
ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਮੁਹਾਲੀ ਪ੍ਰੈੱਸ ਕਲੱਬ ਨੂੰ ਗਰਾਂਟ ਦਾ ਚੈੱਕ ਦਿੱਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਮੀਡੀਆ ਭਾਰਤੀ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ ਜੋ ਕਿ ਸਰਕਾਰਾਂ ਦੀਆਂ ਪ੍ਰਾਪਤੀਆਂ ਨੂੰ ਆਮ ਜਨਤਾ ਤੱਕ ਅਤੇ ਆਮ ਜਨਤਾ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਪਹੁੰਚਾ ਕੇ ਸਰਕਾਰ ਅਤੇ ਲੋਕਾਂ ਵਿਚਕਾਰ ਕੜੀ ਦਾ ਕੰਮ ਕਰਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਪ੍ਰੈੱਸ ਕਲੱਬ ਨੂੰ ਆਪਣੇ ਅਖ਼ਤਿਆਰੀ ਕੋਟੇ ’ਚੋਂ ਦੋ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਂਟ ਕਰਨ ਸਮੇਂ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕੀਤਾ। ਮੰਤਰੀ ਨੇ ਗਰਾਂਟ ਦਾ ਇਹ ਚੈੱਕ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਦੀ ਅਗਵਾਈ ਵਿੱਚ ਕਲੱਬ ਦੀ ਸਮੁੱਚੀ ਗਵਰਨਿੰਗ ਟੀਮ ਨੂੰ ਸੌਂਪਿਆ।
ਪ੍ਰੈਸ ਕਲੱਬ ਦੇ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ ਨੇ ਕੈਬਨਿਟ ਮੰਤਰੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਮੁਹਾਲੀ ਪ੍ਰੈੱਸ ਕਲੱਬ ਵੱਲੋਂ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਪੱਤਰਕਾਰਾਂ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣੂ ਕਰਵਾਇਆ। ਜਿਸ ਦੀ ਕੈਬਨਿਟ ਮੰਤਰੀ ਨੇ ਕਲੱਬ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਸਮੇਤ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ, ਮੀਤ ਪ੍ਰਧਾਨ ਕੁਲਦੀਪ ਸਿੰਘ ਕੁਰਾਲੀ, ਕੈਸ਼ੀਅਰ ਸੁਖਵਿੰਦਰ ਸਿੰਘ ਸ਼ਾਨ, ਜਥੇਬੰਦਕ ਸਕੱਤਰ ਰਾਜ ਕੁਮਾਰ ਅਰੋੜਾ, ਨਾਹਰ ਸਿੰਘ ਧਾਲੀਵਾਲ ਅਤੇ ਵਿਜੈ ਕੁਮਾਰ ਵੀ ਹਾਜ਼ਰ ਸਨ।