Naba-e-punjab.com

ਕੈਬਨਿਟ ਮੰਤਰੀ ਬਲਬੀਰ ਸਿੱਧੂ ਵੱਲੋਂ ਲਖਨੌਰ-ਲਾਂਡਰਾਂ ਮੁੱਖ ਸੜਕ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਆਖ਼ਰਕਾਰ ਮੁਰੰਮਤ ਦੇ ਚੱਲਦਿਆਂ ਕਈ ਦਿਨ ਲਗਾਤਾਰ ਬੰਦ ਰਹਿਣ ਤੋਂ ਬਾਅਦ ਸੋਮਵਾਰ ਨੂੰ ਲਖਨੌਰ-ਲਾਂਡਰਾਂ ਸੜਕ ’ਤੇ ਦੁਬਾਰਾ ਆਵਾਜਾਈ ਸ਼ੁਰੂ ਹੋ ਗਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਸ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਦੱਸਿਆ ਕਿ ਲਾਂਡਰਾਂ ਟੀ ਪੁਆਇੰਟ ’ਤੇ ਟਰੈਫ਼ਿਕ ਦੀ ਸਮੱਸਿਆ ਦੇ ਪੱਕੇ ਹੱਲ ਲਈ ਸਰਹਿੰਦ ਫਤਹਿ ਮਾਰਗ ’ਤੇ ਥੰਡਰ ਜ਼ੋਨ ਨੇੜੇ ਰੇਲਵੇ ਕਰਾਸਿੰਗ ਤੱਕ ਮੁਹਾਲੀ ਤੋਂ ਆਉਂਦੀ ਸੜਕ ਨੂੰ ਸਿੱਧਾ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਬਣਾਉਣ ਲਈ ਕਰੀਬ ਸਾਢੇ ਸੱਤ ਏਕੜ ਹੋਰ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਅਤੇ ਜ਼ਮੀਨ ਮਾਲਕਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ। ਅਗਲੇ ਪੜਾਅ ਵਿੱਚ ਇਹ ਪ੍ਰਾਜੈਕਟ ਸਿਰੇ ਚੜ੍ਹਨ ਨਾਲ ਇਲਾਕੇ ਦੇ ਲੋਕਾਂ ਅਤੇ ਬਾਹਰਲੇ ਸ਼ਹਿਰਾਂ ’ਚੋਂ ਮੁਹਾਲੀ ਅਤੇ ਚੰਡੀਗੜ੍ਹ ਆਉਣ ਵਾਲੇ ਵਿਅਕਤੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਉਨ੍ਹਾਂ ਅਗਲੇ ਪੜਾਅ ਵਿੱਚ ਮੁਹਾਲੀ ਤੋਂ ਚੱਪੜਚਿੜੀ ਜੰਗੀ ਯਾਦਗਾਰ ਤੱਕ ਪਹੁੰਚ ਸੜਕ ਅਤੇ ਖਰੜ ਲਾਂਡਰਾਂ ਮੁੱਖ ਸੜਕ ਤੋਂ ਚੱਪੜਚਿੜੀ ਖੁਰਦ ਅਤੇ ਚੱਪੜਚਿੜੀ ਕਲਾਂ ਰਾਹੀਂ ਮੁਹਾਲੀ ਵੱਲ ਆਉਂਦੀ ਸੜਕ ਦੀ ਮੁਰੰਮਤ ਕੀਤੀ ਜਾਵੇਗੀ। ਇਸ ਸਬੰਧੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਇਨ੍ਹਾਂ ਸੜਕਾਂ ਲਈ ਲੋੜੀਂਦੇ ਫੰਡ ਦੇਣ ਦੀ ਮੰਗ ਕੀਤੀ ਗਈ ਹੈ।
ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਲਾਕੇ ਦੀਆਂ ਲਿੰਕ ਸੜਕਾਂ ਸਮੇਤ ਜਿੰਨੇ ਵੀ ਵਾਅਦੇ ਕੀਤੇ ਗਏ ਹਨ। ਉਹ ਸਾਰੇ ਪੜਾਅਵਾਰ ਪੂਰੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਲੌਂਗੀ ਤੋਂ ਖਾਨਪੁਰ ਤੱਕ ਫਲਾਈਓਵਰ ਅਤੇ ਐਲੀਵੇਟਿਡ ਸੜਕ ਦੀ ਉਸਾਰੀ ਪ੍ਰਾਜੈਕਟ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਕੰਪਨੀ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਮੁਕੰਮਲ ਹੋਣ ਤੋਂ ਬਾਅਦ ਮੁਹਾਲੀ ਅਤੇ ਖਰੜ ਸਮੇਤ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸੀਨੀਅਰ ਕਾਂਗਰਸ ਆਗੂ ਜੀਐਸ ਰਿਆੜ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਰੇਸ਼ ਇੰਦਰ ਸਿੰਘ ਵਾਲੀਆ, ਲਾਂਡਰਾਂ ਦੇ ਸਰਪੰਚ ਹਰਚਰਨ ਸਿੰਘ ਗਿੱਲ, ਨੰਬਰਦਾਰ ਦਿਲਬਾਗ ਸਿੰਘ ਤੇ ਜਗਦੀਸ਼ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੋਹਨ ਸਿੰਘ ਬਠਲਾਣਾ, ਰਜਿੰਦਰ ਸਿੰਘ ਰਾਏਪੁਰ ਕਲਾਂ ਸਮੇਤ ਹੋਰ ਅਧਿਕਾਰੀ ਅਤੇ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…