
ਕੈਬਨਿਟ ਮੰਤਰੀ ਚੁੰਨੀ ਲਾਲ ਭਗਤ ਵੱਲੋਂ ਮਾਡਲ ਵੈਲਫੇਅਰ ਸੈਂਟਰ-ਕਮ-ਕਿਰਤ ਭਵਨ ਦੀ ਨਵੀਂ ਇਮਾਰਤ ਦਾ ਉਦਘਾਟਨ
ਪੰਜਾਬ ਵਿੱਚ ਉਸਾਰੀ ਕਿਰਤੀਆਂ ਦੀ ਭਲਾਈ ਕਾਰਜਾਂ ਤੇ 345 ਕਰੋੜ ਰੁਪਏ ਖਰਚ ਕੀਤੇ: ਚੁਨੀ ਲਾਲ ਭਗਤ
ਨਿਊਜ਼ ਡੈਸਕ, ਮੁਹਾਲੀ, 15 ਦਸੰਬਰ
ਪੰਜਾਬ ਵਿੱਚ ਉਸਾਰੀ ਕਿਰਤੀਆਂ ਦੀ ਭਲਾਈ ਤੇ ਹੁਣ ਤੱਕ 345 ਕਰੋੜ ਰੁਪਏ ਖਰਚ ਕੀਤੇ ਗਏ ਹਨ ਇਸ ਤੋਂ ਇਲਾਵਾ ਕਿਰਤੀ ਕਾਮਿਆਂ ਨੂੰ ਅਤੇ ਉਨ੍ਹਾਂ ਦੇ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਪੜਦੇ ਬੱਚਿਆਂ ਨੂੰ 24 ਹਜਾਰ ਸਾਇਕਲ ਮੁਫ਼ਤ ਵੰਡੇ ਗਏ ਹਨ ਅਤੇ 24 ਹਜਾਰ ਸਾਈਕਲ ਹੋਰ ਮੁਫ਼ਤ ਵੰਡੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਰਤ, ਵਣ ਤੇ ਜੰਗਲੀ ਜੀਵ ਸੁਰੱਖਿਆ ਬਾਰੇ ਮੰਤਰੀ ਚੁੰਨੀ ਲਾਲ ਭਗਤ ਨੇ ਮੁਹਾਲੀ ਵਿਖੇ 10 ਕਰੋੜ 14 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਮਾਡਲ ਵੈਲਫੇਅਰ ਸੈਂਟਰ ਦੀ ਇਮਾਰਤ ਦਾ ਉਦਘਾਟਨ ਕਰਨ ਉਪਰੰਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਚੁਨੀ ਲਾਲ ਭਗਤ ਨੇ ਦੱਸਿਆ ਕਿ ਮਾਡਲ ਵੈਲਫੇਅਰ ਸੈਂਟਰ ਦੀ ਇਮਾਰਤ ਨੂੰ ਦੋ ਸਾਲ ਵਿੱਚ ਤਿਆਰ ਕੀਤਾ ਗਿਆ ਹੈ ਜੋ ਕਿ ਅਧੁਨਿਕ ਕਿਸਮ ਦੀ ਹੈ। ਜਿਸ ਵਿੱਚ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਾਡਲ ਵੈਲਫੇਅਰ ਸੈਂਟਰ ਬਣਨ ਨਾਲ ਕਿਰਤ ਵਿਭਾਗ ਦੇ ਚੰਡੀਗੜ੍ਹ ਸਮੇਤ ਵੱਖ-ਵੱਖ ਥਾਵਾਂ ਤੇ ਕੰਮ ਕਰਦੇ ਸਾਰੇ ਦਫ਼ਤਰ ਹੁਣ ਇਸ ਸੈਂਟਰ ਵਿੱਚ ਤਬਦੀਲ ਹੋ ਜਾਣਗੇ ਅਤੇ ਕਿਰਤੀਆਂ ਦੇ ਸਾਰੇ ਕੰਮ ਕਾਜ ਇਕੋ ਛੱਤ ਹੇਠ ਨਿਪਟਾਏ ਜਾਣਗੇ। ਜਿਸ ਨਾਲ ਕਿਰਤੀਆਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਕਿਰਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਆਪੋਂ ਆਪਣੇ ਕੰਮ-ਕਾਜ ਨਿਪਟਾਉਣ ਵਿੱਚ ਅਸਾਨੀ ਹੋਵੇਗੀ ਅਤੇ ਉਨ੍ਹਾਂ ਨੂੰ ਕੰਮ ਕਰਨ ਦਾ ਵਧਿਆ ਮਹੌਲ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਰਤੀਆਂ ਲਈ ਭਲਾਈ ਸਕੀਮਾਂ ਚਲਾ ਕੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਣਾਇਆ ਹੈ। ਉਨ੍ਹਾਂ ਕਿਹਾ ਕਿ ਕਿਰਤੀਆਂ ਦੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਸਕਿੱਲ ਸੈਂਟਰ ਖੋਲ੍ਹੇ ਜਾ ਰਹੇ ਹਨ ਤਾਂ ਜੋ ਕਿਰਤੀਆਂ ਦੇ ਬੱਚਿਆਂ ਨੂੰ ਰੁਜ਼ਗਾਰ ਦੇ ਮੌਕੇ ਹਾਸਲ ਹੋ ਸਕਣ।
