ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸਰਕਾਰੀ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਸਰਕਾਰੀ ਕਾਲਜ ਨੇੜੇ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਧੀਨ ਬਣਨ ਵਾਲੇ ਸਰਕਾਰੀ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਤੋਂ ਇਲਾਵਾ ਇਸ ਇਲਾਕੇ ਦੀ ਬਿਹਤਰੀ ਲਈ ਪੰਜਾਬ ਸਰਕਾਰ ਵੱਲੋਂ ਕਰੀਬ 600 ਕਰੋੜ ਰੁਪਏ ਖਰਚੇ ਜਾ ਰਹੇ ਹਨ।
ਸ੍ਰੀ ਵੇਰਕਾ ਨੇ ਕਿਹਾ ਕਿ ਇਸ ਕਾਲਜ ਸਦਕਾ ਜਿੱਥੇ ਲੋਕਾਂ ਨੂੰ ਸਸਤਾ ਇਲਾਜ ਮਿਲੇਗਾ, ਉੱਥੇ ਸੂਬੇ ਦੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਵੀ ਵੱਡਾ ਲਾਭ ਹੋਵੇਗਾ। ਉਨ੍ਹਾਂ ਨੇ ਇਸ ਪ੍ਰਾਜੈਕਟ ਲਈ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਲਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁਹਾਲੀ ਨੂੰ ਨਵੇਂ ਸਾਲ ਦੇ ਤੋਹਫ਼ੇ ਵਜੋਂ ਦਿੱਤਾ ਗਿਆ ਹੈ। ਉਨ੍ਹਾਂ ਸਿਹਤ ਖੇਤਰ ਵਿੱਚ ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਦਾ ਐਲਾਨ ਵੀ ਕੀਤਾ। ਕਿਸੇ ਵੀ ਸਮਾਜ ਲਈ ਸਿਹਤ ਤੇ ਸਿੱਖਿਆ ਨੂੰ ਮਹੱਤਵਪੂਰਨ ਦੱਸਦਿਆਂ ਡਾ. ਵੇਰਕਾ ਨੇ ਕਿਹਾ ਕਿ ਸੂਬੇ ਵਿੱਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਕੰਮ ਨੂੰ ਅੱਗੇ ਵਧਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੀਆਂ ਵਧੀਆ ਸਹੂਲਤਾਂ ਮਿਲ ਸਕਣ।
ਇਸ ਤੋਂ ਪਹਿਲਾਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਲੰਮੇ ਅਰਸੇ ਬਾਅਦ ਸੂਬੇ ਵਿੱਚ ਮੈਡੀਕਲ ਕਾਲਜ ਹੋਂਦ ਵਿੱਚ ਆਇਆ ਹੈ ਅਤੇ ਇਹ ਪ੍ਰਾਜੈਕਟ ਮੁਹਾਲੀ ਨੂੰ ਦੇਣ ਲਈ ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਦਾ ਸੁਫ਼ਨਾ ਹੈ ਕਿ ਇਨ੍ਹਾਂ ਕਾਲਜਾਂ ਦੇ ਨਾਲ-ਨਾਲ ਇੱਥੇ ਸਰਕਾਰੀ ਡੈਂਟਲ ਕਾਲਜ ਅਤੇ ਹੋਮੀਓਪੈਥੀ ਕਾਲਜ ਵੀ ਬਣਨ, ਇਸ ਨਾਲ ਮੁਹਾਲੀ ਮੈਡੀਕਲ ਹੱਬ ਵਜੋਂ ਉੱਭਰੇਗਾ।
ਇਸ ਮੌਕੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਲੋਕ ਸ਼ੇਖਰ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਕੌਰ, ਮੇਅਰ ਅਮਰਜੀਤ ਸਿੰਘ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਿਸ਼ਵ ਜੈਨ, ਦਵਿੰਦਰ ਵਾਲੀਆ, ਰੁਪਿੰਦਰ ਕੌਰ ਰੀਨਾ, ਬਲਜੀਤ ਕੌਰ, ਰਵਿੰਦਰ ਸਿੰਘ (ਸਾਰੇ ਕੌਂਸਲਰ) ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …