nabaz-e-punjab.com

ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦੀ ਮੁਰੰਮਤ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਿਆ

ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਨੂੰ ਸਿੱਖ ਵਿਰਾਸਤ ਵਜੋਂ ਸੰਭਾਲਣ ਲਈ ਪਹਿਲਕਦਮੀ ਕਰਨ ਮੁੱਖ ਮੰਤਰੀ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦੀ ਮੁਰੰਮਤ ਕਰਵਾਈ ਜਾਵੇ। ਸ੍ਰੀ ਸਿੱਧੂ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਦੀਵਾਨ ਟੋਡਰ ਮੱਲ ਨੂੰ ਦੋ ਹਜ਼ਾਰ ਘੋੜ ਸਵਾਰ, ਚਾਰ ਹਜ਼ਾਰ ਤੋਂ ਵੱਧ ਪਿਆਦਾ ਫੌਜ ਰੱਖਣ ਦਾ ਹੱਕ ਸੀ, ਨਿਜ਼ਾਮ ਸਰਹਿੰਦ ਹੀ ਨਹੀਂ ਸਗੋਂ ਉਨ੍ਹਾਂ ਕੋਲ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ। ਉਨ੍ਹਾਂ ਨੂੰ 50 ਲੱਖ ਟਕੇ ਸਾਲਾਨਾ ਆਪਣੇ ਲਈ ਮਿਲਦੇ ਸਨ ਪਰ ਦੀਵਾਨ ਟੋਡਰ ਮੱਲ ਨੇ ਆਪਣੀ ਐਸੋ ਆਰਾਮ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਂਦਿਆਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤੀ ਗੁਜਰੀ ਜੀ ਦੀ ਸ਼ਹੀਦੀ ਮਗਰੋਂ ਸਸਕਾਰ ਲਈ ਵੱਡੀ ਕੀਮਤ ਦੇ ਕੇ ਜ਼ਮੀਨ ਖਰੀਦੀ ਗਈ ਅਤੇ ਉਨ੍ਹਾਂ ਦਾ ਸਸਕਾਰ ਕਰਵਾਇਆ ਗਿਆ ਸੀ। ਸੂਬਾ ਸਰਹਿੰਦ ਵਜੀਰ ਖਾਨ ਨੂੰ ਬਾਅਦ ਵਿੱਚ ਪਤਾ ਚਲਣ ’ਤੇ ਦੀਵਾਨ ਟੋਡਰ ਮੱਲ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀੜਿਆ ਗਿਆ ਸੀ।
ਸ੍ਰੀ ਸਿੱਧੂ ਨੇ ਲਿਖਿਆ ਹੈ ਕਿ ਸਿੱਖ ਕੌਮ ਲਈ ਆਪਣਾ ਪਰਿਵਾਰ ਵਾਰਨ ਵਾਲੇ ਦੀਵਾਨ ਟੋਡਰ ਮੱਲ ਦੀ ਪੁਰਾਤਨ ਰਿਹਾਇਸ਼, ਜਿਸ ਨੂੰ ਜਹਾਜ਼ੀ ਹਵੇਲੀ ਵੀ ਆਖਿਆ ਜਾਂਦਾ ਹੈ, ਦੀ ਅਜੋਕੇ ਸਮੇਂ ਵਿੱਚ ਹਾਲਤ ਬਹੁਤ ਮਾੜੀ ਅਤੇ ਤਰਸਯੋਗ ਹੈ। ਜੇਕਰ ਇਸ ਹਵੇਲੀ ਦੀ ਤੁਰੰਤ ਮੁਰੰਮਤ ਨਾ ਕਰਵਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦਾ ਇਹ ਮਹਾਨ ਸਰਮਾਇਆ ਮਿੱਟੀ ਵਿੱਚ ਮਿਲਣ ਦਾ ਖ਼ਦਸ਼ਾ ਹੈ। ਇਸ ਤਰ੍ਹਾਂ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਇਹ ਮਹਾਨ ਨਿਸ਼ਾਨੀ ਗੁਆ ਬੈਠਣ ਗਏ। ਸ੍ਰੀ ਸਿੱਧੂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਦੀਵਾਨ ਟੋਡਰ ਮੱਲ ਜੀ ਦੀ ਸਿੱਖ ਕੌਮ ਪ੍ਰਤੀ ਕੀਤੀ ਗਈ ਵੱਡੀ ਕੁਰਬਾਣੀ ਦੇ ਮੱਦੇਨਜ਼ਰ ਅਤੇ ਇਤਿਹਾਸ ਨੂੰ ਆਪਣੇ ਅੰਦਰ ਸਮੋਈ ਬੈਠੀ ਇਸ ਜਹਾਜ਼ੀ ਹਵੇਲੀ ਦੀ ਮੁਰੰਮਤ ਲਈ ਪਹਿਲਕਦਮੀ ਕਰਦੇ ਹੋਏ ਤੁਰੰਤ ਦਿਲ ਖੋਲ੍ਹ ਕੇ ਲੋੜੀਂਦੇ ਫੰਡ ਜਾਰੀ ਕੀਤੇ ਜਾਣ ਤਾਂ ਜੋ ਕੌਮੀ ਇਸ ਮਹਾਨ ਯਾਦਗਾਰ ਦੀ ਮੁਰੰਮਤ ਕਰਵਾ ਕੇ ਇਸ ਹਵੇਲੀ ਨੂੰ ਸਿੱਖ ਕੌਮ ਨੂੰ ਸਮਰਪਿਤ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…