ਇਸ ਮੌਕੇ ਕਿਰਤ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਸਵਜੀਤ ਸਿੰਘ ਖੰਨਾ ਨੇ ਦੱਸਿਆ ਕਿ ਮੋਹਾਲੀ ਵਿਖੇ ਬਣੇ ਮਾਡਲ ਵੈਲਫੇਅਰ ਸੈਂਟਰ ਵਿੱਚ ਕਿਰਤ ਵਿਭਾਗ ਦੇ ਸਾਰੇ ਵਿੰਗ ਜਿਸ ਵਿੱਚ ਕਿਰਤ ਵਿੰਗ, ਫੈਕਟਰੀ ਵਿੰਗ, ਪੰਜਾਬ ਲੇਬਰ ਵੈਲਫੇਅਰ ਬੋਰਡ ਅਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਜ਼ ਵੈਲਫੇਅਰ ਬੋਰਡ ਦੇ ਦਫ਼ਤਰ ਤਬਦੀਲ ਹੋਣਗੇ ਅਤੇ ਕਿਰਤੀਆਂ ਨੂੰ ਵੱਖ-ਵੱਖ ਦਫ਼ਤਰਾਂ ਵਿੱਚ ਜਾਣ ਦੀ ਬਜਾਏ ਇਥੋ ਹੀ ਸਾਰੀਆਂ ਸੁਵਿਧਾਵਾਂ ਮਿਲਣਗੀਆਂ। ਇਸ ਇਮਾਰਤ ਵਿੱਚ ਕਿਰਤੀ ਵਰਗ ਲਈ ਟਰੇਨਿੰਗ ਸੈਂਟਰ ਵੀ ਬਣਾਇਆ ਗਿਆ ਹੈ ਅਤੇ ਕਿਰਤੀਆਂ ਲਈ ਸਿਖਲਾਈ ਲੈਣ ਦੌਰਾਨ ਰਾਤ ਠਹਿਰਣ ਲਈ ਕਮਰਿਆਂ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਹੋਰ ਕਿਹਾ ਕਿ ਉਸਾਰੀ ਕਿਰਤੀਆਂ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਕੀਮ ਅਧੀਨ ਲਿਆਂਦਾ ਗਿਆ ਹੈ ਜਿਸ ਤਹਿਤ ਉਹ 50 ਹਜਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ ਅਤੇ ਹੁਣ ਤੱਕ 72183 ਉਸਾਰੀ ਕਿਰਤੀਆਂ ਨੂੰ ਹੈਲਥ ਕਾਰਡ ਵੰਡੇ ਜਾ ਚੁੱਕੇ ਹਨ। ਇਸ ਮੌਕੇ ਕਿਰਤ ਕਮਿਸ਼ਨਰ ਪੰਜਾਬ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਡਲ ਵੈਲਫੇਅਰ ਸੈਂਟਰ ਦੀ ਇਮਾਰਤ ’ਚ ਸੈਂਟਰ ਵੇਸਮੈਂਟ ਤੋਂ ਇਲਾਵਾ ਚਾਰ ਮੰਜਿਲਾਂ ਹਨ ਅਤੇ ਇਸ ਅਤਿ ਆਧੁਨਿਕ ਇਮਾਰਤ ਵਿੱਚ ਲੇਬਰ ਵੈਲਫੇਅਰ ਸੈਂਟਰ, ਮੀਟਿੰਗ ਹਾਲ, ਕਾਨਫਰੰਸ ਰੂਮ, ਕੰਟੀਨ, ਕੋਰਟ ਰੂਮ, 9 ਕਮਰੇ ਰਿਹਾਇਸ਼ ਲਈ ਅਤੇ ਬੈਂਕ ਦੀ ਵੀ ਸੁਵਿਧਾ ਹੈ। ਉਨ੍ਹਾਂ ਇਸ ਮੌਕੇ ਪੰਜਾਬ ਲੇਬਰ ਵੈਲਫੇਅਰ ਬੋਰਡ ਅਤੇ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵੈਲਫੇਅਰ ਬੋਰਡ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਨੂੰ ਇਨਫੋਟੈਕ ਦੇ ਵਾਇਸ ਚੇਅਰਮੈਨ ਖੁਸ਼ਵੰਤ ਰਾਏ ਗੀਗਾ, ਸਲਾਹਕਾਰ ਬੋਰਡ ਇੰਜੀ: ਸੋਢੀ ਮੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਸੁਸ਼ੀਲ ਰਾਣਾ, ਭਾਜਪਾ ਆਗੂ ਜਸਵੀਰ ਸਿੰਘ ਮਹਿਤਾ, ਕੌਂਸਲਰ ਅਰੁਣ ਸ਼ਰਮਾ, ਮਹਿੰਦਰ ਭਗਤ ਸਮੇਤ ਕਿਰਤ ਵਿਭਾਗ ਦੇ ਅਧਿਕਾਰੀ , ਕਰਮਚਾਰੀ ਅਤੇ ਭਾਜਪਾ ਦੇ ਹੋਰ ਆਗੂ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਭਗਤ ਨੇ ਕਿਰਤੀਆਂ ਨੂੰ ਮੁਫ਼ਤ ਸਾਈਕਲ ਵੀ ਵੰਡੇ।