nabaz-e-punjab.com

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਫੋਰਟਿਸ ਹਸਪਤਾਲ ਵਿੱਚ ਦਾਖ਼ਲ, ਬਾਈਪਾਸ ਸਰਜਰੀ ਕੀਤੀ

ਖ਼ਬਰ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਦੇ ਕਈ ਸਾਥੀ ਫੋਰਟਿਸ ਹਸਪਤਾਲ ਪੁੱਜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਬ੍ਰਹਮ ਮਹਿੰਦਰਾ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਇੱਥੋਂ ਦੇ ਫੇਜ਼-8 ਸਥਿਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਫੋਰਟਿਸ ਦੇ ਡਾ. ਜਸਪਾਲ ਸਿੰਘ ਅਤੇ ਡਾ. ਕਾਲੜਾ ਕੈਬਨਿਟ ਮੰਤਰੀ ਦਾ ਇਲਾਜ ਕਰ ਰਹੇ ਹਨ। ਸ੍ਰੀ ਬ੍ਰਹਮ ਮਹਿੰਦਰਾ ਦਿਲ ਦੇ ਮਰੀਜ਼ ਹਨ ਅਤੇ ਉਨ੍ਹਾਂ ਦੇ ਪੇਟ ਦੀਆਂ ਨਾੜੀਆਂ ਖ਼ਰਾਬ ਦੱਸੀਆਂ ਜਾ ਰਹੀਆਂ ਹਨ। ਬੁੱਧਵਾਰ ਨੂੰ ਮਾਹਰਾਂ ਡਾਕਟਰਾਂ ਦੀ ਅਗਵਾਈ ਵਾਲੀ ਮੈਡੀਕਲ ਟੀਮ ਵੱਲੋਂ ਕੈਬਨਿਟ ਮੰਤਰੀ ਦੇ ਪੇਟ ਦੀ ਇਕ ਨਾੜੀ ਦਾ ਅਪਰੇਸ਼ਨ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੇਟ ਦੇ ਹੋਰ ਵੀ ਅਪਰੇਸ਼ਨ ਕੀਤੇ ਜਾਣ ਬਾਰੇ ਸੂਚਨਾ ਮਿਲੀ ਹੈ। ਪਤਾ ਲੱਗਾ ਹੈ ਕਿ ਕਾਂਗਰਸ ਆਗੂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਾਅਦ ਦੁਪਹਿਰ ਉਨ੍ਹਾਂ ਦੀ ਤਬੀਅਤ ਹੋਰ ਜ਼ਿਆਦਾ ਖ਼ਰਾਬ ਹੋਣ ਬਾਰੇ ਪਤਾ ਲੱਗਾ ਹੈ।
ਉਧਰ, ਅੱਜ ਦੇਰ ਸ਼ਾਮ ਕੈਬਨਿਟ ਮੰਤਰੀ ਦੀ ਬਾਈਪਾਸ ਸਰਜਰੀ ਕੀਤੀ ਗਈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਫੋਰਟਿਸ ਹੈਲਥ ਕੇਅਰ ਦੇ ਮੈਡੀਕਲ ਡਾਇਰੈਕਟਰ ਡਾ. ਅਭੀਜੀਤ ਸਿੰਘ ਨੇ ਦੱਸਿਆ ਕਿ ਬ੍ਰਹਮ ਮਹਿੰਦਰਾ ਦਿਲ ਦੇ ਵੀ ਮਰੀਜ਼ ਹਨ। ਉਸ ਦੇ ਦਿਲ ਵਿੱਚ ਬਲਾਕਿਜ ਸੀ। ਅੱਜ ਦੇਰ ਸ਼ਾਮ ਕੈਬਨਿਟ ਮੰਤਰੀ ਦੀ ਬਾਈਪਾਸ ਸਰਜਰੀ ਕੀਤੀ ਗਈ ਹੈ, ਜੋ ਪੁਰੀ ਤਰ੍ਹਾਂ ਸਫਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਤਰੀ ਆਈਸੀਯੂ ਵਿੱਚ ਦਾਖ਼ਲ ਹਨ ਅਤੇ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਪੇਟ ਦੀਆਂ ਨਾੜੀਆਂ ਵਾਲੀ ਦਿੱਕਤਾਂ ਵੀ ਅਪਰੇਸ਼ਨ ਤੋਂ ਬਾਅਦ ਲਗਭਗ ਠੀਕ ਹੋ ਗਈਆਂ ਹਨ।
