ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਯਤਨ

ਆਂਗਨਵਾੜੀ ਵਰਕਰਾਂ ਨੂੰ ਪਤਿਆਉਣ ਲਈ ਅਰੁਣਾ ਚੌਧਰੀ ਨੇ ਦੁਪਹਿਰ ਦਾ ਖਾਣਾ ਪਰੋਸਿਆ

ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਖਾਣੇ ਦੀ ਥਾਂ ਮੁਸ਼ਕਲਾਂ ਹੱਲ ਕਰੇ ਸਰਕਾਰ: ਹਰਗੋਬਿੰਦ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਵੱਲੋਂ ਅੱਜ ਆਂਗਨਵਾੜੀ ਯੂਨੀਅਨ ਦੀਆਂ ਆਗੂਆਂ ਨੂੰ ਪਤਿਆਉਣ ਲਈ ਪੰਜਾਬ ਭਵਨ ਵਿਖੇ ਸੱਦ ਕੇ ਦੁਪਹਿਰ ਦਾ ਖਾਣਾ ਪਰੋਸਿਆ ਗਿਆ। ਇਸ ਦੇ ਬਾਵਜੂਦ ਮੰਤਰੀ ਆਪਣੀ ਗੱਲ ਪੁਗਾਉਣ ਲਈ ਕਾਮਯਾਬ ਨਹੀਂ ਹੋ ਸਕੇ, ਕਿਉਂਕਿ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਆਗੂ ਮੰਤਰੀ ਦੀ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਹ ਹੁਣ ਵੀ ਨਾਰਾਜ਼ ਚੱਲ ਰਹੀਆਂ ਹਨ।
ਅੱਜ ਇੱਥੇ ਆਗੂਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਨੇ ਵਿਧਾਨ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਆਂਗਨਵਾੜੀ ਵਰਕਰਾਂ ਦੇ ਮੋਰੀ ਆਗੂਆਂ ਨੂੰ ਲਿਖਤੀ ਰੂਪ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਸੀ। ਪੱਤਰ ਵਿੱਚ ਇਹ ਵੀ ਲਿਖਿਆ ਸੀ ਕਿ ਮੀਟਿੰਗ ਦੌਰਾਨ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਬਾਰੇ ਕੋਈ ਗੱਲਬਾਤ ਨਹੀਂ ਹੋਵੇਗੀ ਅਤੇ ਸਿਰਫ਼ ਵਿਭਾਗ ਦੀਆਂ ਸਕੀਮਾਂ ਦੱਸੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ , ਸੂਬਾ ਦਫ਼ਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ, ਸਤਵੰਤ ਕੌਰ ਭੋਗਪੁਰ ਤੇ ਗੁਰਅੰਮ੍ਰਿਤ ਕੌਰ ਸਿੱਧਵਾਂ ਬੇਟ ਹਾਜ਼ਰ ਸਨ।
ਭਰੋਸੇਯੋਗ ਸੂਤਰਾਂ ਅਨੁਸਾਰ ਮੰਤਰੀ ਅਰੁਣਾ ਚੌਧਰੀ ਅਸਲ ਵਿੱਚ ਯੂਨੀਅਨ ਦੀਆਂ ਆਗੂਆਂ ਕੋਲੋਂ ਉਸ ਮਤੇ ’ਤੇ ਦਸਤਖ਼ਤ ਕਰਵਾਉਣਾ ਚਾਹੁੰਦੇ ਸਨ ਕਿ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਜੋ ਕ੍ਰਮਵਾਰ 600 ਤੇ 300 ਰੁਪਏ ਦਾ ਵਾਧਾ ਕੀਤਾ ਹੈ, ਉਸ ਦਾ ਧੰਨਵਾਦ ਕੀਤਾ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਮਾਣ ਭੱਤੇ ਵਿੱਚ ਵਾਧਾ ਕਰਨ ਵਾਲੀ ਕਿਹੜੀ ਗੱਲ ਹੈ। ਇਹ ਪੈਸੇ ਤਾਂ ਅਕਤੂਬਰ 2018 ਵਿੱਚ ਕੇਂਦਰ ਸਰਕਾਰ ਨੇ ਵਧਾਏ ਸਨ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਇਹ ਪੈਸੇ ਵਰਕਰਾਂ ਤੇ ਹੈਲਪਰਾਂ ਦੇ ਰੋਕੀ ਬੈਠੀ ਸੀ। ਉਨ੍ਹਾਂ ਕਿਹਾ ਕਿ ਉਹ ਤਾਂ ਹਰਿਆਣਾ ਪੈਟਰਨ ’ਤੇ ਆਪਣੀਆਂ ਮੰਗਾਂ ਦਾ ਨਿਪਟਾਰਾ ਮੰਗਦੀਆਂ ਹਨ ਪ੍ਰੰਤੂ ਪੰਜਾਬ ਸਰਕਾਰ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਯਤਨ ਕਰ ਰਹੀ ਹੈ, ਜੋ ਕਿ ਆਂਗਨਵਾੜੀ ਵਰਕਰਾਂ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਵਰਕਰਾਂ ਨੂੰ ਲਗਪਗ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ ਅਤੇ ਹੱਕੀ ਮੰਗਾਂ ਮੰਗਾਂ ਮੰਨਣ ਤੋਂ ਬਿਨਾਂ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Campaign

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…