Share on Facebook Share on Twitter Share on Google+ Share on Pinterest Share on Linkedin ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਮੁਲਾਜ਼ਮ ਆਗੂ ਸੱਜਣ ਸਿੰਘ ਨੂੰ ਜੂਸ ਪਿਲਾ ਕੇ ਖੁਲ੍ਹਵਾਇਆ ਮਰਨ ਵਰਤ ਮੁਹਾਲੀ ਨਗਰ ਨਿਗਮ ਦੇ ਬਾਹਰ ਸੱਜਣ ਸਿੰਘ ਦੇ ਹੱਕ ਵਿੱਚ ਵੱਖ ਵੱਖ ਮੁਲਾਜ਼ਮਾਂ ਨੇ ਕੀਤਾ ਵਿਸ਼ਾਲ ਰੋਸ ਮੁਜ਼ਾਹਰਾ ਕੈਬਨਿਟ ਮੰਤਰੀ ਸਿੱਧੂ ਨੇ 27 ਮਈ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ, ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਦਿੱਤਾ ਭਰੋਸਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਮੁਹਾਲੀ, 6 ਮਈ: ਪੰਜਾਬ ਸਰਕਾਰ ਦੇ ਝੂਠੇ ਲਾਰਿਆਂ, ਧੱਕੇਸ਼ਾਹੀ ਅਤੇ ਵਾਅਦਾਖ਼ਿਲਾਫ਼ੀ ਦੇ ਵਿਰੋਧ ਵਿੱਚ ਪੰਜਾਬ ਐਂਡ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਐਕਸ਼ਨ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਅਤੇ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਛੇ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਆਗੂ ਸੱਜਣ ਸਿੰਘ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੁਹਾਲੀ ਨਗਰ ਨਿਗਮ ਦੇ ਬਾਹਰ ਵੱਖ ਵੱਖ ਮੁਲਾਜ਼ਮਾਂ ਨੇ ਸੱਜਣ ਸਿੰਘ ਦੇ ਹੱਕ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਸਫ਼ਾਈ ਕਾਮਿਆਂ ਨੇ ਵੀ ਆਪਣੇ ਹੱਥਾਂ ’ਚੋਂ ਝਾੜੂ ਸੁੱਟ ਕੇ ਧਰਨੇ ਵਿੱਚ ਸ਼ਿਰਕਤ ਕੀਤੀ। ਆਗੂਆਂ ਨੇ ਸੱਜਣ ਸਿੰਘ ਨੂੰ ਹਸਪਤਾਲ ’ਚੋਂ ਲਿਆ ਕੇ ਧਰਨੇ ’ਤੇ ਬੈਠੇ ਮੁਲਾਜ਼ਮਾਂ ਦੇ ਰੂਬਰੂ ਕੀਤਾ। ਪਿਛਲੇ ਦਿਨੀਂ ਯੂਟੀ ਪੁਲੀਸ ਨੇ ਮੁਲਾਜ਼ਮ ਆਗੂ ਨੂੰ ਜ਼ਬਰਦਸਤੀ ਚੁੱਕ ਕੇ ਹਸਪਤਾਲ ਵਿੱਚ ਪਹੁੰਚਾ ਕੇ ਟੈਂਟ ਪੁੱਟ ਦਿੱਤਾ ਸੀ। ਇਸ ਮੌਕੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੱਜਣ ਸਿੰਘ ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਖੁਲ੍ਹਵਾਇਆ ਅਤੇ ਆਦਰਸ਼ ਚੋਣ ਜ਼ਾਬਤਾ ਖ਼ਤਮ ਹੋਣ ਤੋਂ ਬਾਅਦ ਸਾਰੇ ਕੱਚੇ ਮੁਲਾਜ਼ਮਾਂ ਨੂੰ ਨਿਯਮਾਂ ਤਹਿਤ ਪੱਕੇ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਮੁਲਜ਼ਮ ਆਗੂਆਂ ਦੀ 27 ਮਈ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਵੀ ਦਿੱਤਾ। ਸ੍ਰੀ ਸਿੱਧੂ ਨੇ ਮੁਲਜ਼ਮਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਮੁਹਾਲੀ ਮੁਲਾਜ਼ਮਾਂ ਦਾ ਸ਼ਹਿਰ ਹੈ ਅਤੇ ਉਹ ਮੁਲਾਜ਼ਮ ਵਰਗ ਦੀਆਂ ਦੁੱਖ ਤਕਲੀਫ਼ਾਂ ਨੂੰ ਭਲੀਭਾਂਤ ਜਾਣਦੇ ਹਨ। ਉਨ੍ਹਾਂ ਸਮੁੱਚੇ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਦੇ ਹੱਥ ਮਜ਼ਬੂਤ ਕਰਨ ਅਤੇ ਸੂਬੇ ਦੇ ਵਿਕਾਸ ਤੇ ਤਰੱਕੀ ਲਈ ਕਾਂਗਰਸ ਉਮੀਦਵਾਰ ਦੀ ਡਟ ਕੇ ਹਮਾਇਤ ਕਰਨ ਅਤੇ ਹੋਰਨਾਂ ਨੂੰ ਵੀ ਕਾਂਗਰਸ ਦੀ ਮਦਦ ਲਈ ਪਤਿਆਉਣ। ਪੰਜਾਬ ਸੁਬਾਰਡੀਨੇਟਰ ਸਰਵਿਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਭਰੋਸਾ ਅਤੇ ਵਿਸ਼ਵਾਸ ਮੰਗਾਂ ’ਤੇ ਵਿਚਾਰ ਕਰਨ ਸਮੇਂ ਸਰਕਾਰ ਨੇ ਦਿੱਤਾ ਅਤੇ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਅਮਲ ਨਾ ਕੀਤੇ ਜਾਣ ਦੀ ਮਜਬੂਰੀ ਦੱਸੀ ਅਤੇ ਲਿਖਤੀ ਰੂਪ ਵਿੱਚ 27 ਮਈ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਵਾਉਣ ਦਾ ਸੱਦਾ ਦਿੱਤਾ ਹੈ। ਉਸ ’ਤੇ ਭਰੋਸਾ ਕਰਦਿਆਂ ਫੈਸਲਾ ਕੀਤਾ ਕਿ 27 ਮਈ ਤੱਕ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ ਜਾਵੇ ਅਤੇ ਮਰਨ ਵਰਤ ਖੋਲ੍ਹ ਦਿੱਤਾ ਜਾਵੇ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਜਸਦੀਸ਼ ਸਿੰਘ ਚਾਹਲ, ਕਲਾਸਫੋਰ ਐਂਪਲਾਈਜ਼ ਯੂਨੀਅਨ ਦੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਅਤੇ ਰਘਬੀਰ ਸਿੰਘ ਸੰਧੂ ਨੇ ਮੁਲਾਜ਼ਮ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਲਾਜ਼ਮ ਵੈਲਫੇਅਰ ਐਕਟ 2016 ਬਿਨਾਂ ਕਿਸੇ ਸੋਧ ਕੀਤੇ ਲਾਗੂ ਕਰਕੇ ਆਊਟ ਸੋਰਸ, ਠੇਕਾ ਪ੍ਰਣਾਲੀ, ਦਿਹਾੜੀਦਾਰ, ਵਰਕਚਾਰਜ, ਹੈੱਡਹਾਕ ਅਤੇ ਪ੍ਰਾਈਵੇਟ ਕੰਪਨੀਆਂ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ਦੇ ਕੇ ਪੱਕਾ ਕੀਤਾ ਜਾਵੇ। ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ। ਡੀਏ ਦੀਆਂ 3 ਕਿਸ਼ਤਾਂ ਸਮੇਤ 40 ਮਹੀਨਿਆਂ ਦਾ ਬਕਾਇਆ ਦਿੱਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਤੁਰੰਤ ਲਾਗੂ ਕੀਤੀ ਜਾਵੇ। ਇਸ ਮੌਕੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮੋਹਨ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੋਭਾ ਰਾਮ, ਮਦਨ ਲਾਲ, ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਕਮੇਟੀ ਦੇ ਪ੍ਰਧਾਨ ਰਾਜਨ ਚਵੱਰੀਆ, ਠੇਕੇ ਪ੍ਰਣਾਲੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੇ ਆਗੂ ਗੁਰਪ੍ਰੀਤ ਸਿੰਘ ਰਾਜਾ, ਅਨਿਲ ਕੁਮਾਰ, ਸੁਭਰਾਮਨੀਅਮ, ਡੇਰਾਬਸੀ ਤੋਂ ਰਾਜੇਸ਼ ਕੁਮਾਰ, ਜ਼ੀਰਕਪੁਰ ਤੋਂ ਪ੍ਰਧਾਨ ਪ੍ਰਦੀਪ ਕੁਮਾਰ ਸੂਦ, ਲਾਲੜੂ ਤੋਂ ਹਰਵਿੰਦਰ ਸਿੰਘ, ਖਰੜ ਤੋਂ ਬਲਕੇਸ਼ ਕੁਮਾਰ ਹੋਰ ਕਈ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਸਰਕਾਰ ਨੇ ਮੁਲਾਜ਼ਮ ਮੰਗਾਂ ਦਾ ਜਲਦੀ ਨਿਪਟਾਰਾ ਨਹੀਂ ਕੀਤਾ ਤਾਂ ਹੁਣ ਵੀ ਭਰੋਸਾ ਤੋੜਿਆ ਤਾਂ ਮੁਲਾਜ਼ਮਾਂ ਮੁੜ ਤੋਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