀ ਪ੍ਰੰਤੂ ਇਸ ਰੂੜ੍ਹੀਵਾਦੀ ਵਿਚਾਰਧਾਰਾ ਨੂੰ ਤੋੜਨ ਲਈ ਸਰਕਾਰ ਵੱਲੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਲੜਕਾ-ਲੜਕੀ ਬਾਰੇ ਪੈਦਾ ਹੋਏ ਮਾਨਸਿਕ ਵਖਰੇਵਿਆਂ ਨੂੰ ਤੋੜਨ ਵਿੱਚ ਮਦਦ ਮਿਲੇਗੀ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਅੱਜ ਤੋਂ ਪੂਰਾ ਮਹੀਨਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਕਰਵਾਏ ਜਾਣਗੇ। ਇਸ ਦੌਰਾਨ ਸੂਬੇ ਅੰਦਰ ਕਰੀਬ 1.5 ਲੱਖ ਨਵ-ਜੰਮੀਆਂ ਧੀਆਂ ਦੀ ਪਹਿਲੀ ਲੋਹੜੀ ਮਨਾਈ ਜਾਵੇਗੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖਿਆ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਇਹ ਸਮਾਗਮ ਅੱਜ ਮੁਹਾਲੀ ਤੋਂ ਸ਼ੁਰੂ ਹੋਇਆ ਹੈ ਅਤੇ ਅਖੀਰਲਾ ਸਮਾਗਮ ਫਿਰੋਜ਼ਪੁਰ ਵਿੱਚ ਰਾਜ ਪੱਧਰ ’ਤੇ ਮਨਾਇਆ ਹੋਵੇਗਾ। ਜਿੱਥੇ ਨਵ-ਜੰਮੀਆਂ ਬੱਚੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਨਵ-ਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਪ੍ਰਮਾਣ ਪੱਤਰ, ਸ਼ਾਲ, ਕੰਬਲ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ ਸ਼੍ਰੀਵਾਸਤਵਾ, ਡਾਇਰੈਕਟਰ ਵਿਪੁਲ ਉਜਵਲ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਵੀ ਹਾਜ਼ਰ ਸਨ। ਇੰਜ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਹੁਸ਼ਿਆਰਪੁਰ ਵਿੱਚ ਵੀ ਅਜਿਹੇ ਸਮਾਗਮ ਕਰਵਾਏ ਗਏ।