ਉਧਰ, ਅੱਜ ਦੁਪਹਿਰ ਵੇਲੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੋਰਟਿਸ ਹਸਪਤਾਲ ਵਿੱਚ ਪਹੁੰਚ ਕੇ ਆਪਣੇ ਸਾਥੀ ਮੰਤਰੀ ਦੀ ਖ਼ਬਰ-ਸਾਰ ਲਈ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਅਤੇ ਇਲਾਜ ਵਿੱਚ ਜੁਟੀ ਮੈਡੀਕਲ ਟੀਮ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਸ੍ਰੀ ਬ੍ਰਹਮ ਮਹਿੰਦਰਾ ਦੀ ਜਲਦੀ ਸਿਹਤਯਾਬੀ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਅਤੇ ਪਰਿਵਾਰ ਦੇ ਜੀਆ ਨੂੰ ਹੌਸਲਾ ਦਿੱਤਾ।
ਮੁੱਖ ਮੰਤਰੀ ਦੁਪਹਿਰ ਕਰੀਬ 12 ਵਜੇ ਫੋਰਟਿਸ ਹਸਪਤਾਲ ਵਿੱਚ ਪੁੱਜੇ ਸੀ। ਐਮਰਜੈਂਸੀ ਬਲਾਕ ਵਿੱਚ ਬ੍ਰਹਮ ਮਹਿੰਦਰਾ ਦਾ ਬੇਟਾ ਲਿਫ਼ਟ ਰਾਹੀਂ ਮੁੱਖ ਮੰਤਰੀ ਨੂੰ ਆਪਣੇ ਨਾਲ ਉੱਪਰ ਐਮਰਜੈਂਸੀ ਵਾਰਡ ਦੇ ਸਪੈਸ਼ਲ ਰੂਮ ਵਿੱਚ ਲੈ ਕੇ ਗਿਆ। ਜਿੱਥੇ ਬ੍ਰਹਮ ਮਹਿੰਦਰਾ ਦਾਖ਼ਲ ਹਨ। ਕੈਪਟਨ ਕਰੀਬ ਅੱਧਾ ਘੰਟਾ ਹਸਪਤਾਲ ਵਿੱਚ ਰੁਕੇ। ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ, ਬੱਸੀ ਪਠਾਣਾ ਦੇ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਸਮੇਤ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਐਸਐਸਪੀ ਕੁਲਦੀਪ ਸਿੰਘ ਚਾਹਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਹਸਪਤਾਲ ਵਿੱਚ ਬ੍ਰਹਮ ਮਹਿੰਦਰਾ ਦੀ ਪਤਨੀ ਅਤੇ ਬੇਟਾ ਦੇਖਭਾਲ ਕਰ ਰਹੇ ਹਨ। ਦੱਸਿਆ ਗਿਆ ਹੈ ਕਿ ਲੰਘੇ ਐਤਵਾਰ ਨੂੰ ਰਾਤ ਵੇਲੇ ਅਚਾਨਕ ਕੈਬਨਿਟ ਮੰਤਰੀ ਦੀ ਤਬੀਅਤ ਖ਼ਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅੱਜ ਉਨ੍ਹਾਂ ਨੂੰ ਕਾਫੀ ਤਕਲੀਫ਼ ਹੋਣ ਬਾਰੇ ਪਤਾ ਲੱਗਣ ’ਤੇ ਮੁੱਖ ਮੰਤਰੀ ਅਤੇ ਕੈਬਨਿਟ ਦੇ ਕਈ ਸਾਥੀ ਮੰਤਰੀਆਂ ਨੇ ਹਸਪਤਾਲ ਪਹੁੰਚ ਕੇ ਉਨ੍ਹਾਂ ਦੀ ਖ਼ਬਰ-ਸਾਰ ਲਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…