Nabaz-e-punjab.com

ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਪੌਦੇ ਲਗਾ ਕੇ ਕੀਤੀ ਮੀਆਵਾਕੀ ਜੰਗਲੀ ਖੇਤਰ ਵਿਕਸਤ ਕਰਨ ਦੀ ਸ਼ੁਰੂਆਤ

ਮੰਤਰੀ ਸਿੱਧੂ ਅਤੇ ਡੀਸੀ ਗੁਰਪ੍ਰੀਤ ਕੌਰ ਸਪਰਾ ਨੇ ਸਮਾਗਮ ਵਿੱਚ ਪਹੁੰਚੇ ਲੋਕਾਂ ਨੂੰ ਵੰਡੇ ਪੌਦੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਪਾਨੀ ਮੀਆਵਾਕੀ ਤਕਨੀਕ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੋਂ ਦੇ ਪ੍ਰਸ਼ਾਸਕੀ ਅਤੇ ਅਦਾਲਤ ਕੰਪਲੈਕਸ ਨੇੜੇ ਵਿਕਸਤ ਕੀਤੇ ਜਾ ਰਹੇ ਸੰਘਣੇ ਜੰਗਲੀ ਖੇਤਰ ਦਾ ਬੁੱਧਵਾਰ ਨੂੰ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਇਜ਼ਾ ਲਿਆ ਅਤੇ ਪੰਜਾਬ ਵਿੱਚ ਇਸ ਵਿਲੱਖਣ ਕਿਸਮ ਦੇ ਪਹਿਲੇ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਮੌਕੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਵੱਖ ਵੱਖ ਕਿਸਮਾਂ ਦੇ ਪੌਦੇ ਲਗਾਏ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ, ਦਫ਼ਤਰੀ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸੀ ਸਿੱਧੂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਐਸ.ਏ.ਐਸ. ਨਗਰ ਅਜਿਹਾ ਪਹਿਲਾ ਜ਼ਿਲ੍ਹਾ ਹੈ, ਜਿਸ ਨੇ ਇਸ ਤਕਨੀਕ ਨੂੰ ਅਪਣਾਇਆ ਹੈ। ਇਸ ਤਕਨੀਕ ਵਿੱਚ ਥੋੜ੍ਹੀ ਜਿਹੀ ਥਾਂ ਵਿੱਚ ਨੇੜੇ ਨੇੜੇ ਪੌਦੇ ਲਾਏ ਜਾਂਦੇ ਹਨ, ਜੋ ਜੰਗਲੀ ਖੇਤਰ ਵਾਂਗ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਸ ਤਕਨੀਕ ਤਹਿਤ 550 ਪੌਦੇ ਲਾਏ ਜਾਣਗੇ, ਜੋ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਜੀਵਨ ਜਾਚ ਗੁਰਬਾਣੀ ਮੁਤਾਬਕ ਰੱਖਣੀ ਚਾਹੀਦੀ ਹੈ, ਜੋ ਹਵਾ ਨੂੰ ਗੁਰੂ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੰਦੀ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ ਤਾਂ ਕਿ ਵਾਤਾਵਰਣ ਬਚਿਆ ਰਹੇ ਕਿਉਂਕਿ ਜੇ ਵਾਤਾਵਰਣ ਠੀਕ ਹੋਵੇਗਾ ਤਾਂ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਸਿਹਤ ਵੀ ਠੀਕ ਰਹੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਈਕੋ ਸਿੱਖ ਸੰਸਥਾ ਨਾਲ ਮਿਲ ਕੇ ਇਹ ਉੱਦਮ ਕੀਤਾ ਹੈ। ਇਸ ਤਹਿਤ ਥੋੜ੍ਹੀ ਜਿਹੀ ਜਗ੍ਹਾ ਵਿੱਚ 550 ਬੂਟੇ ਲਾ ਕੇ ਸੰਘਣਾ ਜੰਗਲਨੁਮਾ ਖੇਤਰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਜਾਪਾਨ ਦੀ ਤਕਨੀਕ ਹੈ, ਜਿਸ ਤਹਿਤ ਸਬੰਧਤ ਖੇਤਰ ਵਿੱਚ ਹੋਣ ਵਾਲੇ ਪੌਦੇ ਹੀ ਉਥੇ ਲਾਏ ਜਾਂਦੇ ਹਨ ਤਾਂ ਕਿ ਇਨ੍ਹਾਂ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਸ਼ਹਿਰੀ ਖੇਤਰ ਵਿੱਚ ਥੋੜ੍ਹੀ ਥਾਂ ਲਈ ਬੇਹੱਦ ਕਾਰਗਰ ਹੈ, ਜਿਸ ਨਾਲ ਜਿੱਥੇ ਜੈਵਿਕ ਵਿਭਿੰਨਤਾ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ, ਉਥੇ ਪੌਦਿਆਂ ਦੇ ਵਿਕਸਤ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਇਸ ਤਕਨੀਕ ਨਾਲ ਪੌਦਿਆਂ ਦੀਆਂ ਜੜ੍ਹਾਂ ਇਕ ਦੂਜੇ ਨਾਲ ਜੁੜ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਹ ਨਿਵੇਕਲੀ ਤਕਨੀਕ ਘੱਟ ਪਾਣੀ ਵਾਲੇ ਇਲਾਕਿਆਂ ਵਿੱਚ ਵੀ ਕਾਮਯਾਬ ਰਹੀ ਹੈ ਕਿਉਂਕਿ ਪੌਦੇ ਲਾਉਣ ਤੋਂ ਪਹਿਲਾਂ ਹੇਠਾਂ ਤਿੰਨ ਫੁੱਟ ਖੁਦਾਈ ਕਰ ਕੇ ਉਸ ਵਿੱਚ ਪਹਿਲਾਂ ਤੂੜੀ ਪਾਈ ਜਾਂਦੀ ਹੈ, ਜਿਸ ਤੋਂ ਬਾਅਦ ਮਿੱਟੀ ਪਾ ਕੇ ਉਪਰ ਖਾਦ ਪਾਈ ਜਾਂਦੀ ਹੈ ਤਾਂ ਕਿ ਇਸ ਵਿੱਚ ਹਵਾ ਆਉਣ ਲਈ ਜਗ੍ਹਾ ਬਣੀ ਰਹੇ ਅਤੇ ਇਸ ਵਿੱਚ ਪਾਣੀ ਇਕੱਠਾ ਰਹੇ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਇੰਨੀ ਕਾਰਗਰ ਹੈ ਕਿ ਪੌਦਿਆਂ ਨੂੰ ਸਾਲ ਜਾਂ ਡੇਢ ਸਾਲ ਲਈ ਹੀ ਪਾਣੀ ਦੇਣ ਦੀ ਲੋੜ ਪੈਂਦੀ ਹੈ, ਉਸ ਤੋਂ ਬਾਅਦ ਪੌਦੇ ਦੀ ਪਾਣੀ ਦੀ ਲੋੜ ਹੇਠਾਂ ਬਣਾਈ ਪਰਤ ਵਿੱਚ ਖੜ੍ਹੇ ਪਾਣੀ ਨਾਲ ਹੀ ਪੂਰੀ ਹੁੰਦੀ ਰਹਿੰਦੀ ਹੈ। ਈਕੋ ਸਿੱਖ ਸੰਸਥਾ ਦੇ ਨੁਮਾਇੰਦੇ ਪਵਨੀਤ ਸਿੰਘ ਨੇ ਦੱਸਿਆ ਕਿ ਇੱਥੇ ਢੱਕ, ਅਰਜੁਨ, ਕਿੱਕਰ, ਬਹੇੜਾ ਜਾਮਣ, ਦੇਸੀ ਅੰਬ, ਬਬੂਲ, ਨਿੰਮ, ਸਿੰਬਲ, ਮਹੂਆ ਤੇ ਸੁਹੰਜਣਾ ਵਰਗੇ 40 ਤਰ੍ਹਾਂ ਦੇ ਬੂਟੇ ਲਾਏ ਜਾਣਗੇ, ਜਿਨ੍ਹਾਂ ਵਿੱਚੋਂ ਕਈ ਰੁੱਖਾਂ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ। ਪ੍ਰੋਗਰਾਮ ਦੌਰਾਨ ਜਿੱਥੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਉਥੇ ਪੌਦੇ ਵੀ ਵੰਡੇ ਗਏ।
ਇਸ ਮੌਕੇ ਏ.ਡੀ.ਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਏ.ਡੀ.ਸੀ. (ਵਿਕਾਸ) ਅਮਰਦੀਪ ਸਿੰਘ ਬੈਂਸ, ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਐਸ.ਡੀ.ਐਮ. ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ ਯਸ਼ਪਾਲ ਸ਼ਰਮਾ, ਵਣ ਮੰਡਲ ਅਫ਼ਸਰ ਗੁਰ ਅਮਨਪ੍ਰੀਤ ਸਿੰਘ, ਡੀ.ਡੀ.ਪੀ.ਓ. ਡੀ.ਕੇ. ਸਾਲਦੀ, ਤਹਿਸੀਲਦਾਰ ਸ੍ਰੀਮਤੀ ਸੁਖਪਿੰਦਰ ਕੌਰ ਅਤੇ ਜ਼ਿਲ੍ਹਾ ਮੱਛੀ ਪਾਲਣ ਅਫ਼ਸਰ ਜਸਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ। ਇਸ ਦੌਰਾਨ ਖਰੜ ਬਲਾਕ ਦੇ ਪਿੰਡ ਬਠਲਾਣਾ, ਡੇਰਾਬੱਸੀ ਬਲਾਕ ਦੇ ਪਿੰਡ ਬਸੌਲੀ ਅਤੇ ਮਾਜਰੀ ਬਲਾਕ ਦੇ ਪਿੰਡ ਮਾਜਰੀ ਵਿਖੇ ਵੀ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਪੰਚਾਇਤੀ ਥਾਵਾਂ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550-550 ਪੌਦੇ ਲਾਏ ਗਏ।
(ਬਾਕਸ ਆਈਟਮ)
ਜਪਾਨੀ ਬਨਸਪਤੀ ਵਿਗਿਆਨੀ ਅਕਿਰਾ ਮੀਆਵਾਕੀ ਨੇ ਇਹ ਤਕਨੀਕ ਸ਼ੁਰੂ ਕੀਤੀ ਸੀ। ਇਸ ਤਕਨੀਕ ਨਾਲ ਥੋੜ੍ਹੀ ਜਿਹੀ ਥਾਂ ਵਿੱਚ ਦੋ ਟਿੱਲੇ ਬਣਾ ਕੇ ਸੰਘਣੇ ਬੂਟੇ ਲਗਾ ਕੇ ਜੰਗਲੀ ਖੇਤਰ ਤਿਆਰ ਕੀਤਾ ਜਾਂਦਾ ਹੈ। ਇਸ ਤਕਨੀਕ ਨਾਲ ਲਗਾਏ ਗਏ ਪੌਦੇ 10 ਗੁਣਾ ਤੇਜ਼ੀ ਨਾਲ ਵਧਦੇ ਹਨ ਅਤੇ ਆਮ ਜੰਗਲ ਨਾਲੋਂ ਇਹ ਪੌਦੇ 30 ਗੁਣਾ ਵੱਧ ਸੰਘਣੇ ਹੁੰਦੇ ਹਨ। ਇਹ ਤਕਨੀਕ ਇੰਨੀ ਕਾਰਗਰ ਹੈ ਕਿ ਦੋ ਸਾਲਾਂ ਵਿੱਚ ਹੀ ਪੌਦਿਆਂ ਦਾ ਵਿਕਾਸ ਕਈ ਗੁਣਾ ਤੱਕ ਹੋ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